ਬਠਿੰਡਾ, 17 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਜਿੱਥੇ ਬੱਚਿਆਂ ਦੇ ਭਵਿੱਖ ਨੂੰ ਸਵਾਰਨ ਦੇ ਲਈ ਨਵੇਕਲੇ ਉਪਰਾਲੇ ਕਰ ਰਹੀ ਹੈ ਉਥੇ ਹੀ ਬੇਸਹਾਰਾ ਬੱਚਿਆਂ ਲਈ ਇਕ ਮਸੀਹੇ ਦੇ ਤੌਰ 'ਤੇ ਯਤਨ ਕੀਤੇ ਜਾ ਰਹੇ ਹਨ | ਇਸ ਲੜੀ ਦੇ ਤਹਿਤ ਸਪੋਂਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਅਧੀਨ ਜ਼ਿਲ੍ਹੇ ਅੰਦਰ 313 ਬੱਚਿਆਂ ਨੂੰ ਲਾਭ ਦਿੱਤਾ ਜਾ ਰਿਹਾ ਹੈ | ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਕੋਲ ਹੁਣ ਤੱਕ ਇਸ ਸਕੀਮ ਤਹਿਤ ਲਗਪਗ 400 ਨਵੇਂ ਫਾਰਮ ਵੀ ਪ੍ਰਾਪਤ ਹੋ ਚੁੱਕੇ ਹਨ, ਜਿਨ੍ਹਾਂ ਦੀ ਦਫ਼ਤਰ ਵਲੋਂ ਨਿੱਜੀ ਤੌਰ 'ਤੇ ਪੜ੍ਹਤਾਲ ਕਰਕੇ ਲੋੜਵੰਦ ਬੱਚਿਆਂ ਨੂੰ ਸਕੀਮ ਤਹਿਤ ਕਵਰ ਕੀਤਾ ਜਾਵੇਗਾ | ਉਨ੍ਹਾਂ ਪੇਂਡੂ ਤੇ ਸ਼ਹਿਰੀ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਲੋੜਵੰਦ ਬੱਚਿਆਂ ਨੂੰ ਇਸ ਸਕੀਮ ਦਾ ਲਾਭ ਜ਼ਰੂਰ ਦਿਵਾਉ | ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਨੇ ਦੱਸਿਆ ਕਿ ਜੇਕਰ ਕੋਈ ਵੀ ਇਸ ਸਕੀਮ ਅਧੀਨ ਲਾਭ ਲੈਣਾ ਚਾਹੁੰਦਾ ਹੈ ਤਾਂ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਦੂਸਰੀ ਮੰਜ਼ਿਲ 'ਤੇ ਕਮਰਾ ਨੰਬਰ 313 ਐੱਮ 'ਚੋਂ ਫਾਰਮ ਲੈ ਕੇ ਉਥੇ ਹੀ ਜਮ੍ਹਾਂ ਕਰਵਾ ਸਕਦਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਇਕ ਬੱਚੇ ਨੂੰ 4000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੁਵੇਨਾਇਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਐਕਟ 2015 ਅਨੁਸਾਰ ਉਹ ਬੱਚੇ ਜਿਨ੍ਹਾਂ ਨੂੰ ਸੁਰੱਖਿਆ ਸੰਭਾਲ ਦੀ ਜ਼ਰੂਰਤ ਹੈ | ਉਹ ਬੱਚੇ ਜੋ ਪੀ. ਐੱਮ. ਕੇਅਰ ਸਕੀਮ ਤਹਿਤ ਕਵਰ ਹੁੰਦੇ ਹੋਣ, ਨੂੰ ਲਾਭ ਦਿੱਤਾ ਜਾਵੇਗਾ |