ਰਸੋਈ ਘਰ ਵਿਚ ਸਬਜ਼ੀਆਂ ਦਾ ਜ਼ਾਇਕਾ ਵਧਾਉਣ ਲਈ ਸਦੀਆਂ ਤੋਂ ਵਰਤੇ ਜਾ ਰਹੇ ਧਨੀਏ ਨੂੰ ਹਾਲ ਹੀ ਦੇ ਸਾਲਾਂ ਵਿਚ ਸੁੰਦਰਤਾ ਜਗਤ ਦਾ ਨਵਾਂ 'ਰਾਕਸਟਾਰ' ਮੰਨਿਆ ਜਾਣ ਲੱਗਾ ਹੈ। ਇਸ ਲਈ ਅੱਜਕੱਲ੍ਹ ਕਿੱਲ ਮੁਹਾਂਸੇ, ਤੇਲ ਵਾਲੀ ਤੇ ਖ਼ੁਸ਼ਕ ਚਮੜੀ, ਕਾਲੇ ਧੱਬਿਆਂ ਦੇ ਇਲਾਜ ਲਈ ਧਨੀਏ ਨੂੰ ਹਰਬਲ ਸੁੰਦਰਤਾ ਵਾਲੀਆਂ ਚੀਜ਼ਾਂ ਦੇ ਰੂਪ 'ਚ ਵਰਤੋਂ ਕੀਤੀ ਜਾ ਰਹੀ ਹੈ।
ਇਕ ਚਮਚ ਹਰੇ ਧਨੀਏ ਜੂਸ ਤੇ ਇਕ ਚਮਚ ਲੈਮਨ ਗ੍ਰਾਸ ਨੂੰ ਉੱਬਲਦੇ ਪਾਣੀ ਵਿਚ ਪਾ ਕੇ ਇਕ ਘੰਟੇ ਤੱਕ ਪਿਆ ਰਹਿਣ ਦਿਉ ਅਤੇ ਇਸ ਨਾਲ ਬਣੇ ਪੇਸਟ ਨੂੰ ਕਿੱਲ, ਮੁਹਾਂਸਿਆਂ 'ਤੇ ਲਗਾ ਕੇ ਅੱਧੇ ਘੰਟੇ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ। ਤਾਜ਼ਾ ਧਨੀਏ ਦੀਆਂ ਪੱਤੀਆਂ ਦੇ ਜੂਸ ਤੇ ਨਿੰਬੂ ਜੂਸ ਨੂੰ ਮਿਲਾ ਕੇ ਕਿੱਲ-ਮੁਹਾਂਸਿਆਂ ਤੇ ਕਾਲੇ ਹੱਥਾਂ 'ਤੇ ਲਗਾ ਕੇ ਅੱਧੇ ਘੰਟੇ ਬਾਅਦ ਸਾਫ਼ ਤਾਜ਼ੇ ਪਾਣੀ ਨਾਲ ਧੋ ਲਓ। ਧਨੀਏ ਦਾ ਫੇਸ ਪੈਕ ਚਮੜੀ ਵਿਚ ਚਮਕ ਵਧਾਉਂਦਾ ਹੈ। ਤਾਜ਼ਾ ਟਮਾਟਰ, ਹਰੇ ਧਨੀਏ ਦੀਆਂ ਪੱਤੀਆਂ ਤੇ ਗੁਲਾਬ ਜਲ ਨੂੰ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ 'ਤੇ ਲਗਾਉਣ ਦੇ 15 ਮਿੰਟ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ। ਗਰਮੀਆਂ ਦੌਰਾਨ ਤਾਪਮਾਨ 'ਚ ਵਾਧੇ ਤੇ ਸੂਰਜ ਦੀਆਂ ਤੇਜ਼ ਕਿਰਨਾਂ ਨਾਲ ਚਮੜੀ ਵਿਚ ਕਾਲਾਪਨ ਆ ਜਾਂਦਾ ਹੈ। ਅੱਧਾ ਕੱਪ ਜਈ, ਇਕ ਚੌਥਾਈ ਕੱਪ ਦਹੀਂ ਤੇ ਇਕ ਚੌਥਾਈ ਕੱਪ ਧਨੀਆ ਪੱਤੀਆਂ ਨੂੰ ਕੱਟ ਕੇ ਮਿਕਸੀ ਵਿਚ ਬਲੈਂਡ ਕਰ ਲਉ ਅਤੇ ਇਸ ਪੇਸਟ ਨੂੰ ਚਿਹਰੇ, ਗਰਦਨ ਆਦਿ ਖੁੱਲ੍ਹੇ ਅੰਗਾਂ 'ਤੇ ਲਗਾ ਕੇ 20 ਮਿੰਟ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ, ਇਸ ਨਾਲ ਗਰਮੀਆਂ ਵਿਚ ਝੁਲਸੀ ਚਮੜੀ ਨੂੰ ਠੰਢਕ ਮਿਲੇਗੀ।
ਦੋ ਚਮਚ ਧਨੀਆ ਪੱਤੀਆਂ ਦਾ ਜੂਸ ਤੇ ਇਕ ਚਮਚ ਨਿੰਬੂ ਜੂਸ ਨੂੰ ਮਿਲਾ ਕੇ ਰਾਤ ਨੂੰ ਆਪਣੇ ਬੁੱਲ੍ਹਾਂ 'ਤੇ ਮਾਲਿਸ਼ ਕਰ ਲਓ ਅਤੇ ਇਸ ਨੂੰ ਬੁੱਲ੍ਹਾਂ 'ਤੇ ਰਾਤ ਭਰ ਲੱਗਾ ਰਹਿਣ ਦਿਉ ਤੇ ਸਵੇਰੇ ਤਾਜ਼ੇ ਪਾਣੀ ਨਾਲ ਧੋ ਲਓ। ਹਫ਼ਤੇ ਵਿਚ ਦੋ ਵਾਰ ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਬੁੱਲ੍ਹ ਮੁਲਾਇਮ ਤੇ ਗੁਲਾਬੀ ਹੋ ਜਾਣਗੇ।
ਧਨੀਏ ਦੀਆਂ ਪੱਤੀਆਂ ਦੇ ਜੂਸ ਨੂੰ ਐਲੋਵੇਰਾ ਨਾਲ ਮਿਕਸ ਕਰ ਕੇ ਬਣਾਏ ਮਿਸ਼ਰਨ ਨੂੰ ਲਗਾਉਣ ਨਾਲ ਚਿਹਰੇ 'ਤੇ ਝੁਰੜੀਆਂ ਰੋਕਣ 'ਚ ਮਦਦ ਮਿਲਦੀ ਹੈ। ਧਨੀਏ ਦੀਆਂ ਪੱਤੀਆਂ, ਚੌਲਾਂ ਦੇ ਆਟੇ ਤੇ ਦਹੀਂ ਦੇ ਮਿਸ਼ਰਨ ਨਾਲ ਬਣੇ ਫੇਸ ਪੈਕ ਦੇ ਲਗਾਉਣ ਨਾਲ ਚਿਹਰੇ ਦੀਆਂ ਮਾਸਪੇਸ਼ੀਆਂ ਤੇ ਕੋਸ਼ਿਕਾਵਾਂ ਤਰੋ-ਤਾਜ਼ਾ ਹੋ ਜਾਂਦੀਆਂ ਹਨ, ਤੁਸੀਂ ਖਿੜੇ-ਖਿੜੇ ਮਹਿਸੂਸ ਕਰਦੇ ਹੋ। ਤਾਜ਼ਾ ਹਰੇ ਧਨੀਏ ਦੀਆਂ ਪੱਤੀਆਂ ਨੂੰ ਗ੍ਰਾਈਂਡਰ ਵਿਚ ਪਾਣੀ ਪਾ ਕੇ ਇਸ ਨੂੰ ਗ੍ਰਾਇੰਡ ਕਰਕੇ ਪੇਸਟ ਬਣਾ ਲਓ। ਹੁਣ ਇਸ ਨੂੰ ਮਲਮਲ ਦੇ ਕੱਪੜੇ ਜਾਂ ਸਟ੍ਰੇਨਰ ਦੀ ਮਦਦ ਨਾਲ ਜੂਸ ਤੋਂ ਵੱਖ ਕਰ ਲਓ। ਥੋੜ੍ਹੇ ਜਿਹੇ ਜੂਸ ਵਿਚ ਚੁਟਕੀ ਭਰ ਹਲਦੀ ਮਿਲਾ ਕੇ ਪੇਸਟ ਨੂੰ ਰਾਤ ਨੂੰ ਸੌਂਦੇ ਸਮੇਂ ਚਿਹਰੇ 'ਤੇ ਲਗਾ ਕੇ ਸਵੇਰੇ ਤਾਜ਼ੇ ਪਾਣੀ ਨਾਲ ਧੋਣ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ।
ਧਨੀਆ ਦਿੰਦਾ ਹੈ ਸੁੰਦਰ ਰੰਗ-ਰੂਪ
ਅਜੀਤ ਡੈਸਕ
04-12-2025