ਬਠਿੰਡਾ, 19 ਜੁਲਾਈ (ਅਵਤਾਰ ਸਿੰਘ ਕੈਂਥ)-ਸਥਾਨਕ ਬਠਿੰਡਾ ਮਾਨਸਾ ਰੋਡ 'ਤੇ, ਬਠਿੰਡਾ ਦਿੱਲੀ ਰੇਲਵੇ ਲਾਈਨ 'ਤੇ ਪਿੰਡ ਫੂਸ ਮੰਡੀ ਨੇੜੇ ਇਕ ਵਿਅਕਤੀ ਦੀ ਰੇਲ ਗੱਡੀ ਹੇਠਾਂ ਆਉਣ ਕਾਰਣ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦਾ ਸਿਰ ਪੱਟੜੀਆਂ ਦੇ ਅੰਦਰ ਪਿਆ ਸੀ ਅਤੇ ਧੜ ਪੱਟੜੀਆਂ ਦੇ ਬਾਹਰ ਪਿਆ ਸੀ | ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਵਿੱਕੀ ਕੁਮਾਰ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੀ | ਸਹਾਰਾ ਟੀਮ ਨੇ ਜੀ. ਆਰ. ਪੀ. ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ | ਜੀ. ਆਰ. ਪੀ. ਪੁਲਿਸ ਸਟੇਸ਼ਨ ਦੇ ਏ. ਐਸ. ਆਈ. ਗੁਰਪਾਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਤੇ ਘਟਨਾ ਦੀ ਜਾਂਚ ਕੀਤੀ | ਮਿ੍ਤਕ ਕੋਲੋਂ ਅਜਿਹੀ ਕੋਈ ਚੀਜ਼ ਨਹੀਂ ਮਿਲੀ ਜੋ ਉਸ ਦੀ ਪਹਿਚਾਣ ਹੋ ਸਕੇ | ਪੁਲਿਸ ਜਾਂਚ ਤੋਂ ਬਾਅਦ ਸਹਾਰਾ ਟੀਮ ਨੇ ਮਿ੍ਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ | ਲਾਸ਼ ਨੂੰ ਸੁਰੱਖਿਅਤ ਰੱਖ ਕੇ ਸਹਾਰਾ ਟੀਮ ਵਲੋਂ ਪਹਿਚਾਣ ਲਈ ਯਤਨ ਕੀਤੇ ਜਾ ਰਹੇ ਹਨ |