ਰਾਮਾਂ ਮੰਡੀ, 18 ਜੁਲਾਈ (ਤਰਸੇਮ ਸਿੰਗਲਾ)-ਗੋਲਡਨ ਡੇਜ਼ ਪਬਲਿਕ ਸਕੂਲ ਪਿੰਡ ਗੁਰਥੜੀ ਵਿਖੇ 'ਜੀਵਨ-ਜਾਂਚ' ਵਿਸ਼ੇ ਨਾਲ ਸਬੰਧਿਤ ਸੈਮੀਨਾਰ ਕਰਵਾਇਆ | ਪਿ੍ੰਸੀਪਲ ਰਾਹੁਲ ਮਹਿਤਾ ਨੇ ਦੱਸਿਆ ਸਮਾਗਮ ਵਿਚ ਕਿ ਸ੍ਰੀ ਸਹਿਜ ਪਾਠ ਸੇਵਾ ਸੋਸਾਇਟੀ (ਸ੍ਰੀ ਅੰਮਿ੍ਤਸਰ ਸਾਹਿਬ) ਵਲੋਂ ਪਹੁੰਚੇ ਗੁਰਜੀਤ ਸਿੰਘ ਡਿਵਾਈਨ ਲੈਕਚਰਾਰ, ਸਤਿਨਾਮ ਸਿੰਘ ਸੋਹਲਪੁਰੀ ਡਿਵਾਈਨ ਵਰਕਰ ਅਤੇ ਪ੍ਰਭਜੋਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਜੀਵਨ ਜਾਂਚ ਵਿਸ਼ੇ ਨਾਲ ਸੰਬੰਧਿਤ ਬਹੁਮੁੱਲੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਧਰਤੀ 'ਤੇ ਸਿਰਫ਼ ਮਨੁੱਖ ਹੀ ਇਕ ਅਜਿਹਾ ਜੀਵ ਹੈ, ਜਿਸ ਕੋਲ ਵਿਚਾਰ-ਸ਼ਕਤੀ ਹੈ | ਆਲੇ-ਦੁਆਲੇ ਜੋ ਕੁਝ ਵਾਪਰਦਾ ਹੈ, ਉਹ ਉਸ ਤੋਂ ਸਿੱਖਦਾ ਹੈ ਅਤੇ ਉਸ ਮੁਤਾਬਕ ਅੱਗੇ ਵੱਧਦਾ ਹੈ | ਜਨਮ ਲੈਣ ਤੋਂ ਬਾਅਦ ਬੱਚਾ ਜਦ ਵੱਡਾ ਹੋਣ ਲੱਗਦਾ ਹੈ ਤਾਂ ਬਚਪਨ ਵਿਚ ਚੰਗੇ-ਬੁਰੇ ਦਾ ਉਸ ਨੂੰ ਅਹਿਸਾਸ ਨਹੀਂ ਹੁੰਦਾ, ਪਰ ਮਾਤਾ-ਪਿਤਾ, ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਬੁਰੇ ਹਾਲਾਤ ਤੋਂ ਬਚਣ ਲਈ ਚੌਕਸ ਕਰਦੇ ਰਹਿੰਦੇ ਹਨ | ਸਤਿਨਾਮ ਸਿੰਘ ਨੇ ਵਿਦਿਆਰਥੀਆਂ ਨੂੰ ਜੀਵਨ ਸ਼ੈਲੀ, ਗੁਰੂ ਦੇ ਵਚਨਾਂ ਤੇ ਅਮਲ ਕਰਨ, ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਮੋਬਾਈਲ ਦੀ ਦੁਰਵਰਤੋਂ ਦੇ ਅਸਰ ਆਦਿ ਜ਼ਿੰਦਗੀ ਨਾਲ ਸਬੰਧਿਤ ਵਿਭਿੰਨ ਗੁਰਬਾਣੀ ਦੀਆਂ ਸੁੰਦਰ ਉਦਾਹਰਨਾਂ ਦੇ ਕੇ ਸਮਝਾਉਦਿਆਂ ਇਕ ਆਦਰਸ਼ ਜੀਵਨ ਜਿਓਣ ਦੀ ਪ੍ਰੇਰਨਾ ਦਿੱਤੀ | ਕੈਂਪਸ ਇੰਚਾਰਜ ਜਗਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਜ਼ਰੀਏ ਸਕਾਲਰਸ਼ਿਪ ਲੈਕੇ ਕੈਨੇਡਾ ਜਾਣ ਬਾਰੇ ਦੱਸਿਆ | ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਤੋਂ ਕੁੱਝ ਸਵਾਲ ਵੀ ਪੁੱਛੇ | ਸਮੂਹ ਸਟਾਫ਼ ਵਲੋਂ ਪਹੁੰਚੇ ਮਹਿਮਾਨਾਂ ਨੂੰ ਇਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਬੱਚਿਆਂ ਦੇ ਧਾਰਮਿਕ ਗਿਆਨ ਵਿਚ ਵਾਧਾ ਕਰਨ ਲਈ ਬੱਚਿਆਂ ਨੂੰ ਧਾਰਮਿਕ ਪੁਸਤਕਾਂ ਵੀ ਵੰਡੀਆਂ ਗਈਆਂ | ਸੈਮੀਨਾਰ ਦੌਰਾਨ ਸਕੂਲ ਸਟਾਫ਼ ਦੇ ਅਮਨਦੀਪ ਕੌਰ, ਵੀਰਪਾਲ ਕੌਰ, ਨਵਦੀਪ ਕੌਰ, ਕਰੂਣਾ, ਸ਼ਾਨਪ੍ਰੀਤ ਕੌਰ ਤੇ ਸਰਬਜੀਤ ਕੌਰ ਆਦਿ ਹਾਜ਼ਰ ਸਨ |