ਪੰਜਾਬ ਦੇ ਸਕੂਲ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਖਿਡਾਰੀਆਂ ਦੇ ਜਨਮਦਾਤਾ ਵੀ ਹਨ। ਇੱਥੋਂ ਹੀ ਪੜ੍ਹਨ ਤੇ ਖੇਡਣ ਦੀ ਸ਼ੁਰੂਆਤ ਹੁੰਦੀ ਹੈ, ਜਿਸ ਦੀ ਬਦੌਲਤ ਵਿਸ਼ਵ ਪੱਧਰ ਦੇ ਖਿਡਾਰੀ ਤਿਆਰ ਕੀਤੇ ਜਾਂਦੇ ਹਨ। ਜੇਕਰ ਸਕੂਲ ਸਿੱਖਿਆ ਵੱਲ ਝਾਤੀ ਮਾਰੀ ਜਾਵੇ ਤਾਂ ਸਿੱਖਿਆ ਭਾਵੇਂ ਕਾਫ਼ੀ ਲਾਹੇਵੰਦ ਸਾਬਤ ਹੋ ਰਹੀ ਹੈ, ਪਰ ਖੇਡਾਂ ਦੇ ਵਿਸ਼ੇ ਵਿਚ ਆ ਰਹੀ ਖੜੋਤ ਦਾ ਹੱਲ ਕੱਢਣਾ ਵੀ ਜ਼ਰੂਰੀ ਹੈ। ਅੱਜ ਖੇਡਾਂ ਦੇ ਨਾਲ ਸੰਬੰਧਿਤ ਸਿੱਖਿਆ ਨੂੰ 'ਸਰੀਰਕ ਸਿੱਖਿਆ' ਦਾ ਵਿਸ਼ਾ ਕਿਹਾ ਜਾਂਦਾ ਹੈ। ਜੇਕਰ ਉਸ ਦੇ ਪਾਠਕ੍ਰਮ ਨੂੰ ਘੋਖਿਆ ਜਾਵੇ ਤਾਂ ਇਸ ਵਿਚ ਲਗਦਾ ਖੇਡਾਂ ਹਨ ਕਿੱਥੇ? ਪ੍ਰਾਇਮਰੀ ਵਿੰਗ ਵਿਚ ਖੇਡਾਂ ਦਾ ਵਿਸ਼ਾ ਨਾਮਾਤਰ ਹੈ। ਛੋਟੇ ਬੱਚਿਆਂ ਕੋਲ ਕੋਈ ਵੀ ਇਸ ਤਰ੍ਹਾਂ ਦਾ ਪਾਠਕ੍ਰਮ ਨਹੀਂ ਹੈ, ਜਿਸ ਨੂੰ ਪੜ੍ਹ ਕੇ ਜਾਂ ਕੋਈ ਸਾਬਕਾ ਖਿਡਾਰੀਆਂ ਦੀਆਂ ਤਸਵੀਰਾਂ ਦੇਖ ਕੇ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰਭਾਵਿਤ ਕੀਤਾ ਜਾ ਸਕੇ। ਵਿਦਿਆਰਥੀ ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਹਾਈ/ਸੈਕੰਡਰੀ ਸਕੂਲਾਂ ਵਿਚ ਸਿੱਖਿਆ ਪ੍ਰਾਪਤ ਕਰਨ ਜਾਂਦਾ ਹੈ। ਜਿੱਥੇ ਵਿਸ਼ੇ ਦਾ ਨਾਂਅ ਹੀ 'ਸਿਹਤ ਅਤੇ ਸਰੀਰਕ ਸਿੱਖਿਆ' ਹੈ, ਭਾਵ ਬੱਚੇ ਨੂੰ ਸਿਰਫ਼ ਮਨੁੱਖੀ ਸਰੀਰ ਬਾਰੇ ਹੀ ਜਾਣਕਾਰੀ ਦਿੱਤੀ ਜਾਂਦੀ ਹੈ। ਜੇਕਰ ਸਾਰੇ ਹੀ ਪਾਠਕ੍ਰਮ ਵੱਲ ਝਾਤੀ ਮਾਰੀ ਜਾਵੇ ਤਾਂ ਦੱਸਿਆ ਜਾਂਦਾ ਹੈ ਕਿ ਸੰਤੁਲਿਤ ਭੋਜਨ, ਟੂਰਨਾਮੈਂਟ ਦੀਆਂ ਕਿਸਮਾਂ, ਮਨੁੱਖੀ ਸਰੀਰ ਦੀਆਂ ਬਿਮਾਰੀਆਂ, ਇਨ੍ਹਾਂ ਨੂੰ ਠੀਕ ਕਰਨ ਦੇ ਆਸਣ, ਵਿਟਾਮਿਨ ਕੀ ਹਨ, ਕਿੱਥੋਂ ਪ੍ਰਾਪਤ ਹੁੰਦੇ ਹਨ, ਕਿੰਨੀ ਮਾਤਰਾ ਵਿਚ ਖਾਣੇ ਚਾਹੀਦੇ ਹਨ ਆਦਿ। ਦਸਵੀਂ ਜਮਾਤ ਵਿਚ ਉਲੰਪਿਕ ਖੇਡਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਪਹਿਲੇ ਦਸ ਸਾਲ ਵਿਚ ਵਿਦਿਆਰਥੀ ਨੂੰ ਦੱਸਿਆ ਹੀ ਨਹੀਂ ਜਾਂਦਾ ਉਲੰਪਿਕ ਜਾਣ ਦਾ ਰਸਤਾ ਕਿਹੜਾ ਹੈ। ਸੈਕੰਡਰੀ ਸਿੱਖਿਆ ਵਿਚ ਵਿਸ਼ੇ ਦਾ ਨਾਂਅ ਸਰੀਰਕ ਸਿੱਖਿਆ ਅਤੇ ਖੇਡਾਂ ਹੈ, ਉਸ ਪੱਧਰ 'ਤੇ ਜਾਣਕਾਰੀ ਜ਼ਰੂਰ ਦਿੱਤੀ ਜਾਂਦੀ ਹੈ ਪਰ ਉਦੋਂ ਤੱਕ ਬੱਚਾ ਸਰੀਰਕ ਖੇਡਾਂ ਤੋਂ ਦੂਰ ਜਾ ਚੁੱਕਾ ਹੁੰਦਾ ਹੈ। ਉਸ ਵੇਲੇ ਤੱਕ ਉਸ ਦੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮਨੋਰੰਜਨ ਖੇਡਾਂ ਆ ਜਾਂਦੀਆਂ ਹਨ। ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਪਾਠਕ੍ਰਮ ਵਿਚ ਬਦਲਾਅ ਜ਼ਰੂਰੀ ਹੈ, ਸਾਬਕਾ ਖਿਡਾਰੀਆਂ ਦੇ ਜੀਵਨ ਬਾਰੇ ਵੀ ਪੜ੍ਹਾਇਆ ਜਾਣਾ ਚਾਹੀਦਾ ਹੈ। ਪੰਜਾਬ ਦਾ ਖੇਡ ਇਤਿਹਾਸ ਬਹੁਤ ਹੀ ਪ੍ਰਸਿੱਧ ਹੈ। ਅਨੇਕਾਂ ਹੀ ਖਿਡਾਰੀ ਪੰਜਾਬ ਨੇ ਪੈਦਾ ਕੀਤੇ ਹਨ, ਜਿਨ੍ਹਾਂ ਨੇ ਉਲੰਪਿਕ ਤੇ ਅੰਤਰਰਸ਼ਟਰੀ ਪੱਧਰ 'ਤੇ ਤਗਮੇ ਪ੍ਰਾਪਤ ਕੀਤੇ ਹਨ। ਸਕੂਲੀ ਵਿਦਿਆਰਥੀਆਂ ਨੂੰ ਮਹਾਨ ਖਿਡਾਰੀਆਂ ਬਾਰੇ ਜਾਣਕਾਰੀ ਨਹੀਂ, ਕਿਉਂਕਿ ਇਨ੍ਹਾਂ ਬਾਰੇ ਪਾਠ ਪੜ੍ਹਾਏ ਹੀ ਨਹੀਂ ਜਾਂਦੇ। ਸਾਡੇ ਦੇਸ਼ ਦਾ ਸਿੱਖਿਆ ਪੱਧਰ ਉੱਚਾ ਹੈ, ਜਿਸ ਵਿਚ ਵਧੀਆ ਤੇ ਤਕਨੀਕੀ ਢੰਗ ਨਾਲ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਬੱਚਿਆਂ ਦੀ ਪੜ੍ਹਾਈ ਲਈ ਬਹੁਤ ਹੀ ਸੁੰਦਰ ਕਮਰਿਆਂ ਦਾ ਨਿਰਮਾਣ ਕੀਤਾ ਗਿਆ ਹੈ। ਸਾਰੇ ਹੀ ਕਮਰਿਆਂ ਵਿਚ ਉੱਚ ਪੱਧਰੀ ਤਕਨੀਕ ਐਜੂਸੈੱਟ, ਵੱਡੀਆਂ-ਵੱਡੀਆਂ ਟੀ.ਵੀ. ਸਕਰੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਸਕਰੀਨਾਂ ਤੇ ਐਜੂਸੈਟਾਂ ਦੇ ਮਾਧਿਅਮ ਰਾਹੀਂ ਦਿਲਚਸਪ ਢੰਗ ਨਾਲ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ। ਖੇਡਾਂ ਨੂੰ ਛੱਡ ਕੇ ਸਾਰੇ ਵਿਸ਼ਿਆਂ ਨੂੰ ਵਧੀਆ ਢੰਗ ਨਾਲ ਦਿਖਾਇਆ ਜਾਂਦਾ ਹੈ, ਜਦਕਿ ਮੁੱਢਲੇ ਵਿਕਾਸ ਲਈ ਖੇਡਾਂ ਵੀ ਜ਼ਰੂਰੀ ਹਨ। ਅੱਜ ਇਕ ਛੋਟੀ ਜਿਹੀ ਪੈਨ-ਡਰਾਈਵ ਨਾਲ ਸਾਰੇ ਵਿਦਿਆਰਥੀਆਂ ਨੂੰ ਸਾਬਕਾ ਖਿਡਾਰੀਆਂ ਬਾਰੇ ਜਾਣਕਾਰੀ ਉਪਲਬਧ ਕਰਵਾਈ ਜਾ ਸਕਦੀ ਹੈ। ਸਾਰੇ ਵਿਦਿਆਰਥੀਆਂ ਨੂੰ ਉੁਨ੍ਹਾਂ ਸਾਬਕਾ ਖਿਡਾਰੀਆਂ ਬਾਰੇ ਜਾਣਕਾਰੀ ਦੇਣ ਲਈ ਪਾਠ ਜਾਂ ਤਸਵੀਰਾਂ ਦੇ ਰੂਪ ਵਿਚ ਸਰੀਰਕ ਸਿੱਖਿਆ ਵਿਸ਼ੇ 'ਚ ਸ਼ਾਮਿਲ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਦੇਸ਼ ਨਾਂਅ ਰੌਸ਼ਨ ਕਰਕੇ ਤਿਰੰਗੇ ਝੰਡੇ ਦਾ ਮਾਣ ਵਧਾਇਆ ਹੈ। ਇਸ ਉਪਰਾਲੇ ਨਾਲ ਮਾਨਸਿਕ ਤੇ ਸਰੀਰਕ ਤੌਰ 'ਤੇ ਵਧੀਆ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ। ਇਸ ਤਰ੍ਹਾਂ ਸਾਬਕਾ ਖਿਡਾਰੀਆਂ ਬਾਰੇ ਪੜ੍ਹਾਇਆ ਗਿਆ ਪਾਠ, ਉੱਭਰਦੇ ਖਿਡਾਰੀਆਂ ਲਈ ਕਾਫ਼ੀ ਲਾਹੇਵੰਦ ਸਿੱਧ ਹੋ ਸਕਦਾ ਹੈ।
-ਪਿੰਡ+ਡਾਕ-ਬੌਂਦਲੀ, ਸਮਰਾਲਾ (ਲੁਧਿਆਣਾ)।
ਮੋਬਾ: 9876153007