ਚੰਡੀਗੜ੍ਹ, 17 ਜੁਲਾਈ (ਕਪਿਲ ਵਧਵਾ)-ਹਲਕਾ ਮਜੀਠਾ ਤੋਂ ਵਿਧਾਇਕਾ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਨੇ ਐਸ. ਐਸ. ਪੀ. ਯੂ. ਟੀ. ਚੰਡੀਗੜ੍ਹ ਨੂੰ ਸ਼ਿਕਾਇਤ ਦਿੱਤੀ ਹੈ ਜਿਸ 'ਚ ਉਨ੍ਹਾਂ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ | ਸ਼ਿਕਾਇਤ 'ਚ ਵਿਸ਼ੇਸ਼ ਤੌਰ 'ਤੇ ਵਿਜੀਲੈਂਸ ਬਿਊਰੋ ਮੁਹਾਲੀ ਦੇ ਐਸ. ਐਸ. ਪੀ. ਅਰੁਣ ਸੈਣੀ ਦਾ ਨਾਮ ਲਿਆ ਹੈ | ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ 'ਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਛਾਪੇਮਾਰੀ ਦੌਰਾਨ ਗੈਰ-ਕਾਨੂੰਨੀ ਪ੍ਰਵੇਸ਼, ਧਮਕਾਉਣ ਤੇ ਸ਼ਕਤੀ ਦੀ ਘੋਰ ਦੁਰਵਰਤੋਂ ਦਾ ਦੋਸ਼ ਲਗਾਇਆ ਗਿਆ ਹੈ | ਵਿਧਾਇਕਾ ਗਨੀਵ ਕੌਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ 25 ਜੂਨ ਦੀ ਸਵੇਰ 10:15 ਵਜੇ ਦੇ ਕਰੀਬ, ਸਿਵਲ ਕੱਪੜਿਆਂ 'ਚ ਲਗਪਗ 20 ਵਿਅਕਤੀਆਂ ਦੀ ਇਕ ਟੀਮ ਅਰੁਣ ਸੈਣੀ ਦੀ ਅਗਵਾਈ 'ਚ ਚੰਡੀਗੜ੍ਹ ਦੇ ਸੈਕਟਰ-4 ਵਿਖੇ ਉਨ੍ਹਾਂ ਦੇ ਸਰਕਾਰੀ ਵਿਧਾਇਕ ਨਿਵਾਸ 'ਚ ਜ਼ਬਰਦਸਤੀ ਦਾਖਲ ਹੋਈ | ਉਨ੍ਹਾਂ ਕਿਹਾ ਕਿ ਟੀਮ ਕੋਲ ਕੋਈ ਸਰਚ ਵਾਰੰਟ ਨਹੀਂ ਸੀ, ਨਾ ਹੀ ਕੋਈ ਅਦਾਲਤੀ ਇਜਾਜ਼ਤ ਸੀ ਤੇ ਉਨ੍ਹਾਂ ਕਿਹਾ ਅਰੁਣ ਸੈਣੀ ਨੂੰ ਛੱਡ ਕੇ ਹੋਰ ਕਿਸੇ ਅਧਿਕਾਰੀ ਨੇ ਆਪਣੀ ਪਛਾਣ ਨਹੀਂ ਦੱਸੀ | ਗਨੀਵ ਕੌਰ ਨੇ ਦੱਸਿਆ ਕਿ ਛਾਪੇਮਾਰੀ ਮੌਕੇ ਉਹ ਉੱਥੇ ਮੌਜੂਦ ਨਹੀਂ ਸਨ, ਸਗੋਂ ਉਨ੍ਹਾਂ ਦੀ ਬਜ਼ੁਰਗ ਮਾਂ (ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀ), ਦੋ ਘਰੇਲੂ ਸਹਾਇਕਾਂ ਨਾਲ ਘਰ 'ਚ ਸੀ | ਵਿਜੀਲੈਂਸ ਅਧਿਕਾਰੀਆਂ 'ਤੇ ਜ਼ਬਰਦਸਤੀ ਦਾਖਲ ਹੋਣ, ਤਾਲੇ ਤੋੜਨ, ਅਲਮਾਰੀਆਂ ਤੇ ਦਰਾਜ਼ ਖੋਲ੍ਹਣ ਤੇ ਨਿੱਜੀ ਸਮਾਨ ਖਿੰਡਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਪੁਰਸ਼ ਅਧਿਕਾਰੀਆਂ ਨੇ ਮਹਿਲਾ ਸਟਾਫ਼ ਦੀ ਨਿਗਰਾਨੀ ਤੋਂ ਬਿਨਾਂ ਔਰਤਾਂ ਦੇ ਨਿੱਜੀ ਸਮਾਨ ਦੀ ਤਲਾਸ਼ੀ ਲਈ | ਉਨ੍ਹਾਂ ਦਾਅਵਾ ਕੀਤਾ ਕਿ ਉੱਥੇ ਪਹੁੰਚੇ ਉਨ੍ਹਾਂ ਦੇ ਵਕੀਲ ਨੂੰ ਡਰਾਇਆ ਗਿਆ ਤੇ ਵਕੀਲ ਵਲੋਂ ਮੰਗੇ ਜਾਣ 'ਤੇ ਟੀਮ ਦੇ ਮੈਂਬਰਾਂ ਦੁਆਰਾ ਕੋਈ ਅਧਿਕਾਰਤ ਦਸਤਾਵੇਜ਼ ਜਾਂ ਪਛਾਣ-ਪੱਤਰ ਪ੍ਰਦਾਨ ਨਹੀਂ ਕੀਤਾ ਗਿਆ | ਉਨ੍ਹਾਂ ਆਪਣੀ ਲਿਖਤੀ ਸ਼ਿਕਾਇਤ 'ਚ ਬੀ. ਐੱਨ. ਐੱਸ. ਦੀ ਧਾਰਾ 198, 201, 329, 330, 331, 332, 333, 334, 198, ਅਤੇ ਧਾਰਾ 61(2) ਦਾ ਜ਼ਿਕਰ ਕਰਦਿਆਂ ਬਿਊਰੋ ਦੇ ਅਧਿਕਾਰੀਆਂ ਦੀਆਂ ਕਥਿਤ ਉਲੰਘਣਾਵਾਂ ਨੂੰ ਉਜਾਗਰ ਕੀਤਾ ਜਿਸ 'ਚ ਅਧਿਕਾਰੀਆਂ 'ਤੇ ਅਧਿਕਾਰ ਦੀ ਦੁਰਵਰਤੋਂ, ਨੁਕਸਾਨ ਪਹੁੰਚਾਉਣ, ਧਮਕੀ ਦੇਣ ਤੇ ਝੂਠੇ ਦਸਤਾਵੇਜ਼ਾਂ ਨੂੰ ਘੜਨ ਦਾ ਦੋਸ਼ ਲਗਾਇਆ ਗਿਆ ਹੈ | ਉਨ੍ਹਾਂ ਆਪਣੀ ਸ਼ਿਕਾਇਤ 'ਚ ਸਬੰਧਿਤ ਅਧਿਕਾਰੀਆਂ ਵਿਰੁੱਧ ਤੁਰੰਤ ਅਪਰਾਧਿਕ ਮਾਮਲਾ ਦਰਜ ਕਰਨ ਤੇ ਇਨਸਾਫ਼ ਦੇਣ ਦੀ ਮੰਗ ਕੀਤੀ ਹੈ |
ਵਿਧਾਇਕਾ ਗਨੀਵ ਕੌਰ ਨੇ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਸ਼ਿਕਾਇਤ <br/>
ਅਜੀਤ ਡੈਸਕ
18-07-2025