ਸਵੇਰ ਦਾ ਸਮਾਂ। ਪਤੀ-ਪਤਨੀ ਦੋਵੇਂ ਕੰਮਕਾਜੀ। ਦੋਵਾਂ ਦਾ ਧਿਆਨ ਘੜੀ ਵੱਲ ਹੀ ਹੈ ਅਤੇ ਦੋਵੇਂ ਹੀ ਸੋਚਦੇ ਹਨ ਕਾਸ਼! ਸਮਾਂ ਥੋੜ੍ਹਾ ਰੁਕ ਜਾਂਦਾ ਪਰ ਸੱਚ ਹੈ ਕਿ ਭਲਾ ਸਮਾਂ ਰੁਕਿਆ ਹੈ ਕਦੇ ਕਿਸੇ ਲਈ। ਸਵੇਰੇ-ਸਵੇਰੇ ਏਨੀ ਭੱਜ-ਨੱਠ ਹੁੰਦੀ ਹੈ ਤੇ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਦੋਵੇਂ ਬਿਨਾਂ ਨਾਸ਼ਤਾ ਕੀਤੇ ਹੀ ਦਫ਼ਤਰ ਚਲੇ ਜਾਂਦੇ ਹਨ। ਨਤੀਜੇ ਵਜੋਂ ਆਸਰਾ ਹੁੰਦਾ ਹੈ ਕੰਟੀਨ ਜਾਂ ਹੋਟਲ ਦਾ। ਇਹ ਹਾਲ ਹੈ ਕੰਮਕਾਜੀ ਵਿਅਕਤੀ ਦਾ, ਹੁਣ ਚਾਹੇ ਉਹ ਔਰਤ ਹੋਵੇ ਜਾਂ ਮਰਦ।
ਅੱਜਕਲ੍ਹ ਪਾਵ ਦੇ ਨਾਲ-ਨਾਲ ਭਾਜੀ ਦੇ ਵੀ ਕੰਪਨੀਆਂ ਨੇ ਪ੍ਰਬੰਧ ਕਰ ਦਿੱਤੇ ਹਨ। ਇਸ ਤੋਂ ਇਲਾਵਾ ਦਾਲ ਮੱਖਣੀ, ਪਾਲਕ ਪਨੀਰ, ਆਲੂ ਗੋਭੀ ਆਦਿ ਵੀ ਮਿਲਦੇ ਹਨ ਪਰ ਉਨ੍ਹਾਂ ਵਿਚ ਉਹ ਪੌਸ਼ਟਿਕਤਾ ਨਹੀਂ ਹੁੰਦੀ ਹੈ ਜੋ ਤਾਜ਼ੀਆਂ ਸਬਜ਼ੀਆਂ ਵਿਚ ਮੌਜੂਦ ਰਹਿੰਦੀ ਹੈ। ਅਸੀਂ ਕਮਾ ਰਹੇ ਹਾਂ ਸਿੱਧੇ-ਅਸਿੱਧੇ ਰੂਪ ਨਾਲ
ਅਰਾਮਦਾਇਕ ਜੀਵਨ ਲਈ, ਜਿਥੇ ਸਕੂਨ ਦਾ ਖਾਣਾ, ਸਕੂਨ ਦਾ ਪਹਿਰਾਵਾ ਅਤੇ ਸਿਰਫ਼ ਸਕੂਨ ਹੀ ਹੋਵੇ ਪਰ ਇਸ ਭੱਜ-ਨੱਠ ਵਿਚ ਸਮਾਂ ਏਨਾ ਸਿਮਟਦਾ ਜਾ ਰਿਹਾ ਹੈ ਕਿ ਨੌਕਰੀ ਕਰਨ ਦੇ ਮਾਇਨੇ ਗਵਾਚਦੇ ਜਾ ਰਹੇ ਹਨ ਪਰ ਜਿਥੇ ਸਮੱਸਿਆ ਹੈ, ਉਥੇ ਉਸ ਦਾ ਹੱਲ ਵੀ ਹੈ। ਬਸ ਚਾਹੀਦੀ ਹੈ ਮਿਹਨਤ ਤੇ ਸ੍ਰੀਮਤੀ ਜੀ ਦੀ ਥੋੜ੍ਹੀ ਸੂਝ-ਬੂਝ।
ਜੀ ਹਾਂ, ਹਰ ਕੰਮ ਐਡਵਾਂਸ ਕਰੋ। ਇਹੀ ਦੌਰ ਹੈ ਮੌਜੂਦਾ। ਨਾਸ਼ਤਾ ਕੱਲ੍ਹ ਖਾਣਾ ਹੈ ਤਾਂ ਅੱਜ ਰਾਤ ਹੀ ਥੋੜ੍ਹਾ ਬਹੁਤ ਜੁਗਾੜ ਕਰਨਾ ਹੋਵੇਗਾ ਤਾਂ ਕਿ ਕਲ੍ਹ ਸਵੇਰੇ ਆਰਾਮ ਨਾਲ ਖਾ-ਪੀ ਕੇ ਦਫ਼ਤਰ ਜਾ ਸਕੋ। ਝਟਪਟ ਲਈ ਪੁੰਗਰੀ ਮੂੰਗੀ, ਪੱਤਾ ਗੋਭੀ ਕਤਰੀ ਹੋਈ ਅਤੇ ਸਾਦੀ ਬਰੈੱਡ, ਇਕ ਗਿਲਾਸ ਦੁੱਧ, ਉੱਬਲੇ ਅੰਡੇ ਵਰਗੇ ਹਲਕੇ ਨਾਸ਼ਤੇ ਕਾਫ਼ੀ ਹਨ। ਇਸ ਨੂੰ ਤਿਆਰ ਕਰਨ ਲਈ ਜੇਕਰ ਸਵੇਰੇ ਸਮਾਂ ਨਹੀਂ ਹੈ ਤਾਂ ਤੁਸੀਂ ਕੁਝ ਕੰਮ ਪਹਿਲਾਂ ਹੀ ਰਾਤ ਨੂੰ ਨਿਪਟਾ ਲਓ, ਜਿਵੇਂ ਅੰਡੇ ਉਬਾਲ ਕੇ ਫਰਿੱਜ ਵਿਚ ਰੱਖ ਦਿਓ। ਇਸ ਤੋਂ ਇਲਾਵਾ ਆਮਲੇਟ, ਪੈਨਕੇਕ ਵਰਗੇ ਹਲਕੇ ਪਕਵਾਨ ਦਾ ਘੋਲ ਤੁਸੀਂ ਪਹਿਲਾਂ ਹੀ ਬਣਾ ਕੇ ਤਿਆਰ ਕਰ ਸਕਦੇ ਹੋ। ਇਹ ਪਕਵਾਨ ਨਾ ਸਿਰਫ਼ ਬਣਾਉਣ ਵਿਚ ਸੌਖੇ ਹੁੰਦੇ ਹਨ ਸਗੋਂ ਪੌਸ਼ਟਿਕਤਾ ਨਾਲ ਵੀ ਭਰਪੂਰ ਹੁੰਦੇ ਹਨ। ਇਕ ਰਾਤ ਪਹਿਲਾਂ ਘੋਲ ਤਿਆਰ ਕਰ ਕੇ ਰੱਖੋ।
ਹੁਣ ਕਿਉਂਕਿ ਘੱਟ ਖਾਣਾ ਅਤੇ ਸਿਹਤਮੰਦ ਰਹਿਣ ਦਾ ਜ਼ਮਾਨਾ ਹੈ, ਤੇਲ ਵਾਲੀਆਂ ਚੀਜ਼ਾਂ ਆਦਿ ਦੀ ਸਿਹਤ ਲਈ ਮਨਾਹੀ ਹੈ, ਤੁਸੀਂ ਵੀ ਇਸ 'ਤੇ ਅਮਲ ਕਰੋ ਪਰ ਝਟਪਟ। ਮੂੰਗ ਨੂੰ ਪੁੰਗਰਾਉਣ ਲਈ ਇਕ ਦਿਨ ਥੋੜ੍ਹਾ ਜ਼ਿਆਦਾ ਭਿਉਂ ਦਿਓ ਤਾਂ ਕਿ ਪੰਜ ਦਿਨਾਂ ਤੱਕ ਤੁਸੀਂ ਨਿਸਚਿਤ ਰਹਿ ਸਕਦੇ ਹੋ। ਇਸ ਨੂੰ ਕਿਸੇ ਬੰਦ ਡੱਬੇ ਵਿਚ ਰੱਖੋ ਤਾਂ ਕਿ ਉਹ ਤਾਜ਼ੀ ਰਹੇ। ਇਸ ਤੋਂ ਇਲਾਵਾ ਉੱਬਲੇ ਮਟਰ, ਫੁੱਲਗੋਭੀ, ਗਾਜਰ, ਦੋ ਪੀਸ ਬ੍ਰੈੱਡ, ਛੋਟੇ ਆਲੂ, ਚਾਹੋ ਤਾਂ ਅੰਡੇ ਵੀ ਪਾ ਸਕਦੇ ਹੋ। ਨਮਕ, ਹਰੀ ਮਿਰਚ ਤੇ ਫੈਟ-ਫ੍ਰੀ ਮੱਖਣ ਦੀ ਵਰਤੋਂ ਕਰਕੇ ਕਟਲੇਟ ਬਣਾ ਕੇ ਫਰਿੱਜ ਵਿਚ ਰੱਖੋ ਅਤੇ ਜਦੋਂ ਚਾਹੋ ਓਵਨ ਵਿਚ ਬੇਕ ਕਰੋ ਤੇ ਖਾਓ। ਤਿਆਰ ਹੈ ਸਵੇਰੇ-ਸਵੇਰੇ ਪੌਸ਼ਟਿਕਤਾ ਨਾਲ ਭਰਪੂਰ ਤੇਲ-ਰਹਿਤ ਤੁਹਾਡਾ ਨਾਸ਼ਤਾ।
ਇਸ ਤਰ੍ਹਾਂ ਅਨੇਕ ਸਾਦੇ ਪਕਵਾਨ ਤਿਆਰ ਕੀਤੇ ਜਾ ਸਕਦੇ ਹਨ। ਜੇਕਰ ਤੁਹਾਡਾ ਬੱਚਾ ਹੈ ਤਾਂ ਉਸ ਦੇ ਲੰਚ ਬਾਕਸ ਦੀ ਸਮੱਸਿਆ ਸਾਹਮਣੇ ਆਉਂਦੀ ਹੈ ਕਿਉਂਕਿ ਬੱਚਿਆਂ ਨੂੰ ਕੰਟੀਨ ਆਦਿ ਦੀ ਆਦਤ ਪਾਉਣੀ ਸਹੀ ਨਹੀਂ। ਚੀਜ਼-ਸਲਾਈਸ ਦੇ ਨਾਲ ਸਾਦੇ ਬ੍ਰੈੱਡ ਜਾਂ ਫਿਰ ਵੱਖ-ਵੱਖ ਸਵਾਦਾਂ ਵਿਚ ਕਟਲੇਟ ਤੇ ਆਮਲੇਟ ਆਦਿ ਵੀ ਦੇ ਸਕਦੇ ਹੋ ਜੋ ਇਕ ਰਾਤ ਪਹਿਲਾਂ ਤਿਆਰ ਕੀਤੇ ਜਾ ਸਕਦੇ ਹਨ।
ਦਫ਼ਤਰ ਤੋਂ ਆਉਣ ਤੋਂ ਬਾਅਦ ਤੇ ਬੱਚੇ ਦੇ ਸਕੂਲ ਤੋਂ ਆਉਣ ਤੋਂ ਬਾਅਦ ਤੁਸੀਂ ਮਿਲਕ ਸ਼ੇਕ ਜਾਂ ਮੌਸਮੀ ਫਲਾਂ ਦੇ ਤਿਆਰ ਕੀਤੇ ਪੌਸ਼ਟਿਕ ਸ਼ੇਕ ਦੇ ਨਾਲ ਇਕ ਦੋ ਸਾਦੇ ਸੈਂਡਵਿਚ ਖਾ ਸਕਦੇ ਹੋ। ਬੱਚਿਆਂ ਲਈ ਕੇਕ ਆਦਿ ਘਰ ਵਿਚ ਹੀ ਵੱਖ-ਵੱਖ ਸਵਾਦਾਂ ਵਿਚ ਬਣਾ ਕੇ ਰੱਖੋ ਤਾਂ ਕਿ ਨਾਸ਼ਤੇ ਪ੍ਰਤੀ ਉਸ ਦੀ ਰੁਚੀ ਬਣੀ ਰਹੇ।
ਤੁਸੀਂ ਸਮੇਂ ਦੀ ਬੱਚਤ ਚਾਹੁੰਦੇ ਹੋ ਅਤੇ ਸਿਹਤ ਵੀ। ਉਸ ਲਈ ਬਿਜਲੀ ਦੇ ਉਪਕਰਨ ਵੀ ਵਰਤੋਂ ਵਿਚ ਲਿਆਉਣ ਦੀ ਕੋਸ਼ਿਸ਼ ਕਰੋ ਜਿਵੇਂ ਮਿਕਸੀ, ਓਵਨ, ਮਾਈਕ੍ਰੋਵੇਵ, ਰੋਟੀ ਮੇਕਰ, ਆਦਿ। ਇਨ੍ਹਾਂ ਚੀਜ਼ਾਂ ਨਾਲ ਤੁਹਾਡਾ ਕੰਮ ਸੌਖਾ ਹੋ ਜਾਵੇਗਾ ਤੇ ਤੁਸੀਂ ਸਮੇਂ ਨਾਲ ਪੇਟ ਭਰ ਕੇ ਦਫ਼ਤਰ ਵੀ ਜਾ ਸਕੋਗੇ।
ਸਵੇਰੇ ਆਪਣੇ ਉੱਪਰ ਸਾਰੇ ਕੰਮ ਦਾ ਭਾਰ ਨਾ ਪਾ ਕੇ ਥੋੜ੍ਹਾ ਬਹੁਤ ਭਾਰ ਆਪਣੇ ਸ੍ਰੀਮਾਨ 'ਤੇ ਵੀ ਪਾਓ, ਜਿਸ ਨਾਲ ਘਰ ਦੇ ਹੋਰ ਕੰਮ ਝਟਪਟ ਨਿਪਟਾਏ ਜਾ ਸਕਣ। ਬਸ ਜ਼ਰੂਰਤ ਹੈ ਤੁਹਾਡੀ ਸਮਝਦਾਰੀ ਦੀ ਜਿਸ ਨਾਲ ਸਮੇਂ 'ਤੇ ਨਾਸ਼ਤਾ ਤਿਆਰ ਕੀਤਾ ਜਾ ਸਕੇ ਅਤੇ ਤੁਸੀਂ ਤੇ ਪਤੀ ਸ਼ਾਂਤੀ ਨਾਲ ਦਫ਼ਤਰ ਜਾ ਸਕੋ ਅਤੇ ਤੁਹਾਡਾ ਬੱਚਾ ਸਕੂਲ ਜਾ ਸਕੇ।
ਕੰਮਕਾਜੀ ਔਰਤਾਂ ਅਤੇ ਨਾਸ਼ਤੇ ਦੀ ਤਿਆਰੀ
ਅਜੀਤ ਡੈਸਕ
17-07-2025