12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਕੀ-ਕੀ ਫ਼ਾਇਦਾ ਹੁੰਦਾ ਹੈ ਪਾਣੀ ਪੀਣ ਨਾਲ

ਅਜੀਤ ਡੈਸਕ 21-11-2025

ਸਵੇਰੇ ਮੰਜੇ ਤੋਂ ਉੱਠੋ, ਤੁਰੰਤ ਪੀਓ ਪਾਣੀ,
ਕਦੇ ਘਰ 'ਚ ਵੈਦ ਨਾ ਆਵੇ
ਗੱਲ ਘੋਖ ਕੇ ਜਾਣੀ।
ਪਾਣੀ ਦੇ ਸੰਬੰਧ ਵਿਚ ਇਹ ਬਿਲਕੁਲ ਸੱਚ ਹੈ। ਆਯੁਰਵੈਦ ਵਿਚ ਇਸ ਨੂੰ ਜੀਵਨ ਅਤੇ ਅੰਮ੍ਰਿਤ ਕਿਹਾ ਗਿਆ ਹੈ। ਇਸ ਤੋਂ ਇਲਾਵਾ ਇਹ ਤੰਨੀ, ਨੀਰ, ਜਲ ਤੇ ਪਾਣੀ ਵਰਗੇ ਨਾਵਾਂ ਨਾਲ ਵੀ ਚਰਚਿਤ ਹੈ। ਜੀਵਨ ਜਿਊਣ ਲਈ ਭੋਜਨ ਤੋਂ ਜ਼ਿਆਦਾ ਜ਼ਰੂਰੀ ਹੈ ਪਾਣੀ। ਪਾਣੀ ਦੇ ਸੰਬੰਧ ਵਿਚ ਵੱਖ-ਵੱਖ ਸਰੋਤਾਂ ਨੂੰ ਲੈ ਕੇ ਇਕ ਕੁਦਰਤੀ ਇਲਾਜ ਮਾਹਿਰ ਕਹਿੰਦੇ ਹਨ ਚਾਰ ਮਹੀਨੇ ਖੂਹ ਦਾ ਪਾਣੀ, ਚਾਰ ਮਹੀਨੇ ਨਦੀ ਦਾ ਪਾਣੀ, ਚਾਰ ਮਹੀਨੇ ਘੜੇ ਦਾ ਪਾਣੀ ਪੀਣਾ ਸਿਹਤ ਲਈ ਬੜਾ ਲਾਭਕਾਰੀ ਹੈ। ਪਾਣੀ ਨਾਲ ਕਈ ਰੋਗਾਂ ਦਾ ਇਲਾਜ ਸੰਭਵ ਹੈ। ਉੱਬਲਿਆ ਪਾਣੀ ਪਿੱਤ ਵਾਲੇ ਰੋਗੀ ਲਈ ਲਾਭਕਾਰੀ ਹੈ। ਇਹ ਦਵਾਈ ਦਾ ਕੰਮ ਕਰੇਗਾ। ਪਾਣੀ ਨਾਪ ਭਾਵ ਮਿਣ ਕੇ ਉਬਾਲੋ ਅਤੇ ਇਸ ਦਾ ਚੌਥਾਈ ਹਿੱਸਾ ਰਹਿ ਜਾਣ 'ਤੇ ਰੋਗੀ ਨੂੰ ਪਿਲਾਓ। ਇਹ ਪਾਣੀ ਮਿਆਦੀ ਬੁਖਾਰ ਵਾਲੇ ਰੋਗੀ ਲਈ ਵੀ ਲਾਭਕਾਰੀ ਹੁੰਦਾ ਹੈ। ਹਲਕਾ ਜ਼ੁਕਾਮ ਹੋਣ 'ਤੇ ਗਰਮ ਪਾਣੀ ਵਿਚ ਕਾਗਜ਼ੀ ਨਿੰਬੂ ਨਿਚੋੜ ਕੇ ਗਰਮ-ਗਰਮ ਚਾਹ ਵਾਂਗ ਪੀਓ। ਪਾਣੀ ਪੀਣ ਲਈ ਜੇਕਰ ਕੱਪ ਦੀ ਵਰਤੋਂ ਕੀਤੀ ਜਾਵੇ ਅਤੇ ਨਾਲ ਹੀ ਨਮਕ ਮਿਲਾਓ ਤਾਂ ਜ਼ਿਆਦਾ ਸਹੀ ਨਤੀਜੇ ਮਿਲਣਗੇ। ਸਰੀਰ ਦੇ ਕਿਸੇ ਅੰਗ ਦੇ ਸੜ ਜਾਣ 'ਤੇ ਉਸ ਅੰਗ ਨੂੰ ਤੁਰੰਤ ਠੰਢੇ ਪਾਣੀ ਵਿਚ ਡੁਬਾਉਣ ਨਾਲ ਛਾਲੇ ਨਹੀਂ ਪੈਂਦੇ। ਸਾੜ ਵੀ ਘੱਟ ਹੁੰਦਾ ਹੈ। ਜਿਨ੍ਹਾਂ ਵਿਅਕਤੀਆਂ ਨੂੰ ਸਖ਼ਤ ਦਸਤ ਆਉਂਦੇ ਹੋਣ, ਉਨ੍ਹਾਂ ਨੂੰ ਖਾਣਾ ਖਾਂਦੇ ਸਮੇਂ ਵਿਚਾਲੇ-ਵਿਚਾਲੇ ਪਾਣੀ ਪੀਣਾ ਲਾਭਕਾਰੀ ਹੁੰਦਾ ਹੈ। ਇਸ ਨਾਲ ਕਬਜ਼ ਦੀ ਸ਼ਿਕਾਇਤ ਵੀ ਦੂਰ ਹੁੰਦੀ ਹੈ।
ਜ਼ਿਆਦਾ ਸ਼ਰਾਬ, ਭੰਗ ਜਾਂ ਜ਼ਹਿਰ ਖਾ ਲੈਣ ਦੀ ਸਥਿਤੀ ਵਿਚ ਜ਼ਿਆਦਾ ਪਾਣੀ ਪਿਲਾ ਕੇ ਉਲਟੀ ਕਰਾਉਣ ਨਾਲ ਜਾਨ ਦਾ ਖ਼ਤਰਾ ਟਲ ਜਾਂਦਾ ਹੈ। ਹੱਥਾਂ-ਪੈਰਾਂ ਵਿਚ ਮੋਚ ਆਉਣ ਦੀ ਸਥਿਤੀ ਵਿਚ ਮੋਚ ਵਾਲੀ ਥਾਂ ਨੂੰ ਗਰਮ ਪਾਣੀ ਨਾਲ ਸੇਕਣ ਨਾਲ ਲਾਭ ਹੁੰਦਾ ਹੈ।
ਗਰਮੀ ਦੇ ਦਿਨਾਂ ਵਿਚ ਸਿਰ ਦਰਦ ਹੋਣ 'ਤੇ ਠੰਢੇ ਪਾਣੀ 'ਚ ਪੱਟੀ ਭਿਉਂ ਕੇ ਮੱਥੇ 'ਤੇ ਰੱਖਣ ਨਾਲ ਦਰਦ ਠੀਕ ਹੋ ਜਾਂਦਾ ਹੈ। ਜਰਮਨੀ ਦੇ ਮਾਹਿਰਾਂ ਨੇ ਅਨੇਕ ਰੋਗੀਆਂ ਨੂੰ ਪਾਣੀ ਨਾਲ ਠੀਕ ਕੀਤਾ ਹੈ। ਉਨ੍ਹਾਂ ਨੇ ਇਸ ਦੇ ਲਈ 'ਹੀਟ ਬਾਥ' ਵਿਧੀ ਨੂੰ ਅਪਣਾਇਆ। ਪਾਣੀ ਨਾਲ ਇਲਾਜ ਤੋਂ ਇਲਾਵਾ ਇਸ ਦੇ ਨੁਕਸਾਨਦਾਇਕ ਨਤੀਜੇ ਵੀ ਭੁਗਤਣੇ ਪੈ ਸਕਦੇ ਹਨ। ਸੋ ਹੇਠ ਲਿਖੇ ਅਨੁਸਾਰ ਬਿਲਕੁਲ ਵੀ ਨਾ ਕਰੋ।
* ਗਰਮ ਖਾਣਾ ਖਾਣ ਤੋਂ ਬਾਅਦ ਠੰਢਾ ਪਾਣੀ ਪੀਣਾ।
* ਜੁਲਾਬ ਜਾਂ ਚਾਹ ਤੋਂ ਬਾਅਦ ਝੱਟ ਪਾਣੀ ਪੀਣਾ।
* ਕਸਰਤ ਤੋਂ ਬਾਅਦ ਪਾਣੀ ਪੀਣਾ।
* ਦੌੜਨ ਦੇ ਤੁਰੰਤ ਬਾਅਦ ਪਾਣੀ ਪੀਣਾ।
* ਦਹੀਂ ਖਾਣ ਦੇ ਤੁਰੰਤ ਬਾਅਦ ਪਾਣੀ ਪੀਣਾ।
* ਹਦਵਾਣਾ, ਖਰਬੂਜ਼ਾ, ਤਰ ਖਾਣ ਤੋਂ ਬਾਅਦ ਤੁਰੰਤ ਪਾਣੀ ਪੀਣਾ।
* ਗਰਮੀ ਤੋਂ ਆ ਕੇ ਠੰਢਾ ਪਾਣੀ ਪੀਣਾ।

ਪਿਛਲੀ ਖ਼ਬਰ ਬੁਰਾ ਕੋਲੈਸਟ੍ਰੋਲ : ਕੀ ਖਾਈਏ, ਕੀ ਨਾ ਖਾਈਏ ਅਗਲੀ ਖ਼ਬਰ ਮਾਲਿਸ਼ ਸਿਹਤ ਲਈ ਉੱਤਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।