ਫਿਰੋਜ਼ਪੁਰ,3 ਦਸੰਬਰ(ਸੁਖਵਿੰਦਰ ਸਿੰਘ)-ਫ਼ਰਦ ਕੇਂਦਰ ਕੰਪਿਊਟਰ ਅਪਰੇਟਰਾਂ ਦੀਆਂ ਲੰਬੇ ਸਮੇਂ ਤੋਂ ਪੈਂਦੀਆਂ ਮੰਗਾਂ ਅਤੇ ਵਿਭਾਗ ਵਲੋਂ ਕੋਈ ਪਾਲਿਸੀ ਜਾਂ ਗੱਲਬਾਤ ਨਾ ਕਰਨ ਦੇ ਰੋਸ ਵਜੋਂ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੇ ਸਾਰੇ ਫ਼ਰਦ ਕੇਂਦਰ ਪੂਰੀ ਤਰ੍ਹਾਂ ਬੰਦ ਰਹੇ | ਅਪਰੇਟਰਾਂ ਵਲੋਂ ਠੇਕਾ ਸੰਘਰਸ਼ ਮੋਰਚੇ ਦਾ ਸਮਰਥਨ ਕਰਦੇ ਹੋਏ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਕੰਮ ਮੁਕੰਮਲ ਤੌਰ 'ਤੇ ਠੱਪ ਰਿਹਾ | ਮੀਤ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਵੀ ਇਹੀ ਸ਼ਡਿਊਲ ਅਨੁਸਾਰ 9 ਵਜੇ ਤੋਂ 2 ਵਜੇ ਤੱਕ ਕੰਮ ਬੰਦ ਰਹੇਗਾ | ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਲੇ ਤੱਕ ਨਾ ਤਾਂ ਕਿਸੇ ਮੰਗ ਨੂੰ ਲੈ ਕੇ ਤਵੱਜੋ ਦਿੱਤੀ ਹੈ ਅਤੇ ਨਾ ਹੀ ਕੋਈ ਅਧਿਕਾਰਕ ਬਿਆਨ ਜਾਂ ਲਿਖਤੀ ਪੱਤਰ ਜਾਰੀ ਕੀਤਾ ਹੈ, ਜੋ ਕਰਮਚਾਰੀਆਂ ਵਿਚ ਗਹਿਰਾ ਰੋਸ ਪੈਦਾ ਕਰ ਰਿਹਾ ਹੈ | ਉਨ੍ਹਾਂ ਹੋਰ ਦੱਸਿਆ ਕਿ 2, 3 ਅਤੇ 4 ਦਸੰਬਰ ਦੇ ਲਗਾਤਾਰ ਧਰਨਾ ਪ੍ਰੋਗਰਾਮ ਤੋਂ ਬਾਅਦ ਫ਼ਰਦ ਕੇਂਦਰ ਕੰਪਿਊਟਰ ਆਪਰੇਟਰਜ਼ ਐਸੋਸੀਏਸ਼ਨ ਯੂਨੀਅਨ ਵੱਲੋਂ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ | ਜਦ ਤੱਕ ਉਨ੍ਹਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸੰਘਰਸ਼ ਇੰਝ ਹੀ ਜਾਰੀ ਰਹੇਗਾ | ਅਪਰੇਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਜਲਦ ਕੋਈ ਸਕਾਰਾਤਮਿਕ ਕਦਮ ਨਹੀਂ ਚੁੱਕਦੀ, ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ |