31 ਅਗਸਤ ਤੋਂ ਐਸ.ਸੀ.ਓ. ਸੰਮੇਲਨ ਕਰਵਾਏਗਾ ਚੀਨ
ਅਜੀਤ ਡੈਸਕ
16-07-2025
ਤਿਆਨਜਿਨ, 15 ਜੁਲਾਈ (ਪੀ. ਟੀ. ਆਈ.)-ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ 20 ਤੋਂ ਵੱਧ ਦੇਸ਼ਾਂ ਦੇ ਨੇਤਾ ਅਤੇ 10 ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀ ਅਗਲੇ ਮਹੀਨੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਤਿਆਨਜਿਨ ਸੰਮੇਲਨ ਅਤੇ ਸੰਬੰਧਿਤ ਸਮਾਗਮਾਂ 'ਚ ਸ਼ਾਮਿਲ ਹੋਣਗੇ | ਇਥੇ ਐਸ.ਸੀ.ਓ. ਦੇ ਸਕੱਤਰ ਜਨਰਲ ਨੂਰਲਾਨ ਯੇਰਮੇਕਬਾਯੇਵ ਨਾਲ ਇਕ ਸਾਂਝੀ ਪ੍ਰੈਸ ਕਾਨਫ਼ਰੰਸ ਦੌਰਾਨ ਵਾਂਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਐਸ.ਸੀ.ਓ. ਮੈਂਬਰ ਦੇਸ਼ਾਂ ਦੇ ਹੋਰ ਨੇਤਾਵਾਂ ਦੇ ਸੰਮੇਲਨ 'ਚ ਸ਼ਾਮਿਲ ਹੋਣ ਦੀ ਉਮੀਦ ਹੈ | ਭਾਰਤ, ਚੀਨ, ਰੂਸ, ਪਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਈਰਾਨ ਅਤੇ ਬੇਲਾਰੂਸ ਨੂੰ ਮਿਲਾ ਕੇ ਬਣਿਆ ਐਸ.ਸੀ.ਓ. ਇਕ ਪ੍ਰਭਾਵਸ਼ਾਲੀ ਆਰਥਿਕ ਤੇ ਸੁਰੱਖਿਆ ਸਮੂਹ ਹੈ, ਜੋ ਸਭ ਤੋਂ ਵੱਡੇ ਅੰਤਰ-ਖੇਤਰੀ ਅੰਤਰਰਾਸ਼ਟਰੀ ਸੰਗਠਨਾਂ 'ਚੋਂ ਇਕ ਵਜੋਂ ਉਭਰਿਆ ਹੈ |