ਨਵੀਂ ਦਿੱਲੀ, 15 ਜੁਲਾਈ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਓਡੀਸ਼ਾ ਦੇ ਜ਼ਿਲ੍ਹਾ ਬਲਾਸੌਰ 'ਚ ਇਕ ਵਿਦਿਆਰਥਣ ਵਲੋਂ ਇਕ ਪ੍ਰੋਫ਼ੈਸਰ ਵਲੋਂ ਕੀਤੇ ਜਾ ਰਹੇ ਜਿਣਸੀ ਸ਼ੋਸ਼ਣ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ ਨੂੰ 'ਸਿਸਟਮ ਦੀ ਹੱਤਿਆ' ਕਰਾਰ ਦਿੱਤਾ | ਰਾਹੁਲ ਗਾਂਧੀ ਨੇ ਸੰਬੰਧਿਤ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ 'ਤੇ ਵੀ ਸਵਾਲ ਉਠਾਏ ਹਨ | ਰਾਹੁਲ ਗਾਂਧੀ ਨੇ ਓਡੀਸ਼ਾ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਓਡੀਸ਼ਾ 'ਚ ਇਨਸਾਫ਼ ਲਈ ਲੜਦੀ ਇਕ ਬੇਟੀ ਦੀ ਮੌਤ ਸਿੱਧੇ-ਸਿੱਧੇ ਭਾਜਪਾ ਦੇ ਸਿਸਟਮ ਵਲੋਂ ਕੀਤੀ ਗਈ ਹੱਤਿਆ ਹੈ | ਉਨ੍ਹਾਂ ਕਿਹਾ ਕਿ ਉਸ ਬਹਾਦੁਰ ਵਿਦਿਆਰਥਣ ਨੇ ਜਿਣਸੀ ਸ਼ੋਸ਼ਣ ਦੇ ਖ਼ਿਲਾਫ਼ ਆਵਾਜ਼ ਉਠਾਈ ਪਰ ਨਿਆਂ ਦੇਣ ਦੀ ਥਾਂ 'ਤੇ ਉਸ ਨੂੰ ਧਮਕਾਇਆ ਗਿਆ, ਵਾਰ-ਵਾਰ ਅਪਮਾਨਿਤ ਕੀਤਾ ਗਿਆ ਅਤੇ ਜਿਨ੍ਹਾਂ ਨੇ ਉਸ ਦੀ ਰੱਖਿਆ ਕਰਨੀ ਸੀ, ਉਹੀ ਉਸ ਨੂੰ ਤੋੜਦੇ ਰਹੇ | ਰਾਹੁਲ ਗਾਂਧੀ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਭਾਜਪਾ ਦਾ ਸਿਸਟਮ ਦੋਸ਼ੀਆਂ ਨੂੰ ਬਚਾਉਂਦਾ ਰਿਹਾ ਅਤੇ ਇਕ ਮਾਸੂਮ ਬੇਟੀ ਨੂੰ ਖ਼ੁਦ ਨੂੰ ਅੱਗ ਲਾਉਣ ਨੂੰ ਮਜਬੂਰ ਕਰ ਦਿੱਤਾ | ਕਾਂਗਰਸੀ ਨੇਤਾ ਨੇ ਕਿਹਾ ਕਿ ਇਹ ਖ਼ੁਦਕੁਸ਼ੀ ਨਹੀਂ, ਸਿਸਟਮ ਵਲੋਂ ਸੰਗਠਿਤ ਹੱਤਿਆ ਹੈ | ਓਡੀਸ਼ਾ ਹੋਵੇ ਜਾਂ ਮਨੀਪੁਰ-ਦੇਸ਼ ਦੀਆਂ ਬੇਟੀਆਂ ਸੜ ਰਹੀਆਂ ਹਨ, ਟੁੱਟ ਰਹੀਆਂ ਹਨ, ਦਮ ਤੋੜ ਰਹੀਆਂ ਅਤੇ ਤੁਸੀਂ (ਪ੍ਰਧਾਨ ਮੰਤਰੀ) ਖ਼ਾਮੋਸ਼ ਬਣੇ ਬੈਠੇ ਹੋ | ਉਨ੍ਹਾਂ ਕਿਹਾ ਕਿ ਦੇਸ਼ ਨੂੰ ਤੁਹਾਡੀ ਚੁੱਪੀ ਨਹੀਂ, ਜਵਾਬ ਚਾਹੀਦਾ ਹੈ | ਭਾਰਤ ਦੀਆਂ ਬੇਟੀਆਂ ਨੂੰ ਸੁਰੱਖਿਆ ਅਤੇ ਇਨਸਾਫ਼ ਚਾਹੀਦਾ ਹੈ |