21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਮਿੱਟੀ ਪਰਖ: ਮਿੱਟੀ ਦੀ ਚੰਗੀ ਸਹਿਤ ਤੇ ਫ਼ਸਲ ਦੀ ਵੱਧ ਪੈਦਾਵਾਰ ਵੱਲ ਪਹਿਲਾ ਕਦਮ

ਅਜੀਤ ਡੈਸਕ 22-07-2025

ਸਾਲ 'ਚ ਲਗਾਤਾਰ ਦੋ ਤੋਂ ਤਿੰਨ ਫ਼ਸਲਾਂ ਲੈਣ ਨਾਲ ਜ਼ਮੀਨ 'ਚੋਂ ਖੁਰਾਕੀ ਤੱਤਾਂ ਦੀ ਉਪਲਬਧਤਾ ਕਾਫ਼ੀ ਘਟ ਜਾਂਦੀ ਹੈ, ਜਿਸ ਦਾ ਪਤਾ ਮਿੱਟੀ ਪਰਖ ਰਾਹੀਂ ਲਾਇਆ ਜਾਂਦਾ ਹੈ। ਹਾਲਾਂਕਿ ਬਹੁਤੇ ਕਿਸਾਨ ਵਿਗਿਆਨਕ ਵਿਧੀਆਂ ਦੀ ਬਜਾਏ, ਆਪਣੇ ਤਜਰਬੇ ਜਾਂ ਗੁਆਂਢੀਆਂ ਅਤੇ ਖਾਦ ਵਿਕ੍ਰੇਤਾਵਾਂ ਦੀ ਸਲਾਹ 'ਤੇ ਨਿਰਭਰ ਕਰਦੇ ਹਨ। ਇਹ ਪਹੁੰਚ ਫ਼ਸਲਾਂ ਦੀ ਵਿਸ਼ੇਸ਼ ਤੱਤਾਂ ਦੀਆਂ ਲੋੜਾਂ ਅਤੇ ਮਿੱਟੀ ਦੀ ਵਿਲੱਖਣ ਸੰਰਚਨਾ ਨੂੰ ਨਜ਼ਰਅੰਦਾਜ਼ ਕਰਦੀ ਹੈ। ਲੋੜ ਨਾਲੋਂ ਘੱਟ ਖਾਦਾਂ ਦੀ ਵਰਤੋਂ ਫ਼ਸਲ ਦੀ ਉਤਪਾਦਕਤਾ 'ਚ ਕਮੀ ਪੈਦਾ ਕਰ ਸਕਦੀ ਹੈ, ਜਦਕਿ ਵਾਧੂ ਖਾਦਾਂ ਦੀ ਵਰਤੋਂ ਨਾਲ ਕੀਟ-ਰੋਗ ਵਧਣ ਅਤੇ ਵਾਤਾਵਰਨ ਪ੍ਰਦੂਸ਼ਣ ਦਾ ਖ਼ਤਰਾ ਰਹਿੰਦਾ ਹੈ। ਇਨ੍ਹਾਂ ਤੋਂ ਇਲਾਵਾ ਲੋੜੀਂਦੇ ਤੱਤਾਂ ਦੀ ਕਮੀ ਦੇ ਦਿਖਣਯੋਗ ਲੱਛਣ ਕੇਵਲ ਉਦੋਂ ਹੀ ਸਾਹਮਣੇ ਆਉਂਦੇ ਹਨ, ਜਦ ਬੂਟਾ ਪਹਿਲਾਂ ਹੀ ਤਣਾਅ ਦੇ ਅਧੀਨ ਹੁੰਦਾ ਹੈ, ਜਿਸ ਕਾਰਨ ਸਮੇਂ ਸਿਰ ਖੁਰਾਕੀ ਤੱਤਾਂ ਦੀ ਪੂਰਤੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਕੋ ਖੇਤ 'ਚ ਵੀ ਮਿੱਟੀ ਦੇ ਗੁਣ ਵੱਖ-ਵੱਖ ਹੋ ਸਕਦੇ ਹਨ, ਜਿਸ ਨਾਲ ਫ਼ਸਲਾਂ ਦੀ ਖ਼ੁਰਾਕੀ ਤੱਤਾਂ ਦੀ ਲੋੜ ਪ੍ਰਭਾਵਿਤ ਹੁੰਦੀ ਹੈ। ਇਸ ਲਈ ਖਾਦ ਦੀ ਸਿਫ਼ਾਰਸ਼ ਅਨੁਮਾਨ ਦੇ ਆਧਾਰ 'ਤੇ ਨਹੀਂ, ਸਗੋਂ ਮਿੱਟੀ ਦੀ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ।
ਮਿੱਟੀ ਪਰਖ ਦਾ ਸਮਾਂ: ਮਿੱਟੀ ਪਰਖ ਫ਼ਸਲ ਬੀਜਣ ਅਤੇ ਖਾਦਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਮਿੱਟੀ ਦੀ ਸਥਿਤੀ ਦਾ ਅੰਦਾਜ਼ਾ ਲਗਾਉਣ ਲਈ ਕੀਤੀ ਜਾਂਦੀ ਹੈ। ਇਸ ਪਰਖ ਰਾਹੀਂ ਕਿਸਾਨ ਆਪਣੀ ਫ਼ਸਲ ਲਈ ਲੋੜੀਂਦੀਆਂ ਖਾਦਾਂ ਦੀ ਮਾਤਰਾ ਅਤੇ ਕਿਸਮ ਬਾਰੇ ਠੀਕ ਫ਼ੈਸਲਾ ਲੈ ਸਕਦੇ ਹਨ, ਜਿਸ ਨਾਲ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਫ਼ਸਲ ਉਤਪਾਦਨ ਵਿਚ ਵਾਧਾ ਯਕੀਨੀ ਬਣਦਾ ਹੈ। ਮਿੱਟੀ ਪਰਖ ਕਰਨ ਲਈ ਸਾਲ ਦਾ ਸਭ ਤੋਂ ਉੱਚਿਤ ਸਮਾਂ ਫ਼ਸਲ ਬੀਜਣ ਅਤੇ ਖੇਤ ਦੀ ਵਹਾਈ ਤੋਂ ਪਹਿਲਾਂ ਦਾ ਹੁੰਦਾ ਹੈ। ਪੰਜਾਬ ਦਾ ਮੁੱਖ ਫ਼ਸਲੀ ਚੱਕਰ ਝੋਨਾ-ਕਣਕ ਹੈ, ਇਸ ਲਈ ਮਿੱਟੀ ਪਰਖ ਲਈ ਸਭ ਤੋਂ ਢੁਕਵਾਂ ਸਮਾਂ ਕਣਕ ਦੀ ਵਢਾਈ ਤੋਂ ਬਾਅਦ ਅਤੇ ਝੋਨੇ ਦੀ ਬਿਜਾਈ ਤੋਂ ਪਹਿਲਾਂ ਮੰਨਿਆ ਜਾਂਦਾ ਹੈ।
ਨਮੂਨੇ ਲੈਣ ਦੀ ਵਿਗਿਅਨਕ ਵਿਧੀ: ਮਿੱਟੀ ਪਰਖ ਦੀ ਪਹਿਲੀ ਤੇ ਸਭ ਤੋਂ ਮਹੱਤਵਪੂਰਨ ਧਿਆਨ ਦੇਣ ਵਾਲੀ ਗੱਲ ਮਿੱਟੀ ਦੇ ਨਮੂਨੇ ਨੂੰ ਸਹੀ ਇਕੱਤਰ ਕਰਨ ਦੀ ਪ੍ਰਕਿਰਿਆ ਹੈ ਕਿਉਂਕਿ ਖਾਦ ਦੀ ਸਿਫ਼ਾਰਸ਼ ਵਿਗਿਆਨਕ ਪ੍ਰਯੋਗਸ਼ਾਲਾ ਵਿਚ ਵਿਸ਼ਲੇਸ਼ਣ ਕੀਤੀ ਗਈ ਬਹੁਤ ਥੋੜ੍ਹੀ ਮਾਤਰਾ (ਅਕਸਰ 1 ਤੋਂ 10 ਗ੍ਰਾਮ) ਦੇ ਆਧਾਰ 'ਤੇ ਕੀਤੀ ਜਾਂਦੀ ਹੈ, ਇਸ ਕਰਕੇ ਇਹ ਜ਼ਰੂਰੀ ਹੈ ਕਿ ਨਮੂਨਾ ਪੂਰੇ ਖੇਤਰ ਦੀ ਠੀਕ ਤਰੀਕੇ ਨਾਲ ਨੁਮਾਇੰਦਗੀ ਕਰੇ। ਪਰਖ ਲਈ ਵਰਤੀ ਜਾਣ ਵਾਲੀ ਮਿੱਟੀ ਆਮ ਤੌਰ 'ਤੇ ਖੇਤ ਦੀ ਉਪਰਲੀ 6 ਇੰਚ ਮਿੱਟੀ ਦੀ ਨੁਮਾਇੰਦਗੀ ਕਰਦੀ ਹੋਣੀ ਚਾਹੀਦੀ ਹੈ, ਜੋ ਇਕ ਏਕੜ ਖੇਤਰ 'ਚ ਲਗਭਗ 10 ਲੱਖ ਕਿਲੋਗ੍ਰਾਮ ਤੱਕ ਹੋ ਸਕਦੀ ਹੈ। ਖਾਦ ਦੀ ਸਿਫ਼ਾਰਸ਼ ਲਈ ਮਿੱਟੀ ਦੇ ਨਮੂਨੇ ਖੇਤ 'ਚੋਂ ਛੇ ਇੰਚ ਦੀ ਗਹਿਰਾਈ ਤੱਕ ਲਏ ਜਾਂਦੇ ਹਨ ਕਿਉਂਕਿ ਇਸ ਹਿੱਸੇ 'ਚ ਜੜ੍ਹਾਂ ਸਭ ਤੋਂ ਵੱਧ ਵਿਕਸਿਤ ਹੁੰਦੀਆਂ ਹਨ ਅਤੇ ਖਾਦਾਂ ਦੀ ਵਰਤੋਂ ਅਤੇ ਖੇਤੀ ਦੀਆਂ ਕਿਰਿਆਵਾਂ ਮੁੱਖ ਤੌਰ 'ਤੇ ਹੁੰਦੀਆਂ ਹਨ।
ਨਮੂਨਾ ਇਕੱਠਾ ਕਰਦੇ ਸਮੇਂ ਉੱਪਰੀ ਸਤ੍ਹਾ 'ਤੇ ਮੌਜੂਦ ਰਹਿੰਦ-ਖੂੰਹਦ ਨੂੰ ਖੁਰਪੇ ਦੀ ਮਦਦ ਨਾਲ ਹਟਾ ਦਿੱਤਾ ਜਾਂਦਾ ਹੈ। ਖੇਤ 'ਚੋਂ 7-8 ਵੱਖ-ਵੱਖ ਸਥਾਨਾਂ ਤੋਂ ਕੱਟ ਲਗਾ ਕੇ ਮਿੱਟੀ ਦੀ ਇਕ ਇੰਚ (ਉੱਪਰੋਂ ਲੈ ਕੇ 15 ਸੈਂਟੀਮੀਟਰ ਦੀ ਗਹਿਰਾਈ ਤੱਕ) ਨੂੰ ਖੁਰਚ ਕੇ ਸਾਫ਼ ਬਾਲਟੀ ਜਾਂ ਭਾਂਡੇ 'ਚ ਰੱਖਿਆ ਜਾਂਦਾ ਹੈ। ਇਕ ਉੱਚਿਤ ਨਮੂਨਾ ਪ੍ਰਾਪਤ ਕਰਨ ਲਈ ਇਕੱਠੀ ਕੀਤੀ ਗਈ ਮਿੱਟੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਕਵਾਟਰਿੰਗ ਵਿਧੀ ਰਾਹੀਂ ਲਗਭਗ 500 ਗ੍ਰਾਮ ਦਾ ਨਮੂਨਾ ਬਣਾਓ। ਕਵਾਟਰਿੰਗ ਵਿਧੀ ਵਿਚ ਮਿੱਟੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਚਾਰ ਬਰਾਬਰ ਹਿੱਸਿਆਂ 'ਚ ਵੰਡਿਆ ਜਾਂਦਾ ਹੈ। ਫਿਰ ਦੋ ਵਿਰੋਧੀ ਹਿੱਸਿਆਂ ਨੂੰ ਹਟਾ ਦਿੱਤਾ ਜਾਂਦਾ ਹੈ ਤੇ ਇਹ ਪ੍ਰਕਿਰਿਆ ਉਸ ਵੇਲੇ ਤੱਕ ਦੁਹਰਾਈ ਜਾਂਦੀ ਹੈ, ਜਦ ਤੱਕ ਲੋੜੀਂਦੀ ਮਾਤਰਾ (500 ਗ੍ਰਾਮ) ਨਹੀਂ ਮਿਲ ਜਾਂਦੀ। ਜੇਕਰ ਮਿੱਟੀ ਨਮੀ ਵਾਲੀ ਹੋਵੇ ਤਾਂ ਇਸ ਨੂੰ ਛਾਂ 'ਚ ਸੁਕਾ ਕੇ ਕੱਪੜੇ ਦੇ ਥੈਲੇ ਵਿਚ ਭਰ ਲਵੋ। ਮਿੱਟੀ ਦਾ ਨਮੂਨਾ ਥੈਲੇ ਵਿਚ ਭਰਨ ਉਪਰੰਤ ਥੈਲੇ ਉੱਪਰ ਮਾਰਕਰ ਨਾਲ ਆਪਣਾ ਨਾਂਅ, ਪਿਤਾ ਦਾ ਨਾਂਅ, ਖੇਤ ਦਾ ਨੰਬਰ, ਪਿੰਡ, ਬਲਾਕ, ਡਾਕਖਾਨਾ ਤੇ ਜ਼ਿਲ੍ਹਾ ਲਿਖੋ। ਇਹ ਸਾਰਾ ਵੇਰਵਾ ਇਕ ਕਾਗ਼ਜ਼ 'ਤੇ ਵੀ ਸਾਫ਼-ਸਾਫ਼ ਲਿਖ ਕੇ ਥੈਲੀ 'ਚ ਪਾ ਦਿਓ। ਇਸ ਸਾਰੀ ਸੂਚਨਾ ਤੋਂ ਇਲਾਵਾ ਖੇਤ ਵਿਚ ਅਪਣਾਏ ਫ਼ਸਲੀ ਚੱਕਰ, ਵਰਤੀਆਂ ਗਈਆਂ ਖ਼ਾਦਾਂ ਦੀ ਸੰਖੇਪ ਜਾਣਕਾਰੀ, ਸਿੰਚਾਈ ਸਾਧਨ ਪਰਚੀ 'ਤੇ ਲਿਖ ਕੇ ਮਿੱਟੀ ਪਰਖ ਪ੍ਰਯੋਗਸ਼ਾਲਾ 'ਚ ਜਮ੍ਹਾਂ ਕਰਵਾ ਦਿਓ।
ਮੱਟੀ ਦਾ ਨਮੂਨਾ ਲੈਂਦੇ ਸਮੇਂ ਸਾਵਧਾਨੀਆਂ ਮਿੱਟੀ ਪਰਖ ਲਈ ਨਮੂਨਾ ਲੈਂਦੇ ਸਮੇਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਨਤੀਜੇ ਸਹੀ ਆਉਣ।
ਹੇਠਾਂ ਦਿੱਤੀਆਂ ਸਥਿਤੀਆਂ ਤੋਂ ਮਿੱਟੀ ਦਾ ਨਮੂਨਾ ਨਹੀਂ ਲੈਣਾ ਚਾਹੀਦਾ
* ਜਿੱਥੇ ਹਾਲ ਹੀ ਵਿਚ ਰੂੜੀ ਜਾਂ ਹੋਰ ਕਿਸਮ ਦੀ ਖਾਦ ਪਾਈ ਗਈ ਹੋਵੇ।
* ਪੁਰਾਣੀਆਂ ਵੱਟਾਂ ਜਾਂ ਜਿੱਥੇ ਮਿੱਟੀ ਦੀ ਸਥਿਤੀ ਸਧਾਰਨ ਤੋਂ ਵੱਖਰੀ ਹੋਵੇ। * ਉੱਬੜ-ਖਾਬੜ ਜਾਂ ਠੋਸ/ਨਰਮ ਭੂਮੀ ਵਾਲੇ ਖੇਤਰ। * ਦਰੱਖ਼ਤਾਂ ਹੇਠਲੀ ਮਿੱਟੀ। * ਐਸੇ ਥਾਵਾਂ ਤੋਂ ਜਿੱਥੇ ਪਾਣੀ ਖੜ੍ਹਾ ਰਹਿੰਦਾ ਹੋਵੇ। * ਬਿਲਕੁਲ ਖ਼ਰਾਬ ਜਾਂ ਅਸਧਾਰਨ ਭੂਮੀ ਵਾਲੇ ਹਿੱਸੇ।
ਇਨ੍ਹਾਂ ਸਾਵਧਾਨੀਆਂ ਨਾਲ ਮਿੱਟੀ ਦਾ ਨਮੂਨਾ ਸਹੀ ਢੰਗ ਨਾਲ ਲਿਆ ਜਾ ਸਕਦਾ ਹੈ, ਜੋ ਕਿ ਵਿਗਿਆਨਕ ਪਰਖ ਲਈ ਢੁਕਵਾਂ ਹੁੰਦਾ ਹੈ।

-ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ, ਪੀ.ਏ.ਯੂ. ਲੁਧਿਆਣਾ,
ਭੂਮੀ ਵਿਗਿਆਨ ਵਿਭਾਗ, ਪੀ.ਏ.ਯੂ. ਲੁਧਿਆਣਾ।

ਪਿਛਲੀ ਖ਼ਬਰ ਬੰਦਾ ਨਹੀਂ ਸਮਝਦਾ ਅਗਲੀ ਖ਼ਬਰ ਫੁੱਲਾਂ ਦੀ ਖੇਤੀ : ਨਾਲੇ ਸੁਗੰਧੀ-ਨਾਲੇ ਕਮਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।