ਅਜੀਤਵਾਲ, 8 ਦਸੰਬਰ (ਹਰਦੇਵ ਸਿੰਘ ਮਾਨ)-ਭਾਰਤੀ ਮਹਿਲਾ ਰੋਇੰਗ ਟੀਮ ਦੀਆਂ ਖਿਡਾਰਨਾਂ ਜੀ ਲੌਂਗ (ਆਸਟ੍ਰੇਲੀਆ) ਵਿਚ ਏਸ਼ੀਅਨ ਖੇਡਾਂ ਦੀ ਤਿਆਰੀ ਲਈ ਜਾ ਰਹੀਆਂ ਹਨ, ਉਨ੍ਹਾਂ ਵਿਚ ਪੰਜਾਬ ਦੀਆਂ ਤਿੰਨ ਖਿਡਾਰਨਾਂ ਵੀ ਸ਼ਾਮਲ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਇੰਗ ਫੈਡਰੇਸ਼ਨ ਆਫ਼ ਇੰਡੀਆ ਦੇ ਜਰਨਲ ਸਕੱਤਰ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ਰੋਇੰਗ ਵਿਚ ਵਧੀਆ ਪ੍ਰਾਪਤੀਆਂ ਵਾਲੀਆਂ ਪੰਜਾਬ ਦੀਆਂ ਖਿਡਾਰਨਾਂ ਗੁਰਬਾਣੀ ਕੌਰ (ਲੁਧਿਆਣਾ), ਦਿਲਜੋਤ ਕੌਰ (ਤਰਨਤਾਰਨ), ਪੂਨਮ (ਅਬੋਹਰ) ਵੀ ਆਸਟਰੇਲੀਆ ਜਾਣ ਵਾਲੀਆਂ ਖਿਡਾਰਨਾਂ ਵਿਚ ਸ਼ਾਮਲ ਹਨ, ਜਿੱਥੇ ਉਨ੍ਹਾਂ ਦੀ ਤਿਆਰੀ ਏਸ਼ੀਅਨ ਖੇਡਾਂ ਲਈ ਹੋ ਰਹੀ ਹੈ | ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਪੰਜਾਬ 'ਚੋਂ ਏਸ਼ੀਅਨ ਖੇਡਾਂ ਦੀ ਤਿਆਰੀ ਲਈ ਆਸਟਰੇਲੀਆ ਵਿਖੇ ਛੇ ਹਫ਼ਤੇ ਦੇ ਕੈਂਪ ਨਾਲ ਇਨ੍ਹਾਂ ਦੀ ਖੇਡ 'ਚ ਹੋਰ ਸੁਧਾਰ ਆਵੇਗਾ ਤੇ ਦੇਸ਼ ਲਈ ਹੋਰ ਪ੍ਰਾਪਤੀਆਂ ਕਰਨਗੀਆਂ | ਪੰਜਾਬ ਐਮੀਚਿਊਰ ਰੋਇੰਗ ਐਸੋਸੀਏਸ਼ਨ ਦੀ ਪ੍ਰਧਾਨ ਮਨਿੰਦਰ ਕੌਰ ਵਿਰਕ, ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਮੀਤ ਪ੍ਰਧਾਨ ਗੁਰਸਾਗਰ ਸਿੰਘ ਨਕਈ, ਗੁਰਮੇਲ ਸਿੰਘ, ਹਰਵਿੰਦਰ ਸਿੰਘ, ਬਲਜੀਤ ਸਿੰਘ, ਜਸਬੀਰ ਕੌਰ, ਗੁਰਮੀਤ ਸਿੰਘ, ਪ੍ਰਦੀਪ ਸਿੰਘ ਅਤੇ ਸੁਰਜੀਤ ਸਿੰਘ ਸਮੇਤ ਰੋਇੰਗ ਤੇ ਖੇਡ ਜਗਤ ਦੀਆਂ ਹੋਰ ਸ਼ਖ਼ਸੀਅਤਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਖਿਡਾਰਨਾਂ ਨੂੰ ਵਧਾਈਆਂ ਦਿੱਤੀਆਂ |