ਮਟਰ ਦੁਨੀਆ ਭਰ ਵਿਚ ਵਪਾਰਕ ਪੱਧਰ 'ਤੇ ਉਗਾਈਆਂ ਜਾਣ ਵਾਲੀਆਂ ਸਭ ਤੋਂ ਮਹੱਤਵਪੂਰਨ ਸਰਦੀਆਂ ਦੀਆਂ ਸਬਜ਼ੀਆਂ 'ਚੋ ਇਕ ਹੈ | ਮਟਰਾਂ ਦੀ ਜ਼ਿਆਦਾਤਰ ਖੇਤੀ ਪੰਜਾਬ ਦੇ ਹੁਸ਼ਿਆਰਪੁਰ, ਪਟਿਆਲਾ, ਅੰਮਿ੍ਤਸਰ ਤੇ ਸ਼ਹੀਦ ਭਗਤ ਸਿੰਘ ਜ਼ਿਲਿ੍ਹਆਂ ਵਿਚ ਕੀਤੀ ਜਾਂਦੀ ਹੈ | ਮਟਰ ਫ਼ਸਲੀ ਚੱਕਰ ਵਿਚ ਅਹਿਮ ਹਿੱਸਾ ਪਾਉਂਦੀਆਂ ਹਨ ਕਿਉਂਕਿ ਮਟਰਾਂ ਦੇ ਪੌਦਿਆਂ ਦੀਆਂ ਜੜ੍ਹਾਂ ਵਿਚ ਗੱਠਾਂ ਹੁੰਦੀਆਂ ਹਨ, ਜੋ ਕਿ ਹਵਾ 'ਚੋਂ ਨਾਈਟ੍ਰੋਜਨ ਲੈ ਕੇ ਮਿੱਟੀ ਵਿਚ ਨਾਈਟ੍ਰੋਜਨ ਦਾ ਵਾਧਾ ਕਰਦੀਆਂ ਹਨ | ਇਸ ਲਈ ਮਟਰਾਂ ਤੋਂ ਬਾਅਦ ਲੱਗਣ ਵਾਲੀ ਫ਼ਸਲ ਨੂੰ ਨਾਈਟ੍ਰੋਜਨ ਦੀ ਘੱਟ ਲੋੜ ਪੈਂਦੀ ਹੈ | ਮਟਰਾਂ ਦੀਆਂ ਅਗੇਤੀ ਕਿਸਮਾਂ ਦੀ ਕਾਸ਼ਤ ਇਕ ਮੁਨਾਫ਼ੇ ਵਾਲਾ ਧੰਦਾ ਹੈ ਕਿਉਂਕਿ ਅਗੇਤੀਆਂ ਕਿਸਮਾਂ ਦਾ ਮੰਡੀ ਵਿਚ ਵਧੇਰੇ ਮੁੱਲ ਮਿਲਦਾ ਹੈ |

ਅਗੇਤੀਆਂ ਕਿਸਮਾਂ
ਮਟਰ ਅਗੇਤਾ 8-ਇਸ ਦੇ ਬੂਟੇ ਛੇਤੀ ਵਧਣ ਵਾਲੇ ਹੁੰਦੇ ਹਨ | ਹਰ ਬੂਟੇ 'ਤੇ 10-14 ਭਰਵੀਆਂ ਫਲੀਆਂ ਲਗਦੀਆਂ ਹਨ ਅਤੇ ਹਰ ਫਲੀ ਵਿਚ 7-9 ਦਾਣੇ ਹੁੰਦੇ ਹਨ | ਫਲੀਆਂ ਦੀ ਲੰਬਾਈ ਦਰਮਿਆਨੀ (9.15 ਸੈਂਟੀਮੀਟਰ) ਅਤੇ ਸਿਰੇ ਤੋਂ ਥੋੜ੍ਹੀਆਂ ਮੁੜੀਆਂ ਹੁੰਦੀਆਂ ਹਨ | ਇਸ ਦੀਆਂ ਫਲੀਆਂ ਇਕ-ਇਕ ਜਾਂ ਜੋੜੀਆਂ ਵਿਚ ਲਗਦੀਆਂ ਹਨ ਅਤੇ ਇਨ੍ਹਾਂ ਵਿਚੋਂ ਲਗਭਗ 50 ਫ਼ੀਸਦੀ ਦਾਣੇ ਨਿਕਲਦੇ ਹਨ | ਇਹ ਅਗੇਤੀ ਕਿਸਮ 65-70 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ | ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 33 ਕੁਇੰਟਲ ਪ੍ਰਤੀ ਏਕੜ ਹੈ |
ਮਟਰ ਅਗੇਤਾ 7-ਇਸ ਦੇ ਬੂਟੇ ਛੇਤੀ ਵਧਣ ਵਾਲੇ ਹੁੰਦੇ ਹਨ | ਹਰ ਬੂਟੇ 'ਤੇ 10-12 ਭਰਵੀਆਂ ਫਲੀਆਂ ਲਗਦੀਆਂ ਹਨ ਅਤੇ ਹਰ ਫਲੀ ਵਿਚ 7-9 ਦਾਣੇ ਹੁੰਦੇ ਹਨ | ਫਲੀਆਂ ਦੀ ਲੰਬਾਈ ਦਰਮਿਆਨੀ ਅਤੇ ਸਿਰੇ ਤੋਂ ਥੋੜ੍ਹੀਆਂ ਮੁੜੀਆਂ ਹੁੰਦੀਆਂ ਹਨ | ਇਸ ਦੀਆਂ ਫਲੀਆਂ ਇਕ-ਇਕ ਜਾਂ ਜੋੜੀਆਂ ਵਿਚ ਲਗਦੀਆਂ ਹਨ ਅਤੇ ਇਨ੍ਹਾਂ 'ਚੋਂ ਲਗਭਗ 48 ਫ਼ੀਸਦੀ ਦਾਣੇ ਨਿਕਲਦੇ ਹਨ | ਇਹ ਅਗੇਤੀ ਕਿਸਮ 65-70 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ | ਇਸ ਕਿਸਮ ਦੀਆਂ ਹਰੀਆਂ ਫ਼ਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ |
ਮੁੱਖ ਮੌਸਮ ਦੀਆਂ ਕਿਸਮਾਂ
ਪੰਜਾਬ 90-ਇਸ ਦੇ ਬੂਟੇ ਦਰਮਿਆਨੇ ਕੱਦ ਦੇ ਅਤੇ ਸਿੱਧੇ ਹੁੰਦੇ ਹਨ | ਇਸ ਵਿਚ 18-25 ਫਲੀਆਂ ਪ੍ਰਤੀ ਬੂਟਾ ਲਗਦੀਆਂ ਹਨ | ਇਸ ਦੀਆਂ ਫਲੀਆਂ ਗੂੜ੍ਹੀਆਂ ਹਰੀਆਂ ਅਤੇ ਸਿੱਧੀਆਂ ਹੁੰਦੀਆਂ ਹਨ | ਹਰ ਫਲੀ ਵਿਚ 8-10 ਦਾਣੇ ਹੁੰਦੇ ਹਨ ਅਤੇ ਫਲੀਆਂ ਜੋੜਿਆਂ ਵਿਚ ਲਗਦੀਆਂ ਹਨ | ਇਹ ਕਿਸਮ 85-90 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ | ਇਸ ਦੇ ਦਾਣੇ ਬੜੇ ਮਿੱਠੇ ਹੁੰਦੇ ਹਨ ਅਤੇ ਇਸ ਦੀਆਂ ਫਲੀਆਂ 'ਚੋਂ 55 ਫ਼ੀਸਦੀ ਦਾਣੇ ਨਿਕਲਦੇ ਹਨ | ਇਹ ਕਿਸਮ ਦੋ ਤੋਂ ਤਿੰਨ ਤੁੜਾਈਆਂ ਵਿਚ 62 ਕੁਇੰਟਲ (ਹਰੀਆਂ ਫਲੀਆਂ) ਪ੍ਰਤੀ ਏਕੜ ਅਤੇ ਇਕੱਲੀ ਤੁੜਾਈ ਵਿਚ 45 ਕੁਇੰਟਲ (ਹਰੀਆਂ ਫਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ |
ਪੰਜਾਬ 89-ਇਸ ਦੇ ਬੂਟੇ ਦਰਮਿਆਨੇ ਲੰਮੇੇ, ਨਰੋਏ ਅਤੇ ਸਿੱਧੇ ਹੁੰਦੇ ਹਨ | ਇਸ ਵਿਚ ਜ਼ਿਆਦਾ (28-30) ਫਲੀਆਂ ਲਗਦੀਆਂ ਹਨ | ਇਸ ਦੀਆਂ ਫਲੀਆਂ ਦਿਲ ਖਿੱਚਵੀਆਂ ਗੂੜ੍ਹੀਆਂ ਹਰੀਆਂ ਹੁੰਦੀਆਂ ਹਨ ਅਤੇ ਹਰ ਫਲੀ ਵਿਚ 9-10 ਦਾਣੇ ਹੁੰਦੇ ਹਨ | ਫਲੀਆਂ ਆਮ ਤੌਰ 'ਤੇ ਜੋੜਿਆਂ ਵਿਚ ਲਗਦੀਆਂ ਹਨ | ਇਹ ਕਿਸਮ 90-100 ਦਿਨਾਂ ਵਿਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ | ਇਸ ਦੇ ਦਾਣੇ ਬੜੇ ਮਿੱਠੇ ਹੁੰਦੇ ਹਨ ਅਤੇ ਇਸ ਦੀਆਂ ਫਲੀਆਂ 'ਚੋਂ 55 ਫ਼ੀਸਦੀ ਦਾਣੇ ਨਿਕਲਦੇ ਹਨ | ਇਹ ਕਿਸਮ 60 ਕੁਇੰਟਲ (ਹਰੀਆਂ ਫਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ |
ਜ਼ਮੀਨ ਦੀ ਚੋਣ ਤੇ ਤਿਆਰੀ-ਬਹੁਤ ਹੀ ਭਾਰੀਆਂ ਜ਼ਮੀਨਾਂ ਨੂੰ ਛੱਡ ਕੇ ਇਸ ਦੀ ਕਾਸ਼ਤ ਹਰ ਕਿਸਮ ਦੀ ਜ਼ਮੀਨ ਵਿਚ ਹੋ ਸਕਦੀ ਹੈ | ਉਨ੍ਹਾਂ ਜ਼ਮੀਨਾਂ ਜਿਸ ਦੀ ਪੀ.ਐੱਚ 6.0 ਤੋਂ 7.5 ਤੱਕ ਹੁੰਦੀ ਹੈ, ਕਾਸ਼ਤ ਲਈ ਢੁੱਕਵੀਆਂ ਸਮਝੀਆਂ ਜਾਂਦੀਆਂ ਹਨ | ਜ਼ਮੀਨ ਦੀ ਤਿਆਰੀ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਖੇਤ ਦੀ ਦਸ਼ਾ ਕਿਹੋ ਜਿਹੀ ਹੈ | ਜੇ ਖੇਤ ਇਸ ਤਰ੍ਹਾਂ ਦਾ ਹੈ, ਜਿਸ ਵਿਚ ਪਹਿਲੀ ਫ਼ਸਲ ਦੇ ਮੁੱਢ ਹੋਣ ਅਤੇ ਹੋਰ ਖੈਰ ਆਦਿਕ ਹੋਵੇ ਤਾਂ ਇਸ ਨੂੰ ਉਲਟਾਵੇਂ ਹਲ਼ ਜਾਂ ਤਵੀਆਂ ਡਿਸਕਾਂ ਨਾਲ ਵਾਹੁੁਣਾ ਪਵੇਗਾ, ਫੇਰ ਹੀ ਉਸ ਦੀ ਚੰਗੀ ਵਹਾਈ ਹੋ ਸਕੇਗੀ | ਅਜਿਹੇ ਹਾਲਾਤ ਵਿਚ ਦੋ ਵਾਰੀ ਡਿਸਕਾਂ ਚਲਾਉਣ ਬਾਅਦ ਦੋ-ਤਿੰਨ ਵਾਰ ਵਹਾਈ ਕਰ ਦਿਓ | ਜ਼ਮੀਨ ਨੂੰ ਬਰੀਕ ਤੇ ਭੁਰਭੁਰਾ ਕਰਨ ਲਈ ਦੋ-ਤਿੰਨ ਵਾਰ ਸੁਹਾਗਾ ਫੇਰਨਾ ਚੰਗਾ ਰਹੇਗਾ |
ਵੱਟਾਂ 'ਤੇ ਬਿਜਾਈ-ਇਹ ਤਰੀਕਾ ਖ਼ਾਸ ਕਰਕੇ ਦਰਮਿਆਨੀ ਤੋਂ ਭਾਰੀ ਜ਼ਮੀਨ 'ਤੇ ਵਰਤਿਆ ਜਾਣਾ ਚਾਹੀਦਾ ਹੈ | ਮਟਰਾਂ ਦੀ ਬਿਜਾਈ ਬੀਜ ਖਾਦ ਡਰਿੱਲ ਨਾਲ 60 ਸੈਂਟੀਮੀਟਰ ਵਾਲੀਆਂ ਵੱਟਾਂ 'ਤੇ ਕੀਤੀ ਜਾ ਸਕਦੀ ਹੈ | ਇਸ ਡਰਿੱਲ ਹਰ ਵੱਟ 'ਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿਚ ਬਿਜਾਈ ਕਰ ਦਿੰਦੀ ਹੈ | ਵੱਟਾਂ 'ਤੇ ਮਟਰ ਬੀਜਣ ਦਾ ਲਾਭ ਇਹ ਹੁੰਦਾ ਹੈ ਕਿ ਬੀਜ ਕਰੰਡਿਆ ਨਹੀਂ ਜਾਂਦਾ ਕਿਉਂਕਿ ਪਾਣੀ ਬੀਜਾਂ ਤੋਂ ਹੇਠਾਂ ਹੀ ਰੱਖਿਆ ਜਾਂਦਾ ਹੈ ਅਤੇ ਬੀਜ ਤੱਕ ਪਾਣੀ ਸਿਰਫ਼ ਸਲ੍ਹਾਬ ਰਾਹੀਂ ਹੀ ਪਹੁੰਚਦਾ ਹੈ |
ਪੱਧਰੀ ਜ਼ਮੀਨ 'ਤੇ ਬਿਜਾਈ-ਇਹ ਤਰੀਕਾ ਖ਼ਾਸ ਕਰਕੇ ਹਲਕੀ ਜ਼ਮੀਨ (ਰੇਤਲੀ ਮੈਰਾ ਜ਼ਮੀਨ ਜਿਸ ਵਿਚ ਪਾਣੀ ਦਾ ਨਿਕਾਸ ਠੀਕ ਹੋਵੇ) ਵਿਚ ਵਰਤਿਆ ਜਾਣਾ ਚਾਹੀਦਾ ਹੈ | ਮਟਰ ਦੀ ਪੱਧਰੀ ਜ਼ਮੀਨ 'ਤੇ ਬਿਜਾਈ ਲਈ ਜ਼ਮੀਨ ਵਿਚ ਪੂਰੀ ਗਿੱਲ (ਵੱਤਰ) ਹੋਣੀ ਬਹੁਤ ਜ਼ਰੂਰੀ ਹੈ ਅਤੇ ਬੀਜ ਨਿਸਰਨ ਤੋਂ ਪਹਿਲਾਂ ਖੇਤ ਵਿਚ ਪਾਣੀ ਨਹੀਂ ਦਿੱਤਾ ਜਾਂਦਾ ਕਿਉਂਕਿ ਪਾਣੀ ਲਾਉਣ ਨਾਲ ਬੀਜ ਕਰੰਡਿਆ ਜਾਂਦਾ ਹੈ | ਇਹ ਬਿਜਾਈ ਦਾ ਤਰੀਕਾ ਦਰਮਿਆਨੀ ਤੋਂ ਭਾਰੀ ਜ਼ਮੀਨ 'ਤੇ ਨਹੀਂ ਵਰਤਿਆ ਜਾਣਾ ਚਾਹਿਦਾ ਕਿਉਂਕਿ ਪਹਿਲੇ ਪਾਣੀ ਨਾਲ ਬੀਜ ਕਰੰਡਿਆ ਜਾਂਦਾ ਹੈ, ਜਿਸ ਕਰਕੇ ਬੂਟੇ ਨੂੰ ਜ਼ਮੀਨ 'ਚੋਂ ਪੂਰੇ ਖ਼ੁਰਾਕੀ ਤੱਤ ਤੇ ਹਵਾ ਨਹੀਂ ਮਿਲਦੀ ਅਤੇ ਬੂਟਾ ਪੀਲਾ ਪੈ ਜਾਂਦਾ ਹੈ ਅਤੇ ਉਸ ਦਾ ਵਾਧਾ ਰੁਕ ਜਾਂਦਾ ਹੈ | ਹਲਕੀ ਜ਼ਮੀਨ 'ਤੇ ਮਸ਼ੀਨੀ ਤੁੜਾਈ ਲਈ ਇਹ ਤਰੀਕਾ ਵਰਤਿਆ ਜਾਣਾ ਚਾਹੀਦਾ ਹੈ |
ਜ਼ਮੀਨ ਦੀ ਚੋਣ ਤੇ ਤਿਆਰੀ-ਮਟਰ ਦੀ ਕਾਸ਼ਤ ਹਰ ਕਿਸਮ ਦੀ ਜ਼ਮੀਨ 'ਤੇ ਹੋ ਸਕਦੀ ਹੈ ਪਰ ਰੇਤਲੀ ਮੈਰਾ ਜ਼ਮੀਨ ਜਿਸ ਵਿਚ ਪਾਣੀ ਦਾ ਨਿਕਾਸ ਠੀਕ ਹੋਵੇ ਅਤੇ ਜੈਵਿਕ ਪਦਾਰਥ ਕਾਫ਼ੀ ਹੋਣ, ਉਹ ਇਸ ਲਈ ਵਧੇਰੇ ਢੁਕਵੀਂ ਹੈ | ਉਨ੍ਹਾਂ ਜ਼ਮੀਨਾਂ ਜਿਸ ਦਾ ਪੀ.ਐਚ 6.0 ਤੋਂ 7.5 ਤੱਕ ਹੁੰਦਾ ਹੈ, ਕਾਸ਼ਤ ਲਈ ਢੁਕਵੀਆਂ ਸਮਝੀਆਂ ਜਾਂਦੀਆਂ ਹਨ | ਬੀਜ ਬਣਾਉਣ ਲਈ ਮਟਰਾਂ ਦੀਆਂ ਕਿਸਮਾਂ ਦਾ ਖੇਤ ਵਿਚ ਇਕ-ਦੂਜੇ ਤੋਂ ਦੂਰੀ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਰਲਵਾਂ ਬੀਜ ਬਣ ਜਾਵੇਗਾ | ਇਹ ਦੂਰੀ ਬੁਨਿਆਦੀ (ਫਾਊਾਡੇਸ਼ਨ) ਬੀਜ ਲਈ 10 ਮੀਟਰ ਅਤੇ ਤਸਦੀਕਸ਼ੁਦਾ ਬੀਜ ਲਈ 5 ਮੀਟਰ ਘੱਟੋ-ਘੱਟ ਜ਼ਰੂਰ ਹੋਵੇ |
ਬਿਜਾਈ ਦਾ ਸਮਾਂ ਤੇ ਬੀਜ ਦੀ ਮਾਤਰਾ-ਬੀਜ ਉਤਪਾਦਨ ਲਈ ਬੀਜ ਨੂੰ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਬੀਜੋ | ਬਿਜਾਈ ਬੀਜ ਖਾਦ ਡਰਿੱਲ ਨਾਲ ਕਰਨ ਲਈ ਬੀਜ 30 ਕਿਲੋ ਪ੍ਰਤੀ ਏਕੜ ਪੈਂਦਾ ਹੈ, ਚਾਹੇ ਉਹ ਅਗੇਤੀ ਜਾਂ ਮੁੱਖ ਮੌਸਮ ਦੀ ਕਿਸਮ ਹੋਵੇ | ਅਗੇਤੀ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ ਫ਼ਾਸਲਾ 30&10 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ | ਮਟਰਾਂ ਦੇ ਤਣੇ ਦੀ ਮੱਖੀ ਬੀਜ ਉੱਗਣ ਸਮੇਂ ਫ਼ਸਲ ਦਾ ਬਹੁਤ ਨੁੁਕਸਾਨ ਕਰਦੀ ਹੈ | ਇਸ ਲਈ ਬਿਜਾਈ ਸਮੇਂ ਸਿਆੜਾਂ ਵਿਚ 3 ਕਿਲੋ ਥਿਮਟ 10ਜੀ (ਫੋਰੇਟ) ਜਾਂ 10 ਕਿਲੋ ਫਿਊਰਾਡਾਨ 3ਜੀ (ਕਾਰਬੋਫੂਰਾਨ) ਦਾਣੇਦਾਰ ਪ੍ਰਤੀ ਏਕੜ ਸਿਆੜਾ ਵਿਚ ਪਾਓ |
-ਸਬਜ਼ੀ ਵਿਗਿਆਨ ਵਿਭਾਗ |