ਫੁੱਲਾਂ ਵਾਂਗ ਖਿੜੇ ਰਹੋ ਭਾਵ ਹਰ ਵਕਤ ਹੱਸਦੇ ਰਹੋ। ਚਿਹਰੇ ਉੱਤੇ ਨੂਰ ਰੱਖੋਗੇ ਤਾਂ ਤੰਦਰੁਸਤ ਤੇ ਸਿਹਤਯਾਬ ਰਹੋਗੇ। ਹੱਸਣਾ ਇਕ ਅਜਿਹੀ ਜ਼ਬਰਦਸਤ ਦਵਾਈ ਹੈ, ਜੋ ਇਨਸਾਨ ਨੂੰ ਹਰ ਰੋਗ ਤੋਂ ਬਚਾਅ ਕੇ ਹੀ ਨਹੀਂ ਰੱਖਦੀ, ਸਗੋਂ ਸਾਹਮਣੇ ਵਾਲੇ ਇਨਸਾਨ ਉੱਤੇ ਵੀ ਗਹਿਰੀ ਛਾਪ ਛੱਡਦੀ ਹੈ। ਜੇ ਤੁਸੀਂ ਫੁੱਲਾਂ ਵਾਂਗ ਖਿੜ੍ਹੇ ਰਹਿੰਦੇ ਹੋ ਤਾਂ ਦੂਸਰੇ ਇਨਸਾਨ ਉੱਤੇ ਵੀ ਉਸ ਦਾ ਅਸਰ ਪੈਂਦਾ ਹੈ ਤੇ ਉਹ ਮੱਲੋ-ਮੱਲੀ ਤੁਹਾਡੇ ਨਾਲ ਗੱਲ ਕਰਨ ਲਈ ਉਤਾਵਲਾ ਹੋਵੇਗਾ। ਫੁੱਲਾਂ ਵਾਂਗ ਖਿੜ੍ਹੇ ਰਹਿਣ ਦਾ ਸਭ ਤੋਂ ਵੱਡਾ ਫਾਇਦਾ ਤੁਹਾਨੂੰ ਇਹ ਹੋਵੇਗਾ ਕਿ ਜੇ ਕਿਤੇ ਸਾਹਮਣੇ ਵਾਲਾ ਤੁਹਾਡਾ ਕੰਮ ਨਹੀਂ ਵੀ ਕਰਨਾ ਚਾਹੁੰਦਾ ਤਾਂ ਵੀ ਕਰ ਦੇਵੇਗਾ। ਗੁੱਸਾ ਇਨਸਾਨ ਨੂੰ ਨਾ ਸਿਰਫ਼ਡ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਤੁਹਾਨੂੰ ਸਮਾਜ ਤੋਂ ਵੀ ਵੱਖ ਕਰਦਾ ਹੈ। ਇਸ ਲਈ ਹਮੇਸ਼ਾ ਫੁੱਲਾਂ ਵਾਂਗ ਖਿੜੇ ਰਹੋ, ਜਿਸ ਨਾਲ ਤੁਹਾਡੀ ਵੱਖਰੀ ਪਛਾਣ ਬਣੇਗੀ। ਤੁਹਾਨੂੰ ਕੰਮ ਕਰਨ ਦੀ ਹੋਰ ਊਰਜਾ ਮਿਲੇਗੀ। ਤੁਹਾਡੇ ਹਾਸੇ 'ਤੇ ਖਿੜੇ ਚਿਹਰੇ ਦੀ ਮਹਿਕ ਫੁੱਲਾਂ ਵਾਂਗ ਸਭ ਪਾਸੇ ਸੁਗੰਧ ਫੈਲਾਉਂਦੀ ਤੁਹਾਡੀ ਸ਼ਖ਼ਸੀਅਤ ਨੂੰ ਚਾਰ ਚੰਨ ਲਾਵੇਗੀ। ਤੁਹਾਡਾ ਰੁਤਬਾ ਵੱਖਰਾ ਦਿਸੇਗਾ ਤੁਹਾਡੇ ਸਮਾਜਿਕ ਸੰਬੰਧ ਮਜ਼ਬੂਤ ਤੇ ਪੀਡੇ ਬਣਨਗੇ। ਹਰ ਕੋਈ ਤੁਹਾਨੂੰ ਪਸੰਦ ਕਰੇਗਾ। ਮੁਸ਼ਕਿਲਾਂ 'ਚ ਵੀ ਆਪਣੇ ਚਿਹਰੇ ਨੂੰ ਮੁਰਝਾਉਣ ਨਾ ਦਿਓ। ਯਾਦ ਰੱਖੋ, ਨਿਰਾਸ਼ਤਾ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਹਸੂੰ-ਹਸੂੰ ਕਰਦਾ ਮੁਖੜਾ ਤੁਹਾਡੀਆਂ ਮੁਸ਼ਕਿਲਾਂ ਤੇ ਕਮਜ਼ੋਰੀਆਂ ਨੂੰ ਛਪਾਉਣ ਦੀ ਸਮਰੱਥਾ ਰੱਖਦਾ ਹੁੰਦਾ ਹੈ। ਤੁਹਾਡੇ 'ਚ ਆਤਮ-ਵਿਸ਼ਵਾਸ ਪੈਦਾ ਕਰਦਾ ਹੈ, ਜਿਸ ਨਾਲ ਤੁਸੀਂ ਸਾਹਮਣੇ ਵਾਲੇ ਉੱਤੇ ਗਹਿਰਾ ਪ੍ਰਭਾਵ ਪਾ ਸਕਦੇ ਹੋ। ਉਸ ਨੂੰ ਆਪਣੀ ਨਾ ਮੰਨੀ ਜਾਣ ਵਾਲੀ ਗੱਲ ਲਈ ਵੀ ਸਹਿਮਤੀ ਭਰਵਾ ਸਕਦੇ ਹੋ। ਇਹ ਹੈ ਫੁੱਲਾਂ ਵਾਂਗ ਖਿੜੇ ਰਹਿਣ ਦਾ ਫ਼ਾਇਦਾ।
-ਪੰਜਾਬੀ ਮਿਸਟ੍ਰੈੱਸ, ਸਰਕਾਰੀ ਹਾਈ ਸਕੂਲ, ਬੁੱਲੇਪੁਰ (ਖੰਨਾ), ਜ਼ਿਲ੍ਹਾ ਕਪੂਰਥਲਾ।
ਫੁੱਲਾਂ ਵਾਂਗ ਖਿੜੇ ਰਹੋ
ਅਜੀਤ ਡੈਸਕ
04-12-2025