02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਨਸ਼ੇੜੀ/ਸ਼ਰਾਬੀਆਂ ਦਾ ਅੱਡਾ ਬਣਿਆ ਸਾਬਕਾ ਉੱਪ ਪ੍ਰਧਾਨ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਦਾ ਯਾਦਗਾਰੀ ਸਮਾਰਕ <br/>

ਅਜੀਤ ਡੈਸਕ 20-07-2025
ਮੰਡੀ ਕਿੱਲਿਆਂਵਾਲੀ, 19 ਜੁਲਾਈ (ਇਕਬਾਲ ਸਿੰਘ ਸ਼ਾਂਤ)-ਇਥੇ ਦੋਸਤੀ ਦੇ ਪ੍ਰਤੀਕ ਵਜੋਂ ਸੂਬਾਈ ਹੱਦ 'ਤੇ ਸਥਾਪਤ ਸਾਬਕਾ ਉੱਪ ਪ੍ਰਧਾਨ ਮੰਤਰੀ ਚੌਧਰੀ ਸਵ. ਦੇਵੀ ਲਾਲ ਤੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਯਾਦਗਾਰੀ ਸਮਾਰਕ ਨਸ਼ੇੜੀਆਂ ਤੇ ਸ਼ਰਾਬੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ | ਇਥੇ ਦਿਨ ਸਮੇਂ ਸੁਲਫ਼ਾ ਨਸ਼ੇੜੀਆਂ ਦੀਆਂ ਮਹਿਫ਼ਲਾਂ ਸਜਦੀਆਂ ਹਨ | ਜਗ੍ਹਾ-ਜਗ੍ਹਾ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਸਮਾਰਕ ਦੇ ਬੁਰੇ ਦਿਨਾਂ ਦੀ ਮੂੰਹ ਬੋਲਦੀ ਤਸਵੀਰ ਹਨ | ਸਿਆਸੀ ਹਾਲਾਤਾਂ ਕਰਕੇ ਪ੍ਰਸ਼ਾਸਨਿਕ ਬੇਰੁਖੀ ਕੌਮੀ ਆਗੂਆਂ ਦੇ ਸਮਾਗਮ ਦੁਰਦਸ਼ਾ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ | ਪੰਚਾਇਤੀ ਰਾਜ ਵਿਭਾਗ ਸਬ ਡਵੀਜ਼ਨ ਲੰਬੀ ਵਲੋਂ ਇਥੇ ਲੱਖਾਂ ਰੁਪਏ ਦਾ ਨਵੀਨੀਕਰਨ ਮਹਿਜ਼ ਤਿੰਨ ਵਰਿ੍ਹਆਂ 'ਚ ਭੁਰਨ ਲੱਗਿਆ ਹੈ | ਇਥੇ ਬਹੁਕਰੋੜੀ ਧੌਲਪੁਰੀ ਪੱਥਰ 'ਤੇ ਗੇਰੂਆ ਰੰਗ-ਰੋਗਨ ਕਰਵਾ ਕੇ ਯਾਦਗਾਰੀ ਦੀ ਮਨਭਾਉਂਦੀ ਦਿੱਖ ਵਿਗਾੜਨ ਦੀ 16 ਮਈ 2022 ਨੂੰ ਪੰਜਾਬ ਸਰਕਾਰ ਵਲੋਂ ਆਰੰਭੀ ਪੜਤਾਲ ਭਾਵੇਂ ਸਿਆਸੀ ਦਬਾਅ ਕਰਕੇ ਕਾਗ਼ਜ਼ਾਂ ਹੇਠਾਂ ਦੱਬ ਗਈ | ਦੂਜੇ ਪਾਸੇ ਅੱਜ ਵੀ ਉਸ ਹੇਠਲੇ ਦਰਜੇ ਦੇ ਨਵੀਨੀਕਰਨ ਕਾਰਜ ਦੇ ਮਲਬਾ ਦੇ ਢੇਰ ਸਰਕਾਰੀ ਬੇਪ੍ਰਵਾਹੀ ਨੂੰ ਮੂੰਹ ਚਿੜ੍ਹਾ ਰਿਹਾ ਹੈ | ਮਾੜੇ ਨਿਰਮਾਣ ਕਾਰਜ ਕਰਕੇ ਬਲੈਕ ਮਾਬਰਲ ਵਾਲੇ ਬੈਂਚਾਂ ਹੇਠਿਓਾ ਸੀਮਿੰਟ ਦੀਆਂ ਪਰਤਾਂ ਲੱਥ-ਲੱਥ ਕੇ ਡਿੱਗ ਰਹੀ ਹਨ | ਕਈ ਜਗ੍ਹਾ ਕੰਧਾਂ ਤੋਂ ਧੌਲਪੁਰੀ ਪੱਥਰ ਡਿੱਗ ਚੁੱਕਿਆ ਹੈ | ਬੁਰੇ ਦਿਨਾਂ ਦਾ ਗੇੜ ਹੈ ਕਿ ਸਥਾਨਕ ਲੋਕਾਂ ਲਈ ਇਕਲੌਤੀ ਸੈਰਗਾਹ 'ਤੇ ਅੱਜ ਕੂੜੇ ਤੇ ਮਲਬੇ ਦੇ ਢੇਰਾਂ ਦਾ ਬੋਲਬਾਲਾ ਹੈ | ਮਨਮੋਹਕ ਫ਼ੁੱਲ-ਬੂਟਿਆਂ ਦੀ ਜਗ੍ਹਾ ਉੱਗੇ ਅੱਕ ਦੇ ਬੂਟੇ ਦਰੱਖ਼ਤਾਂ ਵਰਗੇ ਕੱਦ ਖਿੱਚਣ ਲੱਗੇ ਹਨ, ਜਿਸ ਕਰਕੇ ਹੁਣ ਲੋਕਾਂ ਦੀ ਆਮਦ ਨਾ-ਬਰਾਬਰ ਰਹਿ ਗਈ ਹੈ | ਵੱਡੇ ਬਾਦਲ ਦੀ ਚੜ੍ਹਤ ਮੌਕੇ ਇਕ ਵੇਲਾ ਸੀ, ਜਦੋਂ ਸਮਾਰਕ 'ਚ ਪੰਜਾਬ ਪੁਲਿਸ ਦੇ ਕਰੀਬ ਅੱਧੀ ਮੁਲਾਜ਼ਮਾਂ ਦੀ ਪੱਕੀ ਤਾਇਨਾਤੀ ਹੁੰਦੀ ਸੀ | ਤਤਕਾਲੀ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੇ ਗੂੜ੍ਹੇ ਮਿੱਤਰ ਚੌਧਰੀ ਦੇਵੀ ਨਾਲ ਦੀ ਯਾਦ ਨਮਿਤ ਸਮਾਰਕ ਦਾ ਨਿਰਮਾਣ ਕਰਵਾਇਆ ਸੀ, ਜਿਸ ਦਾ ਉਦਘਾਟਨ 25 ਸਤੰਬਰ 2001 ਨੂੰ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਈ ਵਲੋਂ ਕੀਤਾ ਗਿਆ ਸੀ | ਸਵ. ਬਾਦਲ ਦੇ ਦਿਹਾਂਤ ਉਪਰੰਤ ਦੁਸ਼ਯੰਤ ਚੌਟਾਲਾ ਵਲੋਂ ਉਨ੍ਹਾਂ ਦਾ ਆਦਮ ਬੁੱਤ ਲਗਵਾਇਆ ਗਿਆ | ਇਥੇ ਜਨਤਕ ਪਖਾਨਿਆਂ 'ਚ ਗੰਦਗੀ ਤੇ ਬਦਬੂ ਸਮਾਰਕ ਦੀ ਸ਼ਾਨੋ-ਸ਼ੌਕਤ ਨੂੰ ਵੱਟਾ ਲਗਾ ਰਹੀ ਹੈ | ਖੇਤਰ ਵਾਸੀਆਂ ਮੁਤਾਬਕ ਸਾਬਕਾ ਪੰਚਾਇਤ ਵਲੋਂ ਸਾਂਭ-ਸੰਭਾਲ ਸੰਬੰਧੀ ਤਰਸ ਆਧਾਰ 'ਤੇ ਬਿਠਾਏ ਇਕ ਨੇਤਰਹੀਣ ਵਿਅਕਤੀ ਦੇ ਪਰਿਵਾਰ ਵਲੋਂ ਢੁਕਵੀਂ ਸਾਫ਼-ਸਫ਼ਾਈ ਨਹੀਂ ਕੀਤੀ ਜਾ ਰਹੀ | ਲੋਕਾਂ ਮੁਤਾਬਕ ਪਖਾਨਿਆਂ 'ਚੋਂ ਟੂਟੀਆਂ ਆਦਿ ਨਸ਼ੇੜੀਆਂ ਦੀ ਖੁਰਾਕ ਦੇ ਕੰਮ ਆ ਚੁੱਕੀਆਂ ਹਨ | ਦਰਸ਼ਨ ਸਿੰਘ ਹਾਕੂਵਾਲਾ ਨੇ ਕਿਹਾ ਕਿ ਸਰਕਾਰ ਵਲੋਂ ਕੋਈ ਸਾਂਭ-ਸੰਭਾਲ ਦਾ ਪ੍ਰਬੰਧ ਨਹੀਂ ਹੈ | ਦਰਜਨ-ਦਰਜਨ ਵਿਅਕਤੀ ਝੁੰਡ ਬਣਾ ਕੇ ਸੁਲਫ਼ੇ ਪੀਂਦੇ ਹਨ | ਸਮਾਜ ਸੇਵੀ ਜਸਪਾਲ ਸਿੰਘ ਢੰਡਾਲ ਨੇ ਕਿਹਾ ਕਿ ਸਮਾਰਕ ਵਿਚ ਸਫ਼ਾਈ ਅਮਲੇ ਦੀ ਪੱਕੀ ਤਾਇਨਾਤੀ ਕਰਕੇ ਸਾਫ਼-ਸਫ਼ਾਈ ਲਈ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ | ਸਮਾਰਕ ਵਿਚਲੇ ਫੁਹਾਰਿਆਂ ਵਾਲੀ ਗੁਫ਼ਾ 'ਚ ਹਰਿਆਣਾ ਪੁਲਿਸ ਦੇ ਅਮਲੇ ਦੇ ਮੰਜੇ-ਬਿਸਤਰੇ ਸਜੇ ਹੋਏ ਹਨ, ਜਿਨ੍ਹਾਂ ਨੂੰ ਸਮਾਰਗਕ 'ਚ ਲੋਕਾਂ ਪ੍ਰਤੀ ਬਹੁਤੀ ਦਿਲਚਸਪੀ ਨਹੀਂ ਹੈ, ਇਹ ਤਾਂ ਸਿਰਫ਼ ਮਲੋਟ ਰੋਡ ਸੂਬਾਈ ਹੱਦ 'ਤੇ ਡਿਊਟੀ ਤੱਕ ਸੀਮਤ ਹਨ | ਲੰਬੀ ਹਲਕੇ ਦਾ ਸ਼ੋ੍ਰਮਣੀ ਅਕਾਲੀ ਦਲ ਤੇ ਹਰਿਆਣਾ ਦੀ ਇਨੈਲੋ ਅਤੇ ਜਜਪਾ ਵੀ ਸਮਾਰਕ ਦੀ ਸਾਫ਼-ਸਫ਼ਾਈ ਪੱਖੋਂ ਕੋਈ ਜ਼ਿਆਦਾ ਗੰਭੀਰ ਨਹੀਂ ਜਾਪਦੀਆਂ | ਸ਼ਾਇਦ ਦੋਵੇਂ ਸਿਆਸੀ ਧਿਰਾਂ ਲਈ ਉਨ੍ਹਾਂ ਦੇ ਮੁੱਢ ਆਗੂਆਂ ਦੇ ਆਦਮ ਕੱਦ ਬੁੱਤਾਂ ਦੇ ਮਾਇਨੇ ਵੀ ਸਿਰਫ਼ ਬਰਸੀ ਅਤੇ ਜਨਮ ਦਿਨ ਮੌਕੇ ਫ਼ੁੱਲਾਂ ਦੇ ਹਾਰਾਂ ਵਾਲੀ ਸ਼ਰਧਾਂਜ਼ਲੀ ਤੱਕ ਸੀਮਤ ਹੋ ਕੇ ਰਹਿ ਗਏ ਹਨ |

ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਕਰਕੇ ਮੌਤ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਫਲੱਡ ਕੰਟਰੋਲ ਰੂਮ ਲਗਾਤਾਰ ਕਾਰਜਸ਼ੀਲ-ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।