ਨਵੀਂ ਦਿੱਲੀ, 21 ਨਵੰਬਰ (ਪੀ.ਟੀ.ਆਈ.)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਰਿਸ਼ਵਤਖੋਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਕੇਂਦਰੀ ਵਸਤੂ ਅਤੇ ਸੇਵਾ ਕਰ (ਸੀ.ਜੀ.ਐੱਸ.ਟੀ.) ਦੇ ਇਕ ਸੁਪਰਡੈਂਟ ਦੇ ਘਰੋਂ ਤਲਾਸ਼ੀ ਦੌਰਾਨ ਲਗਭਗ 1.86 ਕਰੋੜ ਰੁਪਏ ਦੀ ਨਕਦੀ, ਵਿਦੇਸ਼ੀ ਮੁਦਰਾ ਅਤੇ ਸੋਨੇ-ਚਾਂਦੀ ਦੇ ਗਹਿਣੇ ਜ਼ਬਤ ਕੀਤੇ ਹਨ। ਮੁਲਜ਼ਮ ਅਧਿਕਾਰੀ ਪੰਚਕੂਲਾ ਵਿਚ ਤਾਇਨਾਤ ਸੀ।
ਅਧਿਕਾਰੀਆਂ ਅਨੁਸਾਰ ਸੀ.ਬੀ.ਆਈ. ਨੇ ਉਕਤ ਸੁਪਰਡੈਂਟ ਨੂੰ 19 ਨਵੰਬਰ 2026 ਨੂੰ ਪੰਚਕੂਲਾ ਵਿਚ ਵਿਛਾਏ ਗਏ ਜਾਲ ਦੌਰਾਨ 10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਇਸ ਸਬੰਧੀ ਵੀਰਵਾਰ ਨੂੰ ਉਸ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।
ਜਾਂਚ ਏਜੰਸੀ ਨੂੰ ਸ਼ਿਕਾਇਤ ਮਿਲੀ ਸੀ ਕਿ ਮੁਲਜ਼ਮ ਇਕ ਨਿੱਜੀ ਫਰਮ ਵਿਰੁੱਧ ਚੱਲ ਰਹੀ ਜੀ.ਐੱਸ.ਟੀ. ਕਾਰਵਾਈ ਦੌਰਾਨ ਗੈਰ-ਵਾਜਬ ਲਾਭ ਪਹੁੰਚਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤ ਦੇ ਆਧਾਰ ’ਤੇ ਸੀ.ਬੀ.ਆਈ. ਨੇ ਕਾਰਵਾਈ ਕਰਦਿਆਂ ਉਸ ਨੂੰ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰ ਲਿਆ।
ਸੀ.ਬੀ.ਆਈ. ਦੇ ਬੁਲਾਰੇ ਵਲੋਂ ਜਾਰੀ ਬਿਆਨ ਅਨੁਸਾਰ ਸ਼ੁੱਕਰਵਾਰ ਨੂੰ ਮੁਲਜ਼ਮ ਦੇ ਵੱਖ-ਵੱਖ ਟਿਕਾਣਿਆਂ ’ਤੇ ਤਲਾਸ਼ੀ ਲਈ ਗਈ। ਇਸ ਦੌਰਾਨ 24.29 ਲੱਖ ਰੁਪਏ ਦੀ ਭਾਰਤੀ ਕਰੰਸੀ ਅਤੇ ਲਗਭਗ 15.65 ਲੱਖ ਰੁਪਏ ਦੇ ਬਰਾਬਰ ਵਿਦੇਸ਼ੀ ਮੁਦਰਾ ਬਰਾਮਦ ਹੋਈ।
ਇਸ ਤੋਂ ਇਲਾਵਾ ਸੋਨੇ ਦੇ ਗਹਿਣੇ, ਸੋਨੇ ਦੀਆਂ ਇੱਟਾਂ ਅਤੇ ਚਾਂਦੀ ਵੀ ਮਿਲੀ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 1.46 ਕਰੋੜ ਰੁਪਏ ਦੱਸੀ ਗਈ ਹੈ। ਜਾਂਚ ਏਜੰਸੀ ਮੁਤਾਬਕ ਜ਼ਬਤ ਕੀਤੀ ਗਈ ਨਕਦੀ, ਵਿਦੇਸ਼ੀ ਮੁਦਰਾ ਅਤੇ ਕੀਮਤੀ ਧਾਤਾਂ ਸਮੇਤ ਬਰਾਮਦ ਕੀਤੀ ਗਈ ਕੁੱਲ ਜਾਇਦਾਦ ਦੀ ਕੀਮਤ ਲਗਭਗ 1.86 ਕਰੋੜ ਰੁਪਏ ਬਣਦੀ ਹੈ।
ਸੀ.ਬੀ.ਆਈ. ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀਆਂ ਜਾਇਦਾਦਾਂ ਤੇ ਹੋਰ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ।