17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਤੁੰਗਵਾਲੀ ਦੀ ਬੱਕਰਾ ਮੰਡੀ 'ਚੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਲੋਕਾਂ ਨੇ ਭਜਾਏ ਅਖੌਤੀ ਠੇਕੇਦਾਰ <br/>

ਅਜੀਤ ਡੈਸਕ 18-07-2025
ਭੁੱਚੋ ਮੰਡੀ, 17 ਜੁਲਾਈ (ਪਰਵਿੰਦਰ ਸਿੰਘ ਜੌੜਾ)-ਤੁੰਗਵਾਲੀ ਦੀ ਬੱਕਰਾ ਮੰਡੀ 'ਚੋਂ ਆਪ ਮੁਹਾਰੇ ਇਕੱਤਰ ਹੋਏ ਲੋਕਾਂ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਅਖੌਤੀ ਠੇਕੇਦਾਰਾਂ ਦੀ ਪਤੀੜ ਪੁਆ ਦਿੱਤੀ | ਇਨ੍ਹਾਂ ਅਖੌਤੀ ਠੇਕੇਦਾਰਾਂ ਵਲੋਂ ਗ਼ਰੀਬ ਬੱਕਰੀ ਪਾਲਕਾਂ ਨੂੰ ਕੋਈ ਸਹੂਲਤ ਦਿੱਤੇ ਬਿਨਾਂ ਉਨ੍ਹਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਸੀ, ਖ਼ਿਲਾਫ਼ ਲੋਕ ਰੋਹ ਉੱਠ ਖਲੋਤਾ | ਇਸ ਲੋਕ ਰੋਹ ਨੂੰ ਉਸ ਸਮੇਂ ਹੋਰ ਵੀ ਬਲ ਮਿਲਿਆ, ਜਦੋਂ 3 ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਸਿੱਧੂਪੁਰ ਅਤੇ ਡਕੌਂਦਾ (ਬੁਰਜ ਗਿੱਲ) ਸਮਰਥਨ ਵਿਚ ਆ ਗਈਆਂ | ਅੱਜ ਜਦੋਂ ਬੱਕਰਾ ਮੰਡੀ, ਬੱਕਰੀ ਪਾਲਕਾਂ ਨਾਲ ਭਰ ਗਈ ਅਤੇ ਅਖੌਤੀ ਠੇਕੇਦਾਰਾਂ ਨੇ ਪਰਚੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਬੱਕਰੀ ਪਾਲਕਾਂ ਅਤੇ ਪਿੰਡ ਵਾਸੀਆਂ ਨੇ ਇਨ੍ਹਾਂ ਠੇਕੇਦਾਰਾਂ ਨੂੰ ਤਿੱਖੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦਾ ਇਕ ਵੀ ਜਵਾਬ ਠੇਕੇਦਾਰਾਂ ਨੂੰ ਨਹੀਂ ਆਇਆ | ਸਮਰਥਨ 'ਚ ਆਈਆਂ ਕਿਸਾਨ ਜਥੇਬੰਦੀਆਂ ਨੇ ਵੀ ਠੇਕੇਦਾਰਾਂ ਅਤੇ ਉਨ੍ਹਾਂ ਦੇ ਆਕਾਵਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਅਖੌਤੀ ਠੇਕੇਦਾਰਾਂ ਨੇ ਉੱਥੋਂ ਖਿਸਕਣ ਵਿਚ ਹੀ ਭਲਾਈ ਸਮਝੀ | ਦੱਸ ਦਈਏ ਕਿ ਪਿੰਡ ਦੇ ਉੱਦਮੀ ਨੌਜਵਾਨ ਬਲਵਿੰਦਰ ਸਿੰਘ ਮਾਨ ਨੇ ਕਰੀਬ ਦਹਾਕਾ ਪਹਿਲਾਂ ਪਿੰਡ ਵਿਚਲੀ ਆਪਣੀ ਜ਼ਮੀਨ ਵਿਚ ਬੱਕਰਾ ਮੰਡੀ ਸ਼ੁਰੂ ਕੀਤੀ ਸੀ | ਬਲਵਿੰਦਰ ਸਿੰਘ ਦੀ ਮਿਹਨਤ ਨਾਲ ਹੌਲੀ-ਹੌਲੀ ਇਹ ਬੱਕਰਾ ਮੰਡੀ ਭਰਨ ਲੱਗ ਪਈ | ਬਲਵਿੰਦਰ ਸਿੰਘ ਮਾਨ ਵਲੋਂ ਬੱਕਰਾ ਮੰਡੀ ਵਿਚ ਖ਼ਰੀਦ-ਵੇਚ ਕਰਨ ਆਉਂਦੇ ਲੋਕਾਂ ਲਈ ਮੁਫ਼ਤ ਚਾਹ, ਲੰਗਰ ਅਤੇ ਰਹਿਣ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਸੀ ਤੇ ਗਰੀਬ ਲੋਕਾਂ ਨੂੰ ਵੱਡੀ ਪੱਧਰ 'ਤੇ ਰੁਜ਼ਗਾਰ ਮਿਲਣਾ ਸ਼ੁਰੂ ਹੋ ਗਿਆ ਸੀ, ਜਿਵੇਂ ਹੀ ਇਸ ਛੋਟੇ ਧੰਦੇ ਨਾਲ ਹਜ਼ਾਰਾਂ ਪਰਿਵਾਰ ਜੁੜ ਗਏ ਤਾਂ ਸਿਆਸੀ ਸਫ਼ਾਂ ਦੇ ਲਲਚਾਏ ਮੂੰਹ ਵਿਚ ਪਾਣੀ ਆ ਗਿਆ | ਪ੍ਰਸ਼ਾਸਨ ਵਲੋਂ ਭੇਜੀ ਪੁਲਿਸ ਨਫ਼ਰੀ ਦੀ ਦਗੜ-ਦਗੜ ਨੇ ਬੱਕਰੀ ਪਾਲਕਾਂ ਦੇ ਕੰਨ ਸੁੰਨੇ ਕਰ ਦਿੱਤੇ ਅਤੇ ਭਾਂ-ਭਾਂ ਕਰਦੀ ਬੱਕਰਾ ਮੰਡੀ ਸਿਆਸੀ ਸੋਚ ਦੇ ਵੈਨ ਪਾਉਣ ਲੱਗੀ | ਹਜ਼ਾਰਾਂ ਪਰਿਵਾਰਾਂ ਦੇ ਰੁਜ਼ਗਾਰ ਵਿਚ ਲੱਤ ਵੱਜੀ ਤਾਂ ਇਲਾਕੇ ਭਰ ਦੀ ਆਵਾਮ ਨੇ ਇਸ ਦਾ ਬੁਰਾ ਮਨਾਇਆ | ਪ੍ਰਸ਼ਾਸਨ ਦੇ ਜ਼ੋਰ ਥੱਲੇ ਅਖੌਤੀ ਠੇਕੇਦਾਰ ਆ ਭਬਕੇ ਅਤੇ ਬੇਗਾਨੀ ਜ਼ਮੀਨ ਵਿਚ ਖ਼ੁਦ ਮੰਡੀ ਲਾਉਂਦਿਆਂ ਬੱਕਰੀ ਪਾਲਕਾਂ ਨੂੰ ਬਿਨ੍ਹਾਂ ਕੋਈ ਸਹੂਲਤ ਦਿੰਦਿਆਂ ਪਰਚੀਆਂ ਕੱਟ ਕੇ ਜੇਬਾਂ ਗਰਮ ਕਰਨ ਲੱਗ ਪਏ | ਇਸ ਵਰਤਾਰੇ ਤੋਂ ਖ਼ਫ਼ਾ ਹੋਏ ਬੱਕਰੀ ਪਾਲਕਾਂ, ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਏਕੇ ਨੇ ਅਖੌਤੀ ਠੇਕੇਦਾਰਾਂ ਨੂੰ ਅੱਡੀਆਂ ਨੂੰ ਥੁੱਕ ਲਾ ਕੇ ਭੱਜਣ ਲਈ ਮਜਬੂਰ ਕਰ ਦਿੱਤਾ | ਬਲਵਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਸਿਆਸੀ ਮੁਫ਼ਾਦ ਲੋਕਾਂ ਦੇ ਰੁਜ਼ਗਾਰ ਦੇ ਆੜੇ ਨਹੀਂ ਆਉਣਾ ਚਾਹੀਦਾ ਸਗੋਂ ਸਰਕਾਰ ਨੂੰ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ | ਉਨ੍ਹਾਂ ਲੋਕਾਂ ਨੂੰ ਭਵਿੱਖ ਵਿਚ ਵੱਡੇ ਸੰਘਰਸ਼ ਲਈ ਲਾਮਬੰਦ ਹੋਣ ਦਾ ਹੋਕਾ ਦਿੱਤਾ |

ਪਿਛਲੀ ਖ਼ਬਰ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਪਤਨੀ ਤੋਂ ਕੈਨੇਡਾ ਦੀ ਅਦਾਲਤ 'ਚ ਕੀਤਾ ਤਲਾਕ ਹਾਸਲ <br/> ਅਗਲੀ ਖ਼ਬਰ ਪੰਜਾਬ ਸਰਕਾਰ ਬੇਸਹਾਰਾ ਬੱਚਿਆਂ ਲਈ ਮਸੀਹੇ ਦੇ ਤੌਰ 'ਤੇ ਕਰ ਰਹੀ ਯਤਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।