ਕੁਦਰਤ ਨੇ ਸਾਨੂੰ ਅਨੇਕਾਂ ਹੀ ਅਮੁੱਲ ਜੜ੍ਹੀਆਂ-ਬੂਟੀਆਂ ਅਤੇ ਮਸਾਲੇ ਸਹੀ ਸਿਹਤ ਬਣਾਈ ਰੱਖਣ ਲਈ ਵਰਦਾਨ ਵਜੋਂ ਦਿੱਤੇ ਹਨ, ਜਿਨ੍ਹਾਂ ਦੀ ਵਰਤੋਂ ਅਸੀਂ ਅਕਸਰ ਭੋਜਨ ਬਣਾਉਣ ਲਈ ਕਰਦੇ ਹਾਂ। ਜੇਕਰ ਇਨ੍ਹਾਂ ਮਸਾਲਿਆਂ ਦੇ ਦਵਾਈ ਵਾਲੇ ਗੁਣਾਂ ਵੱਲ ਧਿਆਨ ਕੇਂਦਰਿਤ ਕਰੀਏ ਤਾਂ ਦੇਖੋਗੇ ਕਿ ਇਹ ਸਭ ਵਿਅਕਤੀਆਂ ਦੀਆਂ ਘਾਤਕ ਬਿਮਾਰੀਆਂ ਨੂੰ ਖ਼ਤਮ ਕਰਨ ਵਿਚ ਇਕ ਮੁਢਲੇ ਸਹਾਇਤਾ ਬਾਕਸ ਦੀ ਭੂਮਿਕਾ ਨਿਭਾਉਂਦੇ ਹਨ। ਆਓ, ਹੁਣ ਦੇਖਦੇ ਹਾਂ ਕਿ ਆਪਣੇ ਘਰਾਂ ਵਿਚ ਸਵਾਦ ਦਾ ਤੜਕਾ ਲਗਾਉਣ ਵਾਲੇ ਇਨ੍ਹਾਂ ਸਭ ਮਸਾਲਿਆਂ ਵਿਚ ਮੌਜੂਦ ਦਵਾਈ ਗੁਣ ਕਿਸ ਤਰ੍ਹਾਂ ਨਾਲ ਸਾਡੇ ਬਹੁਕੀਮਤੀ ਸਰੀਰ ਵਿਚ ਪੈਦਾ ਰੋਗਾਂ ਦਾ ਨਾਸ਼ ਕਰ ਕੇ ਸਿਹਤ ਬਣਾਉਂਦੇ ਹਨ।
ਹਲਦੀ : ਸਭ ਤੋਂ ਪਹਿਲਾਂ ਗੱਲ ਹਲਦੀ ਦੀ ਕਰਦੇ ਹਾਂ। ਆਯੁਰਵੇਦ ਅਨੁਸਾਰ ਹਲਦੀ ਐਂਟੀਬਾਇਓਟਿਕ ਦਾ ਕੰਮ ਬਾਖ਼ੂਬੀ ਕਰਦੀ ਹੈ। ਜੇਕਰ ਸੱਟ ਲੱਗਣ ਦੀ ਸਥਿਤੀ ਦਾ ਸਾਹਮਣਾ ਕਰਨਾ ਪਵੇ ਤਾਂ ਇਸ ਦੀ ਵਰਤੋਂ ਕਰਨਾ ਬਿਲਕੁਲ ਨਾ ਭੁੱਲੋ। ਇਸ ਦੀ ਫੇਸ ਪੈਕ ਦੇ ਰੂਪ ਵਿਚ ਵਰਤੋਂ ਕਰਦੇ ਸਮੇਂ ਵੇਸਣ ਦੇ ਨਾਲ ਚਮੜੀ 'ਤੇ ਲਗਾਉਣ ਨਾਲ ਨਿਖਾਰ ਆਉਂਦਾ ਹੈ। ਸਰਦੀ-ਖੰਘ ਵਿਚ ਗਰਮ ਪਾਣੀ ਨਾਲ ਹਲਦੀ ਨੂੰ ਨਿਗਲਣ ਨਾਲ ਆਰਾਮ ਮਿਲਦਾ ਹੈ। ਹਲਦੀ ਊਰਜਾ, ਸੁੰਦਰਤਾ ਵਧਾਉਣ ਵਾਲੀ, ਖੂਨ ਸਾਫ਼ ਕਰਨ ਵਾਲੀ, ਕਫ਼ ਤੇ ਵਾਤ ਨਾਸ਼ਕ ਹੁੰਦੀ ਹੈ।
ਪੁਦੀਨਾ : ਮਸਾਲਿਆਂ ਵਿਚ ਇਸ ਦਾ ਗੁਣ ਅਤਿ ਠੰਢਾ ਹੁੰਦਾ ਹੈ। 'ਮਿੰਟ' ਦੇ ਨਾਂਅ ਨਾਲ ਪ੍ਰਸਿੱਧ ਇਸ ਬੂਟੇ ਦੇ ਪੱਤਿਆਂ ਦੀ ਵਰਤੋਂ ਸਲਾਦ, ਰਾਇਤਾ, ਚਟਨੀ, ਸੂਪ ਆਦਿ ਚੀਜ਼ਾਂ ਬਣਾਉਣ ਵਿਚ ਜ਼ਾਇਕਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਨੂੰ ਲੂ ਲੱਗਣ 'ਤੇ, ਸਿਰ ਦਰਦ ਹੋਣ 'ਤੇ ਪੀਹ ਕੇ ਠੰਢਾਈ ਵਾਂਗ ਪੀਤਾ ਜਾਂਦਾ ਹੈ। ਨਤੀਜੇ ਵਜੋਂ ਉਪਰੋਕਤ ਸਭ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਹ ਮੂੰਹ ਦੀ ਦੁਰਗੰਧ ਨੂੰ ਵੀ ਦੂਰ ਕਰਨ ਵਿਚ ਸਹਾਇਕ ਹੁੰਦਾ ਹੈ।
ਧਨੀਆ : ਸਬਜ਼ੀਆਂ ਵਿਚ ਧਨੀਆ ਪੱਤੇ ਜਿਥੇ ਖਾਣੇ ਨੂੰ ਲਜ਼ੀਜ਼ ਬਣਾਉਂਦੇ ਹਨ, ਉਥੇ ਦੂਜੇ ਪਾਸੇ ਇਸ ਦਾ ਇਕ ਗੁਣ ਠੰਢਕ ਪਹੁੰਚਾਉਣ ਵਾਲਾ ਹੈ। ਅੰਗਰੇਜ਼ੀ ਵਿਚ ਇਸ ਨੂੰ 'ਕੋਰੀਐਂਡਰ' ਕਿਹਾ ਜਾਂਦਾ ਹੈ। ਇਹ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਬਹੁਤ ਚੰਗਾ ਪਾਇਆ ਗਿਆ ਹੈ। ਇਸ ਲਈ ਇਸ ਦੀ ਚਟਨੀ ਬਣਾ ਕੇ ਗਰਮੀ ਵਿਚ ਰੋਜ਼ਾਨਾ ਖਾਧੀ ਜਾਵੇ ਤਾਂ ਫ਼ਾਇਦੇਮੰਦ ਸਾਬਿਤ ਹੁੰਦੀ ਹੈ।
ਮੇਥੀ : ਹੋਰ ਸਭ ਮਸਾਲਿਆਂ ਵਿਚ ਮੇਥੀ ਦੀ ਥਾਂ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਮਲ ਨੂੰ ਬੰਨ੍ਹਣ ਵਿਚ ਇਹ ਆਪਣੀ ਅਹਿਮ ਭੂਮਿਕਾ ਦਰਜ ਕਰਾਉਂਦੀ ਹੈ ਜਦ ਕਿ ਸ਼ੂਗਰ ਰੋਗੀਆਂ ਲਈ ਮੇਥੀ ਦਾਣਾ ਰਾਮਬਾਣ ਦਵਾਈ ਹੈ। ਭਾਰਤੀ ਭੋਜਨ ਵਿਚ ਇਹ ਸਬਜ਼ੀ, ਪਰੌਂਠੇ ਅਤੇ ਪਕੌੜੇ ਵਰਗੇ ਲਜ਼ੀਜ਼ ਪਕਵਾਨਾਂ ਨੂੰ ਬਣਾਉਣ ਵਿਚ ਬਹੁਤ ਵਰਤਿਆ ਜਾਂਦਾ ਹੈ।
ਰੋਜ਼ਾਨਾ ਖਾਲੀ ਪੇਟ ਇਕ ਚਮਚ ਛੋਟਾ ਮੇਥੀ ਦਾਣੇ ਦਾ ਚੂਰਨ ਪਾਣੀ ਨਾਲ ਲੈਣ ਨਾਲ ਕਬਜ਼ ਦੀ ਸ਼ਿਕਾਇਤ ਅਤੇ ਗੋਡਿਆਂ ਦਾ ਦਰਦ ਛੇਤੀ ਨਾਲ ਦੂਰ ਹੋ ਜਾਂਦਾ ਹੈ। ਇਹੀ ਨਹੀਂ, ਇਹ ਸਰੀਰ ਦੀ ਚਰਬੀ ਨੂੰ ਵੀ ਘਟਾਉਂਦਾ ਹੈ। ਸਰਦੀਆਂ ਦੇ ਦਿਨਾਂ ਵਿਚ ਮੇਥੀ ਦੇ ਹਰੇ ਪੱਤਿਆਂ ਦੀ ਸਬਜ਼ੀ ਲੋਕਾਂ ਵਲੋਂ ਬੇਹੱਦ ਪਸੰਦ ਕੀਤੀ ਜਾਂਦੀ ਹੈ ਜਿਸ ਨਾਲ ਵਿਅਕਤੀ ਦੇ ਸਰੀਰ ਨੂੰ ਕਾਫ਼ੀ ਫ਼ਾਇਦਾ ਪਹੁੰਚਦਾ ਹੈ।
ਅਦਰਕ : ਇਸ ਦੀ ਵਰਤੋਂ ਹਮੇਸ਼ਾ ਪੇਟ ਵਿਚ ਕਬਜ਼, ਗੈਸ ਬਣਨਾ, ਖੰਘ, ਰੇਸ਼ਾ ਅਤੇ ਜ਼ੁਕਾਮ ਹੋਣ 'ਤੇ ਕੀਤੀ ਜਾਂਦੀ ਹੈ। ਅਦਰਕ ਦਾ ਰਸ ਅਤੇ ਸ਼ਹਿਦ ਮਿਲਾ ਕੇ ਚੱਟਣ ਨਾਲ ਦਮੇ ਵਿਚ ਵੀ ਆਰਾਮ ਮਿਲਦਾ ਹੈ। ਇਹ ਭੋਜਨ ਨੂੰ ਸਹੀ ਤਰ੍ਹਾਂ ਨਾਲ ਹਜ਼ਮ ਕਰਨ 'ਚ ਮਦਦ ਕਰਦਾ ਹੈ, ਬਲਗਮ ਖ਼ਤਮ ਕਰਕੇ ਭੁੱਖ ਵੀ ਵਧਾਉਂਦਾ ਹੈ। ਇਸ ਨੂੰ ਕੱਚਾ ਜਾਂ ਸੁਕਾ ਕੇ ਵੀ ਦੋਵਾਂ ਤਰ੍ਹਾਂ ਨਾਲ ਖਾਧਾ ਜਾ ਸਕਦਾ ਹੈ।
ਜੀਰਾ : ਜ਼ਿਆਦਾਤਰ ਇਸ ਦੀ ਵਰਤੋਂ ਦਵਾਈਆਂ ਦੇ ਨਿਰਮਾਣ ਲਈ ਹਮੇਸ਼ਾ ਕੀਤੀ ਜਾਂਦੀ ਹੈ। ਖੂਨ ਸੋਧੀ, ਹਵਾਨਾਸ਼ਕ, ਹਾਜ਼ਮੇ ਲਈ ਪ੍ਰਸਿੱਧ ਜੀਰਾ ਹਮੇਸ਼ਾ ਉਲਟੀ ਹੋਣ ਦੀ ਸ਼ਿਕਾਇਤ ਨੂੰ ਦੂਰ ਕਰਨ ਵਿਚ ਅਤਿ ਸਹਾਇਕ ਹੁੰਦਾ ਹੈ। ਪਸ਼ੂਆਂ ਦੀਆਂ ਬਿਮਾਰੀਆਂ ਵਿਚ ਵੀ ਇਸ ਨੂੰ ਦਵਾਈ ਦੇ ਰੂਪ ਵਿਚ ਵਰਤਿਆ ਜਾਂਦਾ ਹੈ, ਜਿਸ ਨਾਲ ਸਮੱਸਿਆ ਦਾ ਹੱਲ ਹੋ ਜਾਂਦਾ ਹੈ।
ਅਜਵਾਇਣ : ਇਹ ਇਕ ਬਹੁਉਪਯੋਗੀ ਦਵਾਈ ਮਸਾਲਾ ਹੈ। ਦਵਾਈਆਂ ਬਣਾਉਣ ਵਿਚ ਅਤੇ ਤੇਲ ਬਣਾਉਣ ਵਿਚ ਅਕਸਰ ਅਜਵਾਇਣ ਦੀ ਹੀ ਵਰਤੋਂ ਜ਼ਰੂਰੀ ਸਮਝੀ ਜਾਂਦੀ ਹੈ। ਨਿਮੋਨੀਆ ਅਤੇ ਸਾਹ ਰੋਗ ਵਿਚ ਇਸ ਦਾ ਚੂਰਨ ਮੂੰਹ ਵਿਚ ਰੱਖਣ ਨਾਲ ਰਾਹਤ ਮਿਲਦੀ ਹੈ ਜਦ ਕਿ ਪੇਟ ਵਿਕਾਰਾਂ ਵਿਚ ਬੀਜ ਦੇ ਨਾਲ ਸਾਧਾਰਨ ਨਮਕ ਮਿਲਾ ਕੇ ਲੈਣ ਨਾਲ ਲਾਭ ਹੁੰਦਾ ਹੈ।
ਲਸਣ : ਮਸਾਲਿਆਂ ਵਿਚ ਲਸਣ ਦਾ ਨੰਬਰ ਅਖੀਰ 'ਚ ਆਉਂਦਾ ਹੈ। ਆਯੁਰਵੇਦ ਅਨੁਸਾਰ ਦਿਲ ਦੇ ਰੋਗ ਵਿਚ ਲਸਣ ਬਹੁਤ ਕਾਰਗਰ ਸਿੱਧ ਹੁੰਦਾ ਹੈ। ਇਸ ਤੋਂ ਇਲਾਵਾ ਖੂਨ ਨੂੰ ਪਤਲਾ ਬਣਾ ਕੇ ਦਿਲ ਦੀਆਂ ਧਮਣੀਆਂ ਨੂੰ ਖੂਨ ਸੰਚਾਰ ਸੁਚਾਰੂ ਢੰਗ ਨਾਲ ਕਰਾਉਣ ਵਿਚ ਬਹੁਤ ਮਦਦ ਕਰਦਾ ਹੈ। ਨਤੀਜੇ ਵਜੋਂ ਦਿਲ ਦੇ ਰੋਗ ਜਿਵੇਂ ਘਾਤਕ ਬਿਮਾਰੀਆਂ ਤੋਂ ਖ਼ੁਦ ਬਚਾਇਆ ਜਾ ਸਕਦਾ ਹੈ। ਸਵੇਰੇ ਤਿੰਨ ਤੋਂ ਚਾਰ ਕਲੀਆਂ ਦੀ ਲਗਾਤਾਰ ਵਰਤੋਂ ਕਰਨ ਨਾਲ ਹੀ ਸਿਹਤਮੰਦ ਰਿਹਾ ਜਾ ਸਕਦਾ ਹੈ।
ਘਰਾਂ ਵਿਚ ਹੀ ਸੌਖਿਆਂ ਨਾਲ ਉਪਲਬਧ ਹੋਣ ਵਾਲੇ ਇਨ੍ਹਾਂ ਦਵਾਈ ਮਸਾਲਿਆਂ ਦੀ ਪਛਾਣ ਕਰਦੇ ਹੋਏ ਸਹੀ ਸਮੇਂ 'ਤੇ ਇਸ ਦੀ ਵਰਤੋਂ ਕਰਕੇ ਮਹਿੰਗੀਆਂ ਦਵਾਈਆਂ ਤੋਂ ਬਚਾਅ ਕਰ ਸਕਦੇ ਹੋ। ਇਸ ਤਰ੍ਹਾਂ ਅਸੀਂ ਭਵਿੱਖ ਵਿਚ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਦੇ ਹਾਂ।
-੦-
ਇਸ ਤਰ੍ਹਾਂ ਕਰੋ ਮਸਾਲਿਆਂ ਨਾਲ ਇਲਾਜ
ਅਜੀਤ ਡੈਸਕ
18-07-2025