ਤਪਾ ਮੰਡੀ, 19 ਨਵੰਬਰ (ਵਿਜੇ ਸ਼ਰਮਾ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਵਲੋਂ ਵਿਭਾਗ ਦੇ ਮਾਸ ਐਜੂਕੇਸ਼ਨ ਤੇ ਮੀਡੀਆ ਵਿੰਗ ਵਿਚ ਬਿਹਤਰੀਨ ਸੇਵਾਵਾਂ ਨਿਭਾਉਣ ਵਾਲੇ ਬਲਾਕ ਐਜੂਕੇਟਰਾਂ ਦਾ ਸਨਮਾਨ ਕੀਤਾ ਗਿਆ | ਇਸ ਸਨਮਾਨ ਸਮਾਰੋਹ ਵਿਚ ਸਿਵਲ ਸਰਜਨ ਡਾ: ਬਲਜੀਤ ਸਿੰਘ ਤੇ ਸੀਨੀਅਰ ਮੈਡੀਕਲ ਅਫ਼ਸਰ (ਕਾਰਜਕਾਰੀ) ਡਾ: ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਜ਼ਿਲ੍ਹਾ ਬਰਨਾਲਾ ਦੇ ਸਿਹਤ ਬਲਾਕ ਤਪਾ ਵਿਖੇ ਤਾਇਨਾਤ ਬਲਾਕ ਐਕਸਟੈਨਸ਼ਨ ਐਜੂਕੇਟਰ ਜਸਪਾਲ ਸਿੰਘ ਜਟਾਣਾ ਨੂੰ ਬਿਹਤਰੀਨ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ | ਡਾ: ਬਲਬੀਰ ਸਿੰਘ ਨੇ ਬਲਾਕ ਐਜੂਕੇਟਰਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦਿਆਂ ਦੱਸਿਆ ਕਿ ਇਹ ਸਨਮਾਨ ਸਿਹਤ ਖੇਤਰ ਵਿਚ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ, ਲਗਨ ਅਤੇ ਪ੍ਰੇਰਣਾਦਾਇਕ ਸਫਲਤਾ ਦੀਆਂ ਕਹਾਣੀਆਂ ਦੀ ਮਾਨਤਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਤੱਕ ਜ਼ਮੀਨੀ ਪੱਧਰ 'ਤੇ ਵਿਭਾਗੀ ਪ੍ਰੋਗਰਾਮਾਂ ਨੂੰ ਪਹੁੰਚਾਉਣ ਵਿਚ ਸਿਹਤ ਵਿਭਾਗ ਦੇ ਮਾਸ ਐਜੂਕੇਸ਼ਨ ਤੇ ਮੀਡੀਆ ਵਿੰਗ ਦਾ ਅਹਿਮ ਰੋਲ ਹੈ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕੰਵਲਜੀਤ ਸਿੰਘ ਬਾਜਵਾ ਨੇ ਮੁਬਾਰਕਬਾਦ ਦਿੰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਕਰਨੈਲ ਸਿੰਘ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਸੰਗਰੂਰ, ਜਗਜੀਵਨ ਸ਼ਰਮਾ ਸਟੇਟ ਹੈਲਥ ਐਜੂਕੇਟਰ, ਰਾਜਿੰਦਰ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਰਣਬੀਰ ਸਿੰਘ ਢੱਡੇ ਵੀ ਹਾਜ਼ਰ ਸਨ |