22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸਿਆਸੀ ਦਲਾਂ ਵਲੋਂ 2027 ਦੀਆਂ ਚੋਣਾਂ ਲਈ ਹੁਣ ਤੋਂ ਹੀ ਜੋੜ-ਤੋੜ ਤੇ ਪ੍ਰਚਾਰ ਸਿਖ਼ਰਾਂ 'ਤੇ ਕਿਉਂ? <br/>

ਅਜੀਤ ਡੈਸਕ 22-07-2025
ਹਰਕਵਲਜੀਤ ਸਿੰਘ
ਚੰਡੀਗੜ੍ਹ, 21 ਜੁਲਾਈ-ਪੰਜਾਬ ਦੇ ਸਿਆਸੀ ਮੁਹਾਜ਼ 'ਤੇ ਇਸ ਵਾਰ ਇਕ ਵੱਖਰਾ ਵਰਤਾਰਾ ਵੇਖਣ ਨੂੰ ਮਿਲ ਰਿਹਾ ਹੈ ਤੇ 2027 ਦੀਆਂ ਆਮ ਚੋਣਾਂ ਨੂੰ ਲੈ ਕੇ ਸਿਆਸੀ ਦਲ ਕੋਈ ਡੇਢ ਸਾਲ ਪਹਿਲਾਂ ਹੀ ਪੱਬਾਂ ਭਾਰ ਨਜ਼ਰ ਆ ਰਹੇ ਹਨ | ਮੁੱਖ ਮੰਤਰੀ ਤੇ ਰਾਜ ਸਰਕਾਰ ਵਲੋਂ ਜਿਵੇਂ ਫ਼ੈਸਲਿਆਂ ਤੇ ਐਲਾਨਾਂ ਦੀਆਂ ਜਿਵੇਂ ਝੜੀਆਂ ਲਗਾ ਦਿੱਤੀ ਹੈ ਤੇ ਹੇਠਲੇ ਪੱਧਰ 'ਤੇ ਹੋਣ ਵਾਲੇ ਜਨਤਕ ਕੰਮਾਂ ਨੇ ਵੀ ਜਿਵੇਂ ਰਫ਼ਤਾਰ ਫੜ ਲਈ ਹੈ ਉਸ ਨੇ ਸੂਬੇ ਵਿਚਲੇ ਦੂਜੇ ਸਿਆਸੀ ਦਲਾਂ ਨੂੰ ਵੀ ਚਿੰਤਾ ਵਿਚ ਪਾ ਦਿੱਤਾ ਹੈ ਤੇ ਸਰਗਰਮ ਹੋਣ ਲਈ ਮਜਬੂਰ ਕਰ ਦਿੱਤਾ ਹੈ | ਸਾਰੇ ਸਿਆਸੀ ਦਲਾਂ ਵਲੋਂ ਜਨਸੰਪਰਕ ਵਧਾਉਣ ਲਈ ਜਨਤਕ ਮੀਟਿੰਗਾਂ ਤੇ ਰੈਲੀਆਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ ਤੇ ਕਾਂਗਰਸ ਪਾਰਟੀ ਜੋ ਪਹਿਲਾਂ ਆਰਾਮ ਮੁਦਰਾ ਵਿਚ ਨਜ਼ਰ ਆਉਂਦੀ ਰਹੀ ਵਲੋਂ ਵੀ ਲੈਂਡ ਪੂਿਲੰਗ ਪਾਲਿਸੀ ਦੇ ਵਿਰੋਧ ਵਿਚ ਰੈਲੀਆਂ ਤੋਂ ਇਲਾਵਾ ਅਮਨ ਕਾਨੂੰਨ ਸਮੇਤ ਦੂਜੇ ਜਨਤਕ ਮੁੱਦਿਆਂ ਨੰੂ ਜ਼ੋਰ ਨਾਲ ਉਠਾਉਣਾ ਸ਼ੁਰੂ ਕਰ ਦਿੱਤਾ ਹੈ | ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਹਾਈਕਮਾਂਡ ਵਲੋਂ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਦੇ ਈ.ਡੀ. ਦੇ ਕੇਸ ਵਿਚ ਉਲਝਣ ਕਾਰਨ ਉਹ ਪੰਜਾਬ ਨਹੀਂ ਆ ਪਾ ਰਹੇ ਪਰ ਆਉਂਦੇ ਇਸ ਦੇ ਬਾਵਜੂਦ ਆਉਂਦੇ ਦਿਨਾਂ ਦੌਰਾਨ ਪਾਰਟੀ ਉਨ੍ਹਾਂ ਦੀ ਰਹਿਨੁਮਾਈ ਵਿਚ ਇਕ ਵੱਡੀ ਜਨਤਕ ਮੁਹਿੰਮ ਸ਼ੁਰੂ ਕਰੇਗੀ | ਰਾਜਸੀ ਹਲਕਿਆਂ ਵਿਚ ਚਰਚੇ ਹਨ ਕਿ ਪਾਰਟੀਆਂ ਵਲੋਂ 2022 ਦੀਆਂ ਚੋਣਾਂ ਦੌਰਾਨ ਉਨ੍ਹਾਂ ਵਲੋਂ ਚੋਣਾਂ 'ਚ ਖੜੇ ਹੋ ਰਹੇ ਉਮੀਦਵਾਰਾਂ ਤੋਂ ਇਲਾਵਾ ਮੌਜੂਦਾ ਵਿਧਾਇਕਾਂ ਦੀ ਕਾਰਗੁਜ਼ਾਰੀ ਦੀ ਵੀ ਪੜਚੋਲ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਵੀ ਚਰਚਾ ਹੈ ਕਿ ਮੁੱਖ ਸਿਆਸੀ ਧਿਰਾਂ ਵਲੋਂ ਵੱਡੀ ਉੱਥਲ ਪੁਥਲ ਕੀਤੇ ਜਾਣ ਦੀ ਸੰਭਾਵਨਾ ਹੈ ਇਸ ਲਈ ਹੁਕਮਰਾਨ ਧਿਰ ਵਲੋਂ ਸਰਵੇਖਣ ਵੀ ਕਰਵਾਏ ਜਾ ਰਹੇ ਹਨ ਅਤੇ ਜੋ ਵਿਧਾਇਕ ਜਾਂ ਉਮੀਦਵਾਰ ਮਜ਼ਬੂਤ ਨਹੀਂ ਸਮਝੇ ਜਾਂਦੇ ਉਹ ਬਦਲੇ ਜਾ ਸਕਦੇ ਹਨ ਅਤੇ ਅਜਿਹੇ ਲੋਕਾਂ ਦੀ ਗਿਣਤੀ 3 ਤੋਂ 4 ਦਰਜਨ ਵੀ ਹੋ ਸਕਦੀ ਹੈ | ਇਸੇ ਤਰ੍ਹਾਂ ਅਕਾਲੀ ਦਲ (ਬ) ਵਲੋਂ ਵੀ ਸਾਰੇ 117 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰ ਚੁਣੇ ਜਾਣ ਦੀ ਪ੍ਰਕਿਰਿਆ ਜਾਰੀ ਹੈ ਕਿਉਂਕਿ ਇਹ ਸਪਸ਼ਟ ਨਹੀਂ ਕਿ ਭਾਜਪਾ ਦਾ ਇਸ ਅਕਾਲੀ ਦਲ ਦਾ ਸਮਝੌਤਾ ਹੋਵੇਗਾ ਜਾਂ ਨਹੀਂ ਅਤੇ ਜੇ ਹੋਵੇਗਾ ਵੀ ਤਾਂ ਉਹ ਕਿਸ ਅਕਾਲੀ ਦਲ ਨਾਲ ਹੋਵੇਗਾ | ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਪਿਤਾ ਵਾਂਗ ਹੁਣ ਤੋਂ ਹੀ ਪਾਰਟੀ ਨੂੰ ਚੋਣਾਂ ਲਈ ਤਿਆਰ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਦੂਜੇ ਅਕਾਲੀ ਦਲ ਦੀ 11 ਅਗਸਤ ਨੂੰ ਹੋਣ ਵਾਲੀ ਚੋਣ ਅਤੇ ਜਥੇਬੰਦਕ ਢਾਂਚੇ ਦੇ ਗਠਨ ਤੋਂ ਬਾਅਦ ਉਹ ਰਣਨੀਤੀ ਸਾਹਮਣੇ ਆ ਸਕੇਗੀ | ਲੇਕਿਨ ਦੂਜੀਆਂ ਰਾਜਸੀ ਧਿਰਾਂ ਦੀ ਸਰਗਰਮੀ ਕਾਂਗਰਸ ਨੂੰ ਵਧੇਰੇ ਤੇਜ਼ ਕਰ ਰਹੀ ਹੈ | ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਆਮ ਚੋਣਾਂ ਦਾ ਐਲਾਨ ਮਗਰਲੇ ਤਜ਼ਰਬਿਆਂ ਅਨੁਸਾਰ ਦਸੰਬਰ 2026 ਤੱਕ ਹੋਣ ਦੀ ਸੰਭਾਵਨਾ ਹੈ ਤੇ ਆਮ ਤੌਰ 'ਤੇ ਸਿਆਸੀ ਪਾਰਟੀਆਂ ਚੋਣਾਂ ਪ੍ਰਚਾਰ 'ਚ ਕੁੱਦਦੀਆਂ ਹਨ | ਲੇਕਿਨ ਇਸ ਵਾਰ ਚੋਣ ਬੁਖ਼ਾਰ ਪਹਿਲਾਂ ਹੀ ਸ਼ੁਰੂ ਹੋ ਜਾਣਾ ਰਾਜਸੀ ਹਲਕਿਆਂ ਤੇ ਆਮ ਲੋਕਾਂ ਲਈ ਵੱਡੀ ਹੈਰਾਨੀ ਦਾ ਕਾਰਨ ਬਣ ਰਿਹਾ ਹੈ | ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂ ਮਨੀਸ਼ ਸਿਸੋਦੀਆ, ਵਿਜੇ ਨਾਇਰ , ਵਿਭਵ ਕੁਮਾਰ ਅਤੇ ਦੂਜੇ ਟੀਮ ਮੈਂਬਰਾਂ ਵਲੋਂ ਵੀ ਪਾਰਟੀ ਦੀ ਮੁਹਿੰਮ ਲਈ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ | ਸਰਕਾਰੀ ਪੱਧਰ 'ਤੇ ਮੁੱਖ ਮੰਤਰੀ ਵਲੋਂ ਵੀ ਜਿਵੇਂ ਲਗਾਤਾਰ ਮੰਤਰੀ ਮੰਡਲ ਦੀਆਂ ਮੀਟਿੰਗ ਲਈਆਂ ਜਾ ਰਹੀਆਂ ਹਨ ਤੇ ਮਹੱਤਵਪੂਰਨ ਫੈਸਲੇ ਵੀ ਲਏ ਜਾ ਰਹੇ ਹਨ ਉਸ ਤੋਂ ਸਪੱਸ਼ਟ ਹੈ ਕਿ ਪਾਰਟੀ 2027 ਦੀਆਂ ਚੋਣਾਂ ਨੂੰ ਜ਼ਿੰਦਗੀ ਮੌਤ ਦਾ ਸਵਾਲ ਬਣਾ ਰਹੀ ਹੈ ਤੇ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਤੇ ਕਾਂਗਰਸ ਵੀ ਇਹ ਮਹਿਸੂਸ ਕਰ ਰਹੀ ਹੈ ਆਪਣਾ ਸਿਆਸੀ ਭਵਿੱਖ ਬਚਾਉਣ ਲਈ 2027 ਦੀ ਚੋਣ ਉਨ੍ਹਾਂ ਲਈ ਅਤੀ ਜ਼ਰੂਰੀ ਹੈ |

ਪਿਛਲੀ ਖ਼ਬਰ ਫਰਾਂਸ ਤੇ ਪਾਕਿਸਤਾਨ ਆਧਾਰਿਤ ਹਥਿਆਰ ਤਸਕਰੀ ਗਰੋਹ ਦਾ ਪਰਦਾਫਾਸ਼ <br/> ਅਗਲੀ ਖ਼ਬਰ ਦਿੱਲੀ 'ਚ ਕਾਂਵੜ ਯਾਤਰਾ ਕਾਰਨ 21 ਜੁਲਾਈ ਤੋਂ 23 ਜੁਲਾਈ ਤੱਕ ਕਈ ਰਸਤੇ ਰਹਿਣਗੇ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।