ਕੋਟ ਈਸੇ ਖਾਂ, 19 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)-ਕੋਟ ਈਸੇ ਖਾਂ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਆਵਾਜਾਈ ਦੀ ਸਮੱਸਿਆ ਦੇ ਪੁਖ਼ਤਾ ਹੱਲ ਲਈ ਨਗਰ ਪੰਚਾਇਤ ਵਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਾਜ਼ਾਰ ਖੁੱਲੇ ਕਰਵਾਉਣ ਦੀ ਚੱਲ ਰਹੀ ਮੁਹਿੰਮ ਦੇ ਤੀਜੇ ਦਿਨ ਵੀ ਦੁਕਾਨਾਂ ਤੋਂ ਅੱਗੇ ਸੜਕਾਂ 'ਤੇ ਬਣੇ ਹੋਏ ਥੜੇ੍ਹ ਵਗ਼ੈਰਾ ਢਾਹ ਕੇ ਨਾਜਾਇਜ਼ ਕਬਜ਼ੇ ਹਟਾਏ ਗਏ | ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਦੀ ਇਸ ਮੁਹਿੰਮ ਨੂੰ ਲੈ ਕੇ ਦੁਕਾਨਦਾਰ ਭਾਈਚਾਰੇ ਦੇ ਕਈ ਲੋਕਾਂ ਵਲੋਂ ਪੱਖਪਾਤ ਦੇ ਦੋਸ਼ ਵੀ ਲਗਾਏ ਗਏ ਸਨ ਕਿ ਕਈ ਸਿਫ਼ਾਰਸ਼ੀ ਲੋਕਾਂ ਤੇ ਜੋ ਨਗਰ ਪੰਚਾਇਤ ਵਿਚ ਐਮ.ਸੀ. ਹਨ ਜਾਂ ਉਨ੍ਹਾਂ ਦੇ ਕਰੀਬੀਆਂ ਦੇ ਅੱਗੇ ਕਾਰਵਾਈ ਕਿਉਂ ਨਹੀਂ ਹੋਈ | ਦੂਜੇ ਪਾਸੇ ਨਗਰ ਪੰਚਾਇਤ ਨੇ ਇਨ੍ਹਾਂ ਗੱਲਾਂ ਤੋਂ ਉੱਪਰ ਉੱਠਦੇ ਹੋਏ ਆਪਣੀ ਕਾਰਵਾਈ ਲਗਾਤਾਰ ਜਾਰੀ ਰੱਖੀ | ਬਾਜ਼ਾਰ ਖੁੱਲੇ ਕਰਵਾਉਣ ਦੀ ਕਾਰਵਾਈ ਨੂੰ ਲੈ ਕੇ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਅਮਰਇੰਦਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਕਾਨੂੰਨ ਸਭ ਵਾਸਤੇ ਇਕ ਹੈ ਤੇ ਪ੍ਰਸ਼ਾਸਨ ਵਲੋਂ ਚਲਾਈ ਇਸ ਮੁਹਿੰਮ ਵਿਚ ਕਿਸੇ ਦੀ ਵੀ ਕੋਈ ਸਿਫ਼ਾਰਿਸ਼ ਨਹੀਂ ਮੰਨੀ ਜਾ ਰਹੀ ਤੇ ਇਮਾਨਦਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਵਾਜਾਈ ਦੀ ਸਮੱਸਿਆ ਨੂੰ ਲੈ ਕੇ ਰਾਹਗੀਰਾਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਸੀ ਤੇ ਇਹ ਸਮੱਸਿਆ ਲੋਕਾਂ ਦੀ ਹੈ ਤੇ ਇਸ ਨੂੰ ਠੀਕ ਕਰਨਾ ਸਾਡਾ ਫ਼ਰਜ਼ ਹੈ |