ਤਿਆਨਜਿਨ (ਚੀਨ), 15 ਜੁਲਾਈ (ਪੀ. ਟੀ. ਆਈ.)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਇਕ ਸੰਮੇਲਨ 'ਚ ਪਹਿਲਗਾਮ ਅੱਤਵਾਦੀ ਹਮਲੇ ਪ੍ਰਤੀ ਭਾਰਤ ਦੇ ਜਵਾਬ ਨੂੰ ਜ਼ੋਰਦਾਰ ਢੰਗ ਨਾਲ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਐਸ. ਸੀ. ਓ. ਨੂੰ ਅੱਤਵਾਦ ਤੇ ਕੱਟੜਤਾ ਨਾਲ ਲੜਨ ਦੇ ਆਪਣੇ ਮੁੱਢਲੇ ਉਦੇਸ਼ ਅਤੇ ਚੁਣੌਤੀਆਂ ਪ੍ਰਤੀ ਅਡਿਗ ਰਹਿਣਾ ਚਾਹੀਦਾ ਹੈ | ਜੈਸ਼ੰਕਰ ਨੇ ਪਾਕਿਸਤਾਨ, ਚੀਨ ਅਤੇ ਹੋਰ ਐਸ.ਸੀ.ਓ. ਮੈਂਬਰ ਦੇਸ਼ਾਂ ਦੇ ਆਪਣੇ ਹਮਰੁਤਬਾ ਦੀ ਹਾਜ਼ਰੀ 'ਚ ਕਿਹਾ ਕਿ ਪਹਿਲਗਾਮ ਹਮਲਾ ਜੰਮੂ-ਕਸ਼ਮੀਰ ਦੀ ਸੈਰ-ਸਪਾਟਾ ਆਰਥਿਕਤਾ ਨੂੰ ਕਮਜ਼ੋਰ ਕਰਨ ਅਤੇ ਧਾਰਮਿਕ ਫੁੱਟ ਪਾਉਣ ਲਈ ਜਾਣਬੁੱਝ ਕੇ ਕੀਤਾ ਗਿਆ ਸੀ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਅੱਤਵਾਦ ਦਾ ਸਾਹਮਣਾ ਕਰਨ ਲਈ ਆਪਣੀ ਪ੍ਰਤੀਬੱਧਤਾ ਪ੍ਰਤੀ ਦਿ੍ੜ ਹੈ | ਜੈਸ਼ੰਕਰ ਨੇ ਕਿਹਾ ਕਿ ਭਾਰਤ ਨਵੇਂ ਵਿਚਾਰਾਂ ਅਤੇ ਪ੍ਰਸਤਾਵਾਂ 'ਤੇ ਸਕਾਰਾਤਮਕ ਰੁਖ ਅਪਣਾਉਣਾ ਜਾਰੀ ਰੱਖੇਗਾ | ਉਨ੍ਹਾਂ ਕਿਹਾ ਕਿ ਅਜਿਹਾ ਸਹਿਯੋਗ ਆਪਸੀ ਸਤਿਕਾਰ, ਪ੍ਰਭੂਸੱਤਾ ਸਮਾਨਤਾ ਅਤੇ ਮੈਂਬਰ ਦੇਸ਼ਾਂ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਅਨੁਸਾਰ ਹੋਣਾ ਚਾਹੀਦਾ ਹੈ | ਉਨ੍ਹਾਂ ਦੀਆਂ ਟਿੱਪਣੀਆਂ ਚੀਨ ਦੇ ਵਿਸ਼ਾਲ ਸੰਪਰਕ ਪ੍ਰੋਜੈਕਟ 'ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਦੀ ਵਧਦੀ ਵਿਸ਼ਵਵਿਆਪੀ ਆਲੋਚਨਾ ਦੇ ਪਿਛੋਕੜ 'ਚ ਆਈਆਂ ਹਨ, ਜਿਸ ਸੰਬੰਧੀ ਕਿਹਾ ਜਾਂਦਾ ਹੈ ਕਿ ਇਹ ਰਾਸ਼ਟਰਾਂ ਦੀ ਪ੍ਰਭੂਸੱਤਾ ਦੀ ਅਣਦੇਖੀ ਕਰਦਾ ਹੈ ਅਤੇ ਇਸ 'ਚ ਪਾਰਦਰਸ਼ਤਾ ਦੀ ਘਾਟ ਹੈ |
ਅੱਤਵਾਦ ਨਾਲ ਨਜਿੱਠਣ ਲਈ ਐਸ.ਸੀ.ਓ. ਨੂੰ ਅਡਿਗ ਰੁਖ਼ ਅਪਣਾਉਣਾ ਚਾਹੀਦੈ-ਜੈਸ਼ੰਕਰ <br/>
ਅਜੀਤ ਡੈਸਕ
16-07-2025