ਪਾਇਲ, 20 ਨਵੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਜੇਤੂ ਦਿੱਲੀ ਕਿਸਾਨ ਮੋਰਚੇ ਦੀ 5ਵੀਂ ਵਰ੍ਹੇਗੰਢ ਮਨਾਉਣ ਲਈ ਐਸ. ਕੇ. ਐਮ. ਭਾਰਤ ਦੇ ਸੱਦੇ 'ਤੇ ਐਸ. ਕੇ. ਐਮ. 'ਚ ਸ਼ਾਮਿਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਸੈਕਟਰ 34 ਦੁਸਹਿਰਾ ਗਰਾਊਾਡ ਵਿਖੇ ਲੱਗਣ ਵਾਲੇ ਸਾਂਝੇ ਧਰਨੇ ਵਿੱਚ ਆਪਣੀ ਜਥੇਬੰਦੀ ਵੱਲੋਂ ਪੂਰਾ ਤਾਣ ਲਾ ਕੇ ਭਾਰੀ ਗਿਣਤੀ ਵਿਚ 26 ਨਵੰਬਰ ਨੂੰ ਸ਼ਮੂਲੀਅਤ ਜਾਵੇਗੀ | ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਮੀਤ ਪ੍ਰਧਾਨ ਮਨੋਹਰ ਸਿੰਘ ਕਲਾਹੜ ਨੇ ਦੱਸਿਆ ਕਿ ਇਸ ਮੌਕੇ ਪੂਰੇ ਭਾਰਤ ਵਿੱਚ ਸੂਬਾ ਰਾਜਧਾਨੀਆਂ ਜਾਂ ਜ਼ਿਲ੍ਹਾ ਕੇਂਦਰਾਂ ਵਿੱਚ ਲਾਏ ਜਾਣ ਵਾਲੇ ਇਨ੍ਹਾਂ ਧਰਨਿਆਂ ਦੀਆਂ ਕੁੱਝ ਅਹਿਮ ਮੰਗਾਂ, ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ- ਸਾਰੀਆਂ ਫ਼ਸਲਾਂ ਦੀ ਲਾਭਕਾਰੀ ਐਮ. ਐਸ.ਪੀ 'ਤੇ ਖਰੀਦ ਦਾ ਗਰੰਟੀ ਵਾਲਾ ਕਾਨੂੰਨ ਬਣਵਾਉਣਾ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਉਣੀਆਂ ਦਿੱਲੀ ਮੋਰਚੇ ਦੌਰਾਨ ਕਿਸਾਨਾਂ ਸਿਰ ਮੜ੍ਹੇ ਗਏ ਪੁਲਿਸ ਕੇਸ ਰੱਦ ਕੀਤੇ ਜਾਣ | ਕਰਜ਼ੇ ਮੋੜਨੋਂ ਅਸਮਰੱਥ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਸਰਕਾਰੀ ਤੇ ਗ਼ੈਰਸਰਕਾਰੀ ਕਰਜ਼ੇ ਸਾਰੇ ਖ਼ਤਮ ਕਰੋ | ਕੁਦਰਤੀ ਆਫ਼ਤਾਂ ਅਤੇ ਨਕਲੀ ਬੀਜਾਂ, ਖਾਦਾਂ, ਸਪਰੇਆਂ ਜਾਂ ਕਿਸਾਨਾਂ ਦੇ ਵੱਸੋਂ ਬਾਹਰੇ ਕਾਰਨਾਂ ਕਰਕੇ ਤਬਾਹ ਹੋਈਆਂ ਫ਼ਸਲਾਂ ਦੀ ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਯੋਜਨਾ ਲਾਗੂ ਕਰੋ ਜਿਸ ਦੇ ਪ੍ਰੀਮੀਅਮ ਸਰਕਾਰ ਵੱਲੋਂ ਅਦਾ ਕੀਤੇ ਜਾਣ | ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ 60 ਸਾਲ ਦੀ ਉਮਰ ਵਿੱਚ ਗੁਜ਼ਾਰੇ ਯੋਗ ਪੈਨਸ਼ਨ ਲਾਗੂ ਕੀਤੀ ਜਾਵੇ | ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਬਿਜਲੀ ਸੋਧ ਬਿਲ 2025 ਰੱਦ ਕਰੇ, ਹੜ੍ਹ ਪੀੜਤਾਂ ਲਈ ਤਬਾਹ ਹੋਈਆਂ ਫ਼ਸਲਾਂ, ਜ਼ਮੀਨਾਂ, ਮਕਾਨਾਂ ਪਸ਼ੂਆਂ ਆਦਿ ਦੇ ਨੁਕਸਾਨ ਦੀ ਪੂਰੀ ਭਰਪਾਈ ਵਾਲਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ | ਪਬਲਿਕ ਅਦਾਰਿਆਂ ਦੀਆਂ ਜ਼ਮੀਨਾਂ ਵੇਚਣੀਆਂ ਬੰਦ ਕਰੋ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਦੇ ਕੰਟਰੋਲ ਵਿੱਚ ਹੀ ਰੱਖਣ ਲਈ ਸੈਨੇਟ ਦੀਆਂ ਚੋਣਾਂ ਦਾ ਤੁਰੰਤ ਐਲਾਨ ਕਰਨ ਸਮੇਤ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ |