ਬਠਿੰਡਾ, 17 ਜੁਲਾਈ (ਸ. ਰਿ.)-ਵਧੀਕ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਗੁਰਤੇਜ ਸਿੰਘ ਗਰੇਵਾਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਕਰੀਬ 6 ਸਾਲ ਪਹਿਲਾਂ ਦਰਜ ਹੋਏ ਨਸ਼ਾ ਰੋਕੂ ਐਕਟ ਐਕਟ ਦੇ ਮਾਮਲੇ ਵਿਚੋਂ ਇਕ ਵਿਅਕਤੀ ਨੂੰ ਬਾਇੱਜ਼ਤ ਬਰੀ ਕਰ ਦਿੱਤਾ | ਜ਼ਿਕਰਯੋਗ ਹੈ ਕਿ ਸੀ. ਆਈ. ਏ. ਸਟਾਫ਼ ਦੇ ਐੱਸ.ਆਈ. ਤਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਰੇਲਵੇ ਫਾਟਕ ਫੂਸ ਮੰਡੀ ਮੌਜੂਦ ਸਨ ਤਾਂ ਉਨ੍ਹਾਂ ਨੂੰ ਫੂਸ ਮੰਡੀ ਵਾਲੇ ਪਾਸੀਓ ਆਉਂਦੀ ਇਕ ਵਰਨਾ ਕਾਰ ਦਿਖਾਈ ਦਿੱਤੀ, ਜਿਸ ਨੂੰ ਪੁਲਿਸ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰਾਂ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਕਾਰ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਅਤੇ ਕਾਰ ਬੰਦ ਹੋਈ | ਇਸ ਦੌਰਾਨ ਕਾਰ ਸਵਾਰ ਦੋ ਨੌਜਵਾਨ ਟਾਕੀਆਂ ਖੋਲ੍ਹ ਕੇ ਭੱਜ ਨਿਕਲੇ | ਪੁਲਿਸ ਨੇ ਤਲਾਸ਼ੀ ਦੌਰਾਨ ਕਾਰ ਵਿਚੋਂ ਭੁੱਕੀ ਬਰਾਮਦ ਕਰਨ ਦਾ ਦਾਅਵਾ ਕੀਤਾ, ਜਿਸ ਦਾ ਵਜ਼ਨ 210 ਕਿਲੋਗ੍ਰਾਮ ਪਾਇਆ ਗਿਆ | ਪੁਲਿਸ ਮੁਤਾਬਿਕ ਕਾਰ 'ਚੋਂ ਭੱਜਣ ਵਾਲਾ ਰਾਜਿੰਦਰ ਸਿੰਘ ਵਾਸੀ ਰਾਜਗੜ੍ਹ ਕੁੱਬੇ ਸੀ, ਜਦਕਿ ਦੂਸਰੇ ਦੀ ਸ਼ਨਾਖ਼ਤ ਨਹੀਂ ਹੋ ਸਕੀ | ਬਾਅਦ ਵਿਚ ਪੁਲਿਸ ਨੇ 29 ਜੂਨ 2019 ਨੂੰ ਰਾਜਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਸੀ | ਜਿਸ ਉਪਰ ਉਕਤ ਮਾਮਲੇ ਸੰਬੰਧੀ ਕੇਸ ਚੱਲ ਰਿਹਾ ਸੀ, ਜਿਸ ਦਾ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਉਸ ਨੂੰ ਉਕਤ ਦੋਸ਼ਾਂ 'ਚੋਂ ਬਰੀ ਕਰਕੇ ਰਾਹਤ ਦਿੱਤੀ ਹੈ |