21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਫੁੱਲਾਂ ਦੀ ਖੇਤੀ : ਨਾਲੇ ਸੁਗੰਧੀ-ਨਾਲੇ ਕਮਾਈ

ਅਜੀਤ ਡੈਸਕ 22-07-2025

ਫੁੱਲਾਂ ਦਾ ਜ਼ਿਕਰ ਹੁੰਦਿਆਂ ਹੀ ਸਾਰਾ ਧਿਆਨ ਕਸ਼ਮੀਰ ਦੀਆਂ ਵਾਦੀਆਂ 'ਚ, ਸ੍ਰੀਨਗਰ ਵਿਖੇ ਫੁੱਲਾਂ ਦੇ ਵਿਲੱਖਣ ਰੰਗਾਂ ਵਾਲੇ ਖੇਤਾਂ ਵੱਲ ਜਾਂ ਫਿਰ ਹੇਮਕੁੰਟ ਸਾਹਿਬ ਦੇ ਰਸਤੇ 'ਚ ਜਾਣੀ ਜਾਂਦੀ 'ਫਲਾਵਰ ਵੈਲੀ' ਵੱਲ ਉਡਾਰੀ ਭਰ ਲੈਂਦਾ ਹੈ। ਪਰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਵਿਚ ਵੀ ਇਕ ਅਜਿਹੀ ਧਰਤੀ ਹੈ, ਜਿੱਥੋਂ ਦੀ ਮਹਿਕ ਮਨੁੱਖਾਂ ਦੇ ਮਨਾਂ ਨੂੰ ਫੁੱਲਾਂ ਦੀ ਸੁਗੰਧੀ ਨਾਲ ਭਰਪੂਰ ਕਰ ਦਿੰਦੀ ਹੈ। ਪੰਜਾਬ 'ਚ ਇਹ ਧਰਤੀ ਮਲੇਰਕੋਟਲਾ ਜ਼ਿਲ੍ਹੇ ਦੇ ਕਸਬਾ ਅਮਰਗੜ੍ਹ ਦੇ ਨਾਲ ਲੱਗਦੇ ਪਿੰਡ ਲਾਂਗੜੀਆਂ ਦੀ ਹੈ, ਜਿੱਥੇ ਖੇਤਾਂ ਵਿਚ ਫੁੱਲ ਹੀ ਫੁੱਲ ਦੇਖ ਕੇ ਵਿਅਕਤੀ ਹੈਰਾਨ ਰਹਿ ਜਾਂਦਾ ਹੈ। ਪਿਛਲੇ ਦਿਨੀਂ ਮੇਰੀ ਮਿਲਣੀ ਇਸੇ ਪਿੰਡ 'ਚ ਚੱਲ ਰਹੇ ਇਕ ਸਕੂਲ ਦੇ ਡਾਇਰੈਕਟਰ ਜਗਤਾਰ ਸਿੰਘ ਲਾਂਗੜੀਆਂ ਨਾਲ ਹੋਈ। ਇਸ ਦੌਰਾਨ ਉਨ੍ਹਾਂ ਤੋਂ ਪਿੰਡ ਬਾਰੇ ਜਾਣਕਾਰੀ ਲਈ ਤਾਂ ਉਨ੍ਹਾਂ ਦੱਸਿਆ ਕਿ ਇਸ ਪਿੰਡ ਨੂੰ 'ਫੁੱਲਾਂ ਵਾਲਾ ਪਿੰਡ' ਆਖਿਆ ਜਾਂਦਾ ਹੈ। ਉਨ੍ਹਾਂ ਦੇ ਸਕੂਲ 'ਚ ਲੱਗੇ ਵੱਖ-ਵੱਖ ਕਿਸਮਾਂ ਦੇ ਫੁੱਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਫਿਰ ਅਸੀਂ ਪਿੰਡ ਵਿਚ ਫੁੱਲਾਂ ਦੇ ਵੱਡੇ ਫਾਰਮ ਨੂੰ ਦੇਖਣ ਗਏ, ਜਿਸ ਦੇ ਮਾਲਕ ਭੁਪਿੰਦਰ ਸਿੰਘ ਢੀਂਡਸਾ ਤੇ ਅਵਤਾਰ ਸਿੰਘ ਢੀਂਡਸਾ ਦੋ ਸਕੇ ਭਰਾ ਹਨ। ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖੇਤੀ ਸੰਬੰਧੀ ਉੱਚ ਡਿਗਰੀਆਂ ਪ੍ਰਾਪਤ ਕੀਤੀਆਂ ਹੋਈਆਂ ਹਨ।
ਮੇਰੀ ਮੁਲਾਕਾਤ ਭੁਪਿੰਦਰ ਸਿੰਘ ਢੀਂਡਸਾ ਨਾਲ ਹੋਈ, ਜਿਨ੍ਹਾਂ ਨੇ ਸਾਨੂੰ ਆਪਣਾ ਫੁੱਲਾਂ ਦਾ ਫਾਰਮ ਦਿਖਾਇਆ। ਇਹ ਨਜ਼ਾਰਾ ਕਮਾਲ ਸੀ, ਕਿਉਂਕਿ ਜਿੱਥੋਂ ਤੱਕ ਸਾਡੀ ਨਜ਼ਰ ਪੈਂਦੀ ਹੈ, ਫੁੱਲ ਹੀ ਫੁੱਲ ਨਜ਼ਰ ਆਉਂਦੇ ਸਨ। ਇਕ ਕਿਸਮ ਦੇ ਨਹੀਂ ਸੈਂਕੜੇ ਕਿਸਮਾਂ ਦੇ ਵੱਖ-ਵੱਖ ਰੰਗਾਂ ਦੇ ਫੁੱਲ ਦੇਖਣ ਨੂੰ ਮਿਲੇ। ਗੱਲਬਾਤ ਦੌਰਾਨ ਭੁਪਿੰਦਰ ਨੇ ਦੱਸਿਆ ਕਿ ਉਹ ਆਪਣੀ 800 ਏਕੜ ਜ਼ਮੀਨ ਵਿਚ ਫੁੱਲਾਂ ਦੀ ਖੇਤੀ ਕਰਦੇ ਹਨ ਤੇ 1000 ਕੁ ਵੋਟਾਂ ਵਾਲੇ ਪਿੰਡ 'ਚ ਕੁਝ ਹੋਰ ਪਰਿਵਾਰ ਵੀ ਤਕਰੀਬਨ 200 ਏਕੜ ਵਿਚ ਫੁੱਲਾਂ ਦੀ ਕਾਸ਼ਤ ਕਰਦੇ ਹਨ। ਇਸ ਤਰ੍ਹਾਂ ਇਸ ਪਿੰਡ ਲਾਂਗੜੀਆਂ ਵਿਚ 1000 ਏਕੜ ਜ਼ਮੀਨ 'ਚ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਇਲਾਕੇ 'ਚ 25-30 ਪਰਿਵਾਰ ਫੁੱਲਾਂ ਦੀ ਖੇਤੀ ਨਾਲ ਚੰਗਾ ਰੁਜ਼ਗਾਰ ਹਾਸਿਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਫੁੱਲਾਂ ਦੇ ਬੀਜ ਤਿਆਰ ਕਰਦੇ ਹਨ ਅਤੇ ਅਮਰੀਕਾ, ਯੂਰਪ, ਆਸਟ੍ਰੇਲੀਆ, ਜਾਪਾਨ ਆਦਿ ਵਿਕਸਤ ਦੇਸ਼ਾਂ ਨੂੰ ਬੀਜ ਭੇਜਦੇ ਹਨ, ਜਿੱਥੋਂ ਉਨ੍ਹਾਂ ਨੂੰ ਚੰਗੀ ਕੀਮਤ ਮਿਲਦੀ ਹੈ। ਉਨ੍ਹਾਂ ਨੂੰ ਮਾਰਕੀਟ ਦੀ ਕੋਈ ਸਮੱਸਿਆ ਨਹੀਂ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਆਰਡਰ ਮਿਲੇ ਹੁੰਦੇ ਹਨ। ਫੁੱਲਾਂ ਦੀ ਕਮਾਈ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਨਾਲ ਉਨ੍ਹਾਂ ਨੂੰ ਕਣਕ ਤੋਂ ਤਿੰਨ ਗੁਣਾ ਵੱਧ ਮੁਨਾਫ਼ਾ ਹੁੰਦਾ ਹੈ ਅਤੇ ਉਹ ਕਣਕ ਦੇ ਮੌਸਮ ਵਿਚ ਫੁੱਲਾਂ ਦੀ ਖੇਤੀ ਹੀ ਕਰਦੇ ਹਨ। ਫੁੱਲਾਂ ਦੇ ਸੀਜ਼ਨ ਤੋਂ ਬਾਅਦ ਉਹ ਝੋਨਾ ਬੀਜ ਦਿੰਦੇ ਹਨ ਤੇ ਝੋਨੇ ਤੋਂ ਬਾਅਦ ਫਿਰ ਫੁੱਲ ਬੀਜਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਤਕਰੀਬਨ 400 ਕਿਸਮਾਂ ਦੇ ਫੁੱਲ ਹੁੰਦੇ ਹਨ, ਜਿਨ੍ਹਾਂ ਤੋਂ ਉਹ ਬੀਜ ਪ੍ਰਾਪਤ ਕਰਦੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਫੁੱਲਾਂ ਲਈ ਪਾਣੀ ਦੇਣ ਦਾ ਪ੍ਰਬੰਧ ਡਿਪ-ਸਿਸਟਮ ਹੀ ਹੈ ਅਤੇ ਇਨ੍ਹਾਂ ਦੀ ਦੇਖ-ਭਾਲ ਲਈ ਮਜ਼ਦੂਰਾਂ ਦੀ ਕਾਫ਼ੀ ਜ਼ਰੂਰਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਇਹ ਮਜ਼ਦੂਰ ਨਾਲ ਦੇ ਪਿੰਡਾਂ ਤੋਂ ਮਿਲ ਜਾਂਦੇ ਹਨ, ਜਿਨ੍ਹਾਂ ਦੇ ਆਉਣ-ਜਾਣ ਲਈ ਉਨ੍ਹਾਂ ਨੇ ਟਰਾਂਸਪੋਰਟ ਦਾ ਪ੍ਰਬੰਧ ਕਰ ਰੱਖਿਆ ਹੈ। ਬੀਜਾਂ ਦੀ ਸੰਭਾਲ ਤੇ ਸਫ਼ਾਈ ਆਦਿ ਲਈ ਛੋਟੀਆਂ ਮਸ਼ੀਨਾਂ ਵੀ ਵਰਤੀਆਂ ਜਾਂਦੀਆਂ ਹਨ। ਵਿਸ਼ੇਸ਼ ਟੈਸਟਾਂ ਅਤੇ ਦੂਜੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਫਾਰਮ ਵਿਚ ਹੀ ਲੈਬੋਰਟਰੀਆਂ ਅਤੇ ਸੈਮੀਨਾਰ ਰੂਮ ਦਾ ਪ੍ਰਬੰਧ ਹੈ। ਬਿਜਾਈ ਬਹੁਤੀ ਟਰੈਕਟਰਾਂ ਨਾਲ ਹੀ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਰਨਾਟਕ ਸੂਬੇ ਵਿਚ ਵੀ ਉਹ 300-400 ਏਕੜ ਵਿਚ ਫੁੱਲਾਂ ਦੀ ਕਾਸ਼ਤ ਕਰਦੇ ਹਨ।
ਮੈਂ ਹੱਸਦੇ ਹੋਏ ਨੇ ਕਿਹਾ ਕਿ ਕਸ਼ਮੀਰ ਨੂੰ ਫੁੱਲਾਂ ਦੀ ਬਹੁਤਾਤ ਕਾਰਨ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ ਪਰ ਤੁਸੀਂ ਤਾਂ ਪੰਜਾਬ ਵਿਚ ਹੀ ਇਸ ਪਿੰਡ ਨੂੰ ਸਵਰਗ ਬਣਾ ਦਿੱਤਾ। ਇਹ ਸੁਣ ਕੇ ਉਨ੍ਹਾਂ ਕਿਹਾ ਕਿ ਤੁਸੀਂ ਠੀਕ ਕਿਹਾ ਹੈ, ਜਦੋਂ ਫ਼ਸਲ ਪੂਰੇ ਜੋਬਨ 'ਤੇ ਹੁੰਦੀ ਹੈ ਤਾਂ ਫਰਵਰੀ ਦੇ ਅੰਤ ਜਾਂ ਮਾਰਚ ਦੇ ਸ਼ੁਰੂ ਵਿਚ ਫੁੱਲਾਂ ਦਾ ਨਜ਼ਾਰਾ ਦੇਖਣ ਯੋਗ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਤਾਂ ਜ਼ਰੂਰੀ ਕਰਨੀ ਹੀ ਹੈ, ਪਰ ਕਣਕ ਦੀ ਨਹੀਂ, ਸਗੋਂ ਫੁੱਲਾਂ ਦੀ ਹੀ ਕਰਨੀ ਹੈ, ਜੋ ਸਾਨੂੰ ਕਮਾਈ ਤਾਂ ਵੱਧ ਦਿੰਦੀ ਹੀ ਹੈ, ਨਾਲ ਮਨਾਂ ਨੂੰ ਸੁਗੰਧਿਤ ਅਤੇ ਮਿਠਾਸ ਨਾਲ ਵੀ ਭਰ ਦਿੰਦੀ ਹੈ। ਮੈਂ ਕਿਹਾ ਕਿ ਛੋਟੇ-ਛੋਟੇ ਬੀਜਾਂ ਦੀ ਸੰਭਾਲ ਕਰਨਾ ਤਾਂ ਬਹੁਤ ਮੁਸ਼ਕਿਲ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਸਾਡੇ ਮਜ਼ਦੂਰ ਇਸ ਕੰਮ 'ਚ ਮਾਹਿਰ ਹਨ ਅਤੇ ਕਈ ਛੋਟੀਆਂ ਮਸ਼ੀਨਾਂ ਵੀ ਸਹਾਈ ਹੁੰਦੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਕਰਨ ਦੀ ਵੀ ਅਪੀਲ ਵੀ ਕੀਤੀ।

-ਮਕਾਨ ਨੰ: 3098, ਸੈਕਟਰ-37 ਡੀ, ਚੰਡੀਗੜ੍ਹ।
ਮੋਬਾ: 98764-52223

ਪਿਛਲੀ ਖ਼ਬਰ ਮਿੱਟੀ ਪਰਖ: ਮਿੱਟੀ ਦੀ ਚੰਗੀ ਸਹਿਤ ਤੇ ਫ਼ਸਲ ਦੀ ਵੱਧ ਪੈਦਾਵਾਰ ਵੱਲ ਪਹਿਲਾ ਕਦਮ ਅਗਲੀ ਖ਼ਬਰ ਖਿਡਾਰੀਆਂ ਬਾਰੇ ਪਾਠ ਪੜ੍ਹਾਉਣਾ ਹੋਵੇਗਾ ਲਾਹੇਵੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।