ਬਠਿੰਡਾ, 17 ਜੁਲਾਈ (ਪੱਤਰ ਪ੍ਰੇਰਕ)-ਕੈਨੇਡਾ ਰਹਿੰਦੇ ਪਤੀ ਵਲੋਂ ਪਤਨੀ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਉਸ ਤੋਂ ਕੈਨੇਡਾ ਦੀ ਅਦਾਲਤ 'ਚ ਤਲਾਕ ਹਾਸਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਆਧਾਰ 'ਤੇ ਕਥਿਤ ਦੋਸ਼ੀ ਸਮੇਤ ਤਿੰਨ ਜਣਿਆਂ ਦੇ ਖਿਲਾਫ਼ ਥਾਣਾ ਸਿਵਲ ਲਾਈਨ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਸਿਵਲ ਲਾਈਨ ਦੇ ਮੁੱਖ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਦਰਜ ਕਰਵਾਏ ਬਿਆਨ 'ਚ ਪ੍ਰਵੀਨ ਬਾਂਸਲ ਵਾਸੀ ਰਾਮਪੁਰਾ ਫੂਲ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਬਠਿੰਡਾ ਦੇ ਵਿਸ਼ਾਲ ਨਗਰ ਦੇ ਵਸਨੀਕ ਨਿਸ਼ਾਂਤ ਅਰੋੜਾ (ਹਾਲ ਆਬਾਦ ਕੈਨੇਡਾ) ਨਾਲ ਵਿਆਹੀ ਸੀ, ਜਿਸ ਤੋਂ ਤਲਾਕ ਲੈਣ ਲਈ ਉਕਤ ਨੇ ਜਾਲਸਾਜੀ ਨਾਲ ਜ਼ਿਲ੍ਹਾ ਕਚਹਿਰੀ ਬਠਿੰਡਾ ਤੋਂ ਤਲਾਕ ਦੇ ਕਾਗ਼ਜ਼ਾਤ (ਹਲਫ਼ੀਆ ਬਿਆਨ ਵਗੈਰਾ) ਤਿਆਰ ਕਰਵਾਏ ਤੇ ਉਕਤ ਕਾਗ਼ਜ਼ਾਤ ਮੇਰੀ ਲੜਕੀ ਨੂੰ ਦਸਤੀ ਤੌਰ 'ਤੇ ਮੁਹੱਈਏ ਕਰਵਾਏ ਦਿਖਾ ਕੇ ਕੈਨੇਡਾ ਦੀ ਅਦਾਲਤ 'ਚ ਹਲਫ਼ੀਆ ਬਿਆਨ ਪੇਸ਼ ਕੀਤਾ ਤੇ ਇਨ੍ਹਾਂ ਜਾਅਲੀ ਕਾਗਜਾਤਾਂ ਦੇ ਸਹਾਰੇ ਉਸ ਦੀ ਲੜਕੀ ਤੋਂ ਤਲਾਕ ਪ੍ਰਾਪਤ ਕੀਤਾ ਹੈ | ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਦੇ ਬਿਆਨ ਦੇ ਆਧਾਰ 'ਤੇ ਕਥਿਤ ਦੋਸ਼ੀ ਨਿਸ਼ਾਂਤ ਅਰੋੜਾ, ਮਨਦੀਪ ਸਿੰਘ ਵਾਸੀ ਮਿੱਤਲ ਟਾਵਰ ਬਠਿੰਡਾ ਤੇ ਹਰੀਸ਼ ਕੁਮਾਰ ਵਾਸੀ ਅਹਾਤਾ ਨਿਜ਼ਾਮ ਮੁਹੰਮਦ ਬਠਿੰਡਾ ਦੇ ਖਿਲਾਫ਼ ਥਾਣਾ ਸਿਵਲ ਲਾਈਨ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ |