ਨਵੀਂ ਦਿੱਲੀ, 5 ਨਵੰਬਰ (ਪੀ.ਟੀ.ਆਈ.)-ਕੇਂਦਰ ਸਰਕਾਰ ਨੇ ਅਗਨੀਪਥ ਯੋਜਨਾ ਵਿਚ ਵੱਡਾ ਬਦਲਾਅ ਕਰਦਿਆਂ ਸਾਰੇ ਅਗਨੀਵੀਰਾਂ ਨੂੰ ਨਿਯਮਤ ਸੈਨਿਕਾਂ ਵਜੋਂ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ । ਰੱਖਿਆ ਅਧਿਕਾਰੀਆਂ ਅਨੁਸਾਰ ਚਾਰ ਸਾਲਾਂ ਦੀ ਮੁਢਲੀ ਸੇਵਾ ਤੋਂ ਬਾਅਦ ਪਹਿਲੇ 25 ਫੀਸਦੀ ਅਗਨੀਵੀਰਾਂ ਨੂੰ ਨਿਯਮਤ ਕਾਡਰ ਵਿਚ ਸ਼ਾਮਿਲ ਕੀਤਾ ਜਾਵੇਗਾ, ਜਦਕਿ ਬਾਕੀ 75 ਫੀਸਦੀ ਨੂੰ ਦੋ ਸਾਲਾਂ ਦੀ ਵਾਧੂ ਸੇਵਾ ਤੋਂ ਬਾਅਦ ਸਥਾਈ ਭਰਤੀ ਦਾ ਮੌਕਾ ਮਿਲੇਗਾ ।
ਇਸ ਲਈ ਉਨ੍ਹਾਂ ਦਾ ਸੇਵਾ ਜਾਰੀ ਰੱਖਣ ਦਾ ਇਰਾਦਾ, ਸਰੀਰਕ ਤੰਦਰੁਸਤੀ ਤੇ ਅਨੁਸ਼ਾਸਨ ਮੁੱਖ ਮਾਪਦੰਡ ਹੋਣਗੇ । ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਲਿਆ ਗਿਆ । ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਐਨ.ਐਸ. ਰਾਜਾ ਸੁਬਰਾਮਨੀ ਨੇ ਇਸ ਬਦਲਾਅ ਦਾ ਐਲਾਨ ਕੀਤਾ ਸੀ । ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਅਗਨੀਪਥ ਯੋਜਨਾ ਵਾਪਸ ਨਹੀਂ ਲਈ ਗਈ ।
ਅਗਨੀਵੀਰਾਂ ਦੀ ਸੀਨੀਅਰਤਾ ਵੀ ਸੁਰੱਖਿਅਤ ਰਹੇਗੀ । ਇਹ ਫੈਸਲਾ ਲਗਭਗ 18,300 ਅਗਨੀਵੀਰਾਂ ਦੇ ਚਾਰ ਸਾਲਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਆਇਆ ਹੈ । ਇਸ ਨਾਲ ਤਿੰਨ ਲੱਖ ਤੋਂ ਵੱਧ ਮੌਜੂਦਾ ਅਗਨੀਵੀਰਾਂ ਤੇ ਭਵਿੱਖ ਦੇ ਭਰਤੀ ਉਮੀਦਵਾਰਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ।