ਖੰਨਾ, 31 ਅਗਸਤ (ਹਰਜਿੰਦਰ ਸਿੰਘ ਲਾਲ)-ਕਈ ਦਿਨਾਂ ਤੋਂ ਜਾਰੀ ਹੌਲੀ ਹੌਲੀ ਬਰਸਾਤ ਅੱਜ ਸਵੇਰ ਤੋਂ ਮੂਸਲਾਧਾਰ ਬਰਸੀ ਜਿਸ ਨਾਲ ਸ਼ਹਿਰ ਜਲ-ਥਲ ਹੋ ਗਿਆ | ਸ਼ਹਿਰ ਦਾ ਕੋਈ ਗਲੀ-ਮੁਹੱਲਾ ਅਜਿਹਾ ਨਹੀਂ ਹੋਵੇਗਾ ਜਿੱਥੇ ਗਲੀਆਂ ਵਿਚ ਪਾਣੀ ਨਾ ਖੜਾ ਹੋਇਆ ਹੋਵੇ | ਕਈ ਘੰਟੇ ਹੋਈ ਬਾਰਸ਼ ਨੇ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖ਼ੋਲ ਕੇ ਰੱਖ ਦਿੱਤੀ | ਸ਼ਹਿਰ ਦੇ ਸਮਰਾਲਾ ਚੌਂਕ, ਮਲੇਰਕੋਟਲਾ ਚੌਂਕ, ਪੀਰਖਾਨਾ ਰੋਡ, ਲਲਹੇੜੀ ਰੋਡ, ਬੁਕਸ ਮਾਰਕੀਟ, ਸੁਭਾਸ਼ ਬਾਜ਼ਾਰ, ਨਰੋਤਮ ਨਗਰ, ਬਸੰਤ ਨਗਰ, ਗਊਸ਼ਾਲਾ ਚੌਂਕ ਆਦਿ ਇਲਾਕਿਆਂ ਵਿਚ ਪਾਣੀ ਜਮਾ ਹੋ ਗਿਆ | ਸਮਰਾਲਾ ਰੋਡ ਸਥਿਤ ਸਾਬਕਾ ਕੌਂਸਲਰ ਵਿਜੈ ਸ਼ਰਮਾ ਦੇ ਘਰ ਅੰਦਰ ਵੀ ਬਾਰਸ਼ ਦਾ ਪਾਣੀ ਭਰ ਗਿਆ | ਇਸ ਸੰਬੰਧੀ ਸਾਬਕਾ ਨਗਰ ਕੌਂਸਲ ਉਪ ਪ੍ਰਧਾਨ ਵਿਜੈ ਸ਼ਰਮਾ ਨੇ ਨਗਰ ਕੌਂਸਲ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਇਲਾਕੇ ਵਿਚ ਪਾਣੀ ਰੁਕਣ ਸੰਬੰਧੀ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਸੀ | ਪ੍ਰੰਤੂ ਕੌਂਸਲ ਅਧਿਕਾਰੀਆਂ ਨੇ ਇਸ ਦਿਸ਼ਾ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਕੋਈ ਕਾਰਵਾਈ ਨਹੀਂ ਕੀਤੀ | ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਗਲੀ ਦੇ ਲੋਕਾਂ ਨੂੰ ਕੌਂਸਲਰ ਵਲੋਂ ਕਿਹਾ ਗਿਆ ਕਿ ਜਿਸ ਨੂੰ ਵੋਟ ਪਾਉਂਦੇ ਹੋ ਉਸ ਤੋਂ ਕੰਮ ਕਰਵਾ ਲਵੋ | ਅੱਜ ਦੀ ਮੂਸਲਾਧਾਰ ਬਾਰਸ਼ ਨਾਲ ਮੀਂਹ ਦਾ ਪਾਣੀ ਉਨ੍ਹਾਂ ਦੇ ਘਰ ਅੰਦਰ ਆ ਗਿਆ | ਉਨ੍ਹਾਂ ਦੇ ਡਰਾਇੰਗ ਰੂਮ ਤੋਂ ਇਲਾਵਾ ਹੋਰ ਕਮਰਿਆਂ ਵਿਚ ਕਰੀਬ ਅੱਧਾ ਫੱੁਟ ਤੱਕ ਪਾਣੀ ਜਮਾ ਹੋ ਗਿਆ | ਖੰਨਾ ਦੇ ਬਿਜਲੀ ਗਿ੍ਡ ਵਿਚ ਵੀ ਪਾਣੀ ਜਮ੍ਹਾ ਹੋਣ ਦੀ ਸੂਚਨਾ ਹੈ | ਜਿਸ ਕਰ ਕੇ ਕਈ ਘੰਟੇ ਬਿਜਲੀ ਬੰਦ ਰਹੀ |