ਤਲਵੰਡੀ ਸਾਬੋ, 19 ਜੁਲਾਈ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਵਲੋਂ ਦੋ ਵਾਟਰ ਕੂਲਰ ਭੇਟ ਕੀਤੇ ਗਏ | ਕਾਲਜ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਕੂਲਰ ਭੇਟ ਕਰਨ ਮੌਕੇ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਦੇ ਨਾਲ ਤਖ਼ਤ ਸਾਹਿਬ ਦੇ ਮੈਨੇਜਰ ਗੁਰਵਿੰਦਰ ਸਿੰਘ, ਮੀਤ ਮੈਨੇਜਰ ਗੁਰਦੇਵ ਸਿੰਘ, ਸਟੋਰ ਇੰਚਾਰਜ ਤਰਸੇਮ ਸਿੰਘ ਵੀ ਮੌਜੂਦ ਸਨ | ਕਾਲਜ ਪਿ੍ੰਸੀਪਲ ਡਾ. ਕਮਲਪ੍ਰੀਤ ਕੌਰ, ਸਮੂਹ ਸਟਾਫ ਤੇ ਵਿਦਿਆਰਥਣਾਂ ਵਲੋਂ ਜਥੇਦਾਰ ਸਾਹਿਬ ਦੇ ਇਸ ਉਪਰਾਲੇ ਲਈ ਧੰਨਵਾਦ ਪ੍ਰਗਟਾਇਆ | ਉਨ੍ਹਾਂ ਕਿਹਾ ਕਿ ਇਹ ਯੋਗਦਾਨ ਨਾ ਸਿਰਫ ਤਤਕਾਲ ਲਾਭ ਦਿੰਦਾ ਹੈ, ਸਗੋਂ ਲੜਕੀਆਂ ਨੂੰ ਇਹ ਸੰਦੇਸ਼ ਵੀ ਦਿੰਦਾ ਹੈ ਕਿ ਉਨ੍ਹਾਂ ਦੀ ਸੁਵਿਧਾ ਤੇ ਵਿਕਾਸ ਲਈ ਤਖਤ ਸਾਹਿਬ ਦੇ ਅਹੁਦੇਦਾਰ ਹਮੇਸ਼ਾ ਉਤਸ਼ਾਹਿਤ ਅਤੇ ਸਹਿਯੋਗੀ ਰਹਿੰਦੇ ਹਨ | ਇਹ ਉਪਕਰਮ ਨਾ ਸਿਰਫ਼ ਸਿੰਘ ਸਾਹਿਬ ਤੇ ਤਖ਼ਤ ਸਾਹਿਬ ਦੀ ਮੈਨੇਜਮੈਂਟ ਦੀ ਲੋਕ ਸੇਵਾ ਅਤੇ ਲੜਕੀਆਂ ਦੀ ਤਰੱਕੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਸਗੋਂ ਇਹ ਵੀ ਸਾਬਤ ਕਰਦਾ ਹੈ ਕਿ ਧਾਰਮਿਕ ਆਗੂ ਕਿਵੇਂ ਸਮਾਜਿਕ ਤੇ ਸਿੱਖਿਅਕ ਸੰਸਥਾਵਾਂ ਦੀ ਮਦਦ ਰਾਹੀਂ ਸਿੱਖ ਪੰਥ ਦੇ ਨਿਰਦੇਸ਼ਾਂ ਅਨੁਸਾਰ ਸੇਵਾ-ਭਾਵਨਾ ਨੂੰ ਅਮਲ 'ਚ ਲਿਆਉਂਦੇ ਹਨ | ਇਸ ਮੌਕੇ ਸਿੰਘ ਸਾਹਿਬ ਨੇ ਕਿਹਾ ਕਿ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਸਿਰਫ਼ ਇਕ ਵਿੱਦਿਅਕ ਸੰਸਥਾ ਨਹੀਂ, ਸਗੋਂ ਇਹ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਸਰਪ੍ਰਸਤੀ ਹੇਠ ਇਲਾਕੇ ਦੀਆਂ ਧੀਆਂ ਲਈ ਆਸ ਤੇ ਆਤਮ-ਨਿਰਭਰਤਾ ਦਾ ਕੇਂਦਰ ਹੈ ਅਤੇ ਸਾਡਾ ਇਹ ਕਦਮ ਵਿਦਿਆਰਥਣਾਂ ਦੀ ਸਿਹਤ ਤੇ ਸੁਵਿਧਾ ਵਧਾਉਣ ਵੱਲ ਇਕ ਯਤਨ ਹੈ |