ਮੌਨਸੂਨ ਦਾ ਸੀਜ਼ਨ ਜਿੱਥੇ ਇਕ ਪਾਸੇ ਝੁਲਸਦੀ ਗਰਮੀ ਤੋਂ ਰਾਹਤ ਲੈ ਕੇ ਆਉਂਦਾ ਹੈ, ਉੱਥੇ ਹੀ ਇਸ ਸੀਜ਼ਨ ਵਿਚ ਤਾਪਮਾਨ ਦੀ ਤਬਦੀਲੀ ਅਤੇ ਵਾਤਾਵਰਨ ਵਿਚਲੀ ਨਮੀ ਕਾਰਨ ਕਈ ਤਰ੍ਹਾਂ ਦੀਆਂ ਲਾਗਾਂ, ਪੇਟ ਦੀਆਂ ਸਮੱਸਿਆਵਾਂ ਅਤੇ ਕਈ ਹੋਰ ਤਰ੍ਹਾਂ ਦੀਆਂ ਐਲਰਜੀਆਂ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਅਜਿਹੇ ਵਿਚ ਕੁਝ ਸਾਵਧਾਨੀਆਂ ਅਪਣਾ ਕੇ ਅਤੇ ਸੰਤੁਲਿਤ ਅਤੇ ਸਾਫ਼-ਸੁਥਰੇ ਭੋਜਨ ਦੀ ਵਰਤੋਂ ਕਰਕੇ ਇਸ ਮੌਸਮ ਵਿਚ ਵੀ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਪ੍ਰੋਬਾਇਟਿਕ (Prob}ot}c) ਇਕ ਤਰ੍ਹਾਂ ਦੇ ਅਜਿਹੇ ਸੂਖਮ ਜੀਵ ਹੁੰਦੇ ਹਨ ਜੋ ਸਾਡੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾ ਕੇ ਆਦਮੀ ਨੂੰ ਤੰਦਰੁਸਤ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਦਹੀਂ, ਯੋਗਰਟ, ਪਨੀਰ, ਲੱਸੀ, ਗਾੜ੍ਹਾ ਚਾਕਲੇਟ, ਅਚਾਰ ਅਤੇ ਕੇਲਾ ਆਦਿ ਪ੍ਰੋਬਾਇਟਿਕ ਦੇ ਭਰਪੂਰ ਸ੍ਰੋਤ ਹਨ। ਇਨ੍ਹਾਂ ਦੀ ਉਚਿਤ ਮਾਤਰਾ ਵਿਚ ਵਰਤੋਂ ਕਰਕੇ ਆਂਤੜੀਆਂ ਨੂੰ ਅਤੇ ਸਰੀਰ ਦੀ ਰੋਗ ਰੋਕੂ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਵਰਖਾ ਰੁੱਤ ਵਿਚ ਅਕਸਰ ਅਸੀਂ ਘੱਟ ਪਾਣੀ ਪੀਣ ਦੀ ਗ਼ਲਤੀ ਕਰਦੇ ਹਾਂ। ਪਾਣੀ ਸਾਡੇ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਸਰੀਰ ਨੂੰ 'ਡੀਟਾਕਸ' ਭਾਵ ਗੰਦਗੀ-ਮੁਕਤ ਕਰਕੇ ਤਰੋਤਾਜ਼ਾ ਰੱਖਦਾ ਹੈ। ਇਸ ਲਈ ਬਰਸਾਤ ਦੇ ਦਿਨਾਂ ਵਿਚ ਵੀ ਭਰਪੂਰ ਮਾਤਰਾ ਵਿਚ ਸਾਫ਼ ਸੁਥਰਾ ਪਾਣੀ ਪੀਣਾ ਚਾਹੀਦਾ ਹੈ। ਹੋ ਸਕੇ ਤਾਂ ਪਾਣੀ ਨੂੰ ਉਬਾਲ ਕੇ ਪੀਤਾ ਜਾਵੇ। ਰੋਜ਼ਾਨਾ ਦੇ ਭੋਜਨ ਵਿਚ ਜਾਮੁਨ, ਸੇਬ, ਅਨਾਰ, ਪਪੀਤਾ, ਨਾਸ਼ਪਤੀ ਅਤੇ ਆੜੂ ਆਦਿ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚ 'ਵਿਟਾਮਿਨ ਏ' ਅਤੇ 'ਵਿਟਾਮਿਨ ਸੀ', ਰੇਸ਼ੇ ਅਤੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ ਜਿਨ੍ਹਾਂ ਨਾਲ ਸਾਡੀ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਰੋਗ ਰੋਕੂ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਹਲਦੀ, ਲਸਣ, ਅਦਰਕ, ਕਾਲੀ ਮਿਰਚ ਅਤੇ ਇਲਾਇਚੀਆਂ ਵਿਚ ਹਾਨੀਕਾਰਕ ਜੀਵਾਣੂਆਂ, ਵਿਸ਼ਾਨੂੰਆਂ ਅਤੇ ਉੱਲੀ ਨੂੰ ਨਸ਼ਟ ਕਰਨ ਦੇ ਗੁਣ ਹੁੰਦੇ ਹਨ। ਰੋਜ਼ਾਨਾ ਦੀ ਖ਼ੁਰਾਕ ਵਿਚ ਇਨ੍ਹਾਂ ਦੀ ਵਰਤੋਂ ਕਰਨ ਨਾਲ ਸਾਡੀ ਤੰਦਰੁਸਤ ਸਿਹਤ ਬਰਕਰਾਰ ਰਹਿੰਦੀ ਹੈ।
'ਵਿਟਾਮਿਨ ਸੀ' ਨਾਲ ਭਰਪੂਰ ਨਿੰਬੂ ਸਰੀਰ ਦੀ ਇਮਿਊਨ ਪ੍ਰਣਾਲੀ ਭਾਵ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾ ਕੇ ਜੀਵਾਂ ਨੂੰ ਕਈ ਤਰ੍ਹਾਂ ਦੀਆਂ ਲਾਗਾਂ ਤੋਂ ਬਚਾਉਂਦਾ ਹੈ। ਬਰਸਾਤੀ ਮੌਸਮ ਵਿਚ ਸਾਡੀ ਪਾਚਨ ਪ੍ਰਣਾਲੀ ਕਮਜ਼ੋਰ ਹੋ ਗਈ ਹੁੰਦੀ ਹੈ, ਇਸ ਲਈ ਇਸ ਸੀਜ਼ਨ ਵਿਚ ਕੱਚੀਆਂ ਸਬਜ਼ੀਆਂ ਅਤੇ ਸਲਾਦ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਪੱਕਿਆ ਹੋਇਆ ਭੋਜਨ ਹੀ ਖਾਣਾ ਚਾਹੀਦਾ ਹੈ। ਇਸ ਮੌਸਮ ਵਿਚ ਕਿਉਂਕਿ ਪਾਣੀ ਤੋਂ ਲੱਗਣ ਵਾਲੇ ਰੋਗਾਂ ਦੀ ਸੰਭਾਵਨਾ ਵਧੇਰੇ ਹੁੰਦੀ ਹੈ, ਇਸ ਲਈ ਇਨ੍ਹਾਂ ਦਿਨਾਂ ਵਿਚ ਮੱਛੀ ਅਤੇ ਦੂਸਰੇ ਸਮੁੰਦਰੀ ਭੋਜਨਾਂ ਤੋਂ ਪਰਹੇਜ਼ ਵੀ ਕੀਤਾ ਜਾਵੇ। ਇਸ ਤੋਂ ਇਲਾਵਾ ਬਾਜ਼ਾਰ ਦਾ ਅਜਿਹਾ ਭੋਜਨ ਜਿਸ ਉੱਪਰ ਧੂੜ ਮਿੱਟੀ ਪੈਂਦੀ ਹੋਵੇ ਅਤੇ ਮੱਖੀਆਂ ਬੈਠਦੀਆਂ ਹੋਣ, ਤੋਂ ਵੀ ਬਚਿਆ ਜਾਵੇ। ਹਰੀ ਮਿਰਚ 'ਵਿਟਾਮਿਨ ਸੀ' ਅਤੇ 'ਵਿਟਾਮਿਨ ਕੇ' ਦਾ ਚੰਗਾ ਸੋਮਾ ਹੈ। ਦੁੱਧ, ਦਾਲਾਂ, ਰਾਜਮਾਂਹ ਅਤੇ ਅੰਡੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਚਮੜੀ ਦੀ ਐਲਰਜੀ ਤੋਂ ਪੀੜਤ ਲੋਕਾਂ ਨੂੰ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਐਲਰਜੀ ਪੈਦਾ ਕਰਨ ਵਾਲੇ ਕਾਰਕਾਂ ਜਿਵੇਂ ਸਾਬਣ, ਸਰਫ ਅਤੇ ਹੈਂਡ ਵਾਸ਼ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਜੇਕਰ ਭਾਂਡਿਆਂ ਦੇ ਸਾਬਣ ਅਤੇ ਕੱਪੜਿਆਂ ਦੇ ਸਾਬਣ ਤੋਂ ਕੋਈ ਐਲਰਜੀ ਹੁੰਦੀ ਹੋਵੇ ਤਾਂ ਅਜਿਹੇ ਕੰਮ ਕਰਨ ਲੱਗਿਆਂ ਦਸਤਾਨਿਆਂ ਦੀ ਵਰਤੋਂ ਕੀਤੀ ਜਾਵੇ। ਸਬਜ਼ੀਆਂ ਅਤੇ ਫਲ ਧੋ ਕੇ ਹੀ ਵਰਤੇ ਜਾਣ।
ਬਰਸਾਤੀ ਮੌਸਮ ਦੀਆਂ ਵਿਸ਼ੇਸ਼ ਭੋਜਨ ਲੋੜਾਂ
ਅਜੀਤ ਡੈਸਕ
18-07-2025