11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਖਨੌਰੀ-ਕੈਥਲ ਮਾਰਗ 'ਤੇ ਪਿੰਡ ਬਾਜ਼ੀਗਰ ਥੇਹ ਕੋਲ ਮਿੱਟੀ ਪਾਏ ਜਾਣ ਨਾਲ ਬਣੀ ਦਲਦਲ ਕਾਰਨ ਲੋਕਾਂ ਦਾ ਲੰਘਣਾ ਹੋਇਆ ਬੇਹਾਲ <br/>

ਖਨੌਰੀ-ਕੈਥਲ ਮਾਰਗ 'ਤੇ ਪਿੰਡ ਬਾਜ਼ੀਗਰ ਥੇਹ ਵਿਖੇ ਸੜਕ 'ਤੇ ਮਿੱਟੀ ਪਾਏ ਜਾਣ ਕਾਰਨ ਬਣੀ ਦਲਦਲ ਵਿਚ ਫਸੀ ਹੋਈ ਲੱਕੜਾਂ ਦੀ ਭਰੀ ਟਰਾਲੀ ਅਤੇ (ਸੱਜੇ) ਦਲਦਲ ਵਿਚ ਫਸਿਆ ਹੋਇਆ ਟਰੱਕ | ਤਸਵੀਰਾਂ: ਬਲਵਿੰਦਰ ਸਿੰਘ ਥਿੰਦ <br/> 23-11-2025
ਖਨੌਰੀ, 22 ਨਵੰਬਰ (ਬਲਵਿੰਦਰ ਸਿੰਘ ਥਿੰਦ) - ਪੰਜਾਬ ਨੂੰ ਹਰਿਆਣਾ ਰਾਜ ਨਾਲ ਜੋੜਨ ਵਾਲੀ ਖਨੌਰੀ ਕੈਥਲ ਸੜਕ ਦਾ ਹਰਿਆਣਾ ਦੇ ਬਾਰਡਰ ਸੰਗਤਪੁਰਾ ਪਿੰਡ ਤੱਕ ਬਹੁਤ ਹੀ ਖਸਤਾ ਹਾਲਤ ਹੋਣ ਕਰ ਕੇ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਨ੍ਹਾਂ ਦੇ ਵਾਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਪਰ ਸਰਕਾਰ ਬਜਾਏ ਇਸ ਪਾਸੇ ਕੋਈ ਧਿਆਨ ਦੇਣ ਦੇ ਕੁੰਭਕਰਨੀ ਨੀਂਦੇ ਸੁੱਤੀ ਜਾਪਦੀ ਹੈ | ਪੰਜਾਬ ਰਾਜ ਦੇ ਬਾਰਡਰ ਤੇ ਪੈਂਦੇ ਕਸਬੇ ਖਨੌਰੀ ਤੋਂ ਹਰਿਆਣਾ ਰਾਜ ਵਿਚ ਪੈਂਦੇ ਸ਼ਹਿਰ ਕੈਥਲ ਨੂੰ ਜਾਂਦੀ ਮੁੱਖ ਸੜਕ ਦੇ ਵਿਚ ਪਿਛਲੇ ਲੰਬੇ ਸਮੇਂ ਤੋਂ ਹੀ ਪੰਜਾਬ ਰਾਜ ਵਿਚ ਪੈਂਦੀ ਇਸ ਸੜਕ ਦੀ ਬਹੁਤ ਹੀ ਜ਼ਿਆਦਾ ਖਸਤਾ ਹਾਲਤ ਹੋਈ ਪਈ ਹੈ ਤੇ ਇਸ ਸੜਕ ਤੇ ਥਾਂ-ਥਾਂ ਤੇ ਵੱਡੇ ਵੱਡੇ ਤੇ ਡੂੰਘੇ ਟੋਏ ਪਏ ਹੋਏ ਹਨ ਤੇ ਜਿਸ ਕਰ ਕੇ ਵਾਹਨਾਂ ਵਾਲਿਆਂ ਨੂੰ ਪੰਜਾਬ ਵਿਚਲੀ ਸੰਗਤਪੁਰਾ ਤੱਕ ਦੀ ਕਰੀਬ 12 ਕਿੱਲੋਮੀਟਰ ਦੀ ਸੜਕ ਤੋਂ ਲੰਘਣਾ ਸਮੁੰਦਰ ਪਾਰ ਕਰਨ ਦੇ ਬਰਾਬਰ ਲੱਗਦਾ ਹੈ ਤੇ ਅਕਸਰ ਹੀ ਉਨ੍ਹਾਂ ਵਾਹਨਾਂ ਵਾਲਿਆਂ ਦਾ ਇਸ ਖਸਤਾ ਹਾਲਤ ਵਾਲੀ ਸੜਕ ਤੋਂ ਨੁਕਸਾਨ ਹੋ ਜਾਂਦਾ ਹੈ | ਇਸ ਸੜਕ ਦੀ ਇਤਨੀ ਮੰਦੀ ਹਾਲਤ ਹੋ ਚੁੱਕੀ ਹੈ ਕਿ ਇਸ ਤੋਂ ਤਾਂ ਕੱਚਾ ਰਸਤਾ ਵੀ ਵਧੀਆ ਹੁੰਦਾ ਹੈ | ਪਿਛਲੇ ਕਰੀਬ ਚਾਰ ਪੰਜ ਸਾਲਾਂ ਤੋਂ ਇਸ ਸੜਕ ਦਾ ਮਾੜਾ ਹਾਲ ਹੈ ਤੇ ਸਰਕਾਰ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਬੁਰੀ ਤਰ੍ਹਾਂ ਟੁੱਟੀ ਹੋਈ ਇਸ ਸੜਕ ਤੇ ਇੱਕ ਦੋ ਵਾਰ ਪੈਚ ਵਰਕ ਵਗ਼ੈਰਾ ਲਗਾ ਕੇ ਬੁੱਤਾ ਸਾਰਿਆ ਗਿਆ ਹੈ | ਵੈਸੇ ਤਾਂ ਸਾਰੀ ਸੜਕ ਤੇ ਹੀ ਡੂੰਘੇ ਤੇ ਵੱਡੇ ਟੋਏ ਪਏ ਹੋਏ ਹਨ ਪ੍ਰੰਤੂ ਬਾਜ਼ੀਗਰ ਥੇਹ ਤੋਂ ਲੈ ਕੇ ਸੰਗਤਪੁਰਾ ਪਿੰਡ ਤੱਕ ਤਾਂ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ | ਬਾਜ਼ੀਗਰ ਥੇਹ ਵਿਖੇ ਪਿੰਡ ਦੇ ਲੋਕਾਂ ਵਲੋਂ ਖ਼ੁਦ ਹੀ ਕਈ ਵਾਰ ਮਿੱਟੀ ਪੱਥਰ ਵਗ਼ੈਰਾ ਪਾ ਕੇ ਸੜਕ ਦੀ ਕੁੱਝ ਹਾਲਤ ਠੀਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰੰਤੂ ਕੁੱਝ ਦੇਰ ਬਾਅਦ ਫਿਰ ਉਹੀ ਹਾਲਤ ਹੋ ਜਾਂਦੀ ਹੈ ਬੀਤੇ ਦਿਨ ਵੀ ਇਸ ਸੜਕ ਤੇ ਮਿੱਟੀ ਵਗ਼ੈਰਾ ਪਾ ਕੇ ਇਸ ਨੂੰ ਕੁੱਝ ਠੀਕ ਕੀਤਾ ਗਿਆ ਸੀ ਪ੍ਰੰਤੂ ਇੱਥੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਪਾਣੀ ਸੜਕ ਤੇ ਆ ਜਾਣ ਕਾਰਨ ਪਾਈ ਹੋਈ ਮਿੱਟੀ ਵਿਚ ਭਾਰੀ ਦਲ ਦਲ ਹੋ ਗਈ ਅਤੇ ਰਾਤ ਨੂੰ ਇੱਕ ਟਰਾਲਾ ਇੱਥੇ ਸੜਕ ਵਿਚ ਹੀ ਮਿੱਟੀ ਨਾਲ ਬਣੀ ਦਲ ਦਲ ਦੇ ਵਿਚ ਫਸ ਗਿਆ ਅਤੇ ਸਵੇਰੇ ਇੱਕ ਲੱਕੜਾਂ ਦੀ ਭਰੀ ਟਰਾਲੀ ਵੀ ਇੱਥੇ ਬਣੀ ਫਸ ਗਈ ਅਤੇ ਆਵਾਜਾਈ ਬੰਦ ਹੋ ਗਈ | ਜਿਸ ਕਾਰਨ ਵਾਹਨਾਂ ਵਾਲਿਆਂ ਨੂੰ ਬਦਲਵੇਂ ਰਸਤਿਆਂ ਤੋਂ ਆਪਣੀ ਮੰਜ਼ਿਲ ਵੱਲ ਜਾਣਾ ਪਿਆ | ਇਹ ਵੀ ਵਰਣਨ ਯੋਗ ਹੈ ਕਿ ਹਰਿਆਣਾ ਦੇ ਕੈਥਲ ਸ਼ਹਿਰ ਨੂੰ ਦੂਜੀ ਦਿੱਲੀ ਕਿਹਾ ਜਾਂਦਾ ਹੈ ਜਿਸ ਕਰ ਕੇ ਖਨੌਰੀ ਅਤੇ ਪਾਤੜਾਂ ਸ਼ਹਿਰ ਦਾ ਵੱਡੀ ਗਿਣਤੀ ਵਿਚ ਵਪਾਰੀ ਵਰਗ ਕੈਥਲ ਦੀ ਹੋਲਸੇਲ ਮਾਰਕੀਟ ਵਿਚੋਂ ਸਮਾਨ ਲੈਣ ਲਈ ਨਿੱਤ ਪ੍ਰਤੀ ਜਾਂਦਾ ਹੈ ਪ੍ਰੰਤੂ ਸੜਕ ਦੀ ਮਾੜੀ ਹਾਲਤ ਹੋਣ ਕਰ ਕੇ ਉਨ੍ਹਾਂ ਨੂੰ ਵੀ ਕਾਫ਼ੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਖਨੌਰੀ ਤੋਂ ਦਿੱਲੀ ਵੱਲ ਨੂੰ ਜਾਣ ਤੇ ਆਉਣ ਵਾਲੀ ਸਾਰੀ ਆਵਾਜਾਈ ਵੀ ਹੁਣ ਐਕਸਪੈੱ੍ਰਸ ਵੇਅ ਰੋਡ ਚਾਲੂ ਹੋਣ ਕਰ ਕੇ ਇਸੇ ਸੜਕ ਤੋਂ ਦੀ ਲੰਘਦੀ ਹੈ | ਲੋਕਾਂ ਦੀ ਮੰਗ ਹੈ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਅਤੇ ਆ ਰਹੀ ਪ੍ਰੇਸ਼ਾਨੀ ਤੋਂ ਬਚਾਇਆ ਜਾਏ |

ਪਿਛਲੀ ਖ਼ਬਰ ਬੌਧਿਕ ਸੰਪਤੀ, ਟੈਕਨਾਲੋਜੀ ਵਪਾਰੀਕਰਨ ਅਤੇ ਸਟਾਰਟ ਅੱਪ ਵਿਸ਼ੇ 'ਤੇ ਵਰਕਸ਼ਾਪ ਕਰਵਾਈ <br/> ਅਗਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਪਿੰਡ ਮੰਗਵਾਲ, ਭਿੰਡਰਾਂ ਤੇ ਬਾਲੀਆਂ ਵਿਖੇ ਖੇਡ ਮੈਦਾਨਾਂ ਦੇ ਨਿਰਮਾਣ ਕਾਰਜਾਂ ਦੀ ਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।