ਮਲੋਟ, 5 ਨਵੰਬਰ (ਪਾਟਿਲ, ਅਜਮੇਰ ਸਿੰਘ ਬਰਾੜ)-ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੇ.ਜੀ. ਰਿਜੋਰਟਸ ਤੋਂ ਇਕ ਮੈਗਾ ਜਾਗਰੂਕਤਾ ਕੈਂਪ ਦਾ ਉਦਘਾਟਨ ਕਰਕੇ ਔਰਤਾਂ ਲਈ ਸਿਹਤ ਜਾਂਚ ਤੇ ਰੁਜ਼ਗਾਰ ਕੈਂਪਾਂ ਦੀ ਸੂਬਾ ਪੱਧਰੀ ਲੜੀ ਦਾ ਆਗਾਜ਼ ਕੀਤਾ | ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਮਲੋਟ ਤੋਂ ਸ਼ੁਰੂ ਹੋਏ ਇਸ ਕੈਂਪ ਦੀ ਤਰਜ਼ 'ਤੇ ਪੰਜਾਬ ਭਰ 'ਚ ਔਰਤਾਂ ਨੂੰ ਸਿਹਤ, ਸਫ਼ਾਈ ਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਗਰੂਕ ਕਰਨ ਲਈ ਕੈਂਪ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ 'ਚ ਮਹਿਲਾ ਤੇ ਬਾਲ ਵਿਕਾਸ ਤੇ ਸਮਾਜਿਕ ਸੁਰੱਖਿਆ ਵਿਭਾਗਾਂ ਤੋਂ ਇਲਾਵਾ ਲੋੜਵੰਦਾਂ ਲਈ ਰੁਜ਼ਗਾਰ ਪੈਦਾ ਕਰਨ, ਹੁਨਰ ਵਿਕਾਸ, ਸਿਹਤ ਤੇ ਪਰਿਵਾਰ ਭਲਾਈ, ਪੇਂਡੂ ਵਿਕਾਸ ਤੇ ਸਥਾਨਕ ਸਰਕਾਰਾਂ ਵਿਭਾਗਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾਵਾਂ 'ਚ ਆਰਥੋ, ਗਾਇਨੀਕੋਲੋਜੀ, ਅੱਖਾਂ, ਈ.ਐੱਨ.ਟੀ. ਦੀ ਮੁਫ਼ਤ ਸਕਰੀਨਿੰਗ, ਬਲੱਡ ਪ੍ਰੈਸ਼ਰ ਦੇ ਚੈੱਕਅਪ, ਸ਼ੂਗਰ ਟੈੱਸਟ, ਅਨੀਮੀਆ ਦੀ ਜਾਂਚ ਤੇ ਦਵਾਈਆਂ ਦੀ ਵੰਡ ਸ਼ਾਮਿਲ ਹੋਵੇਗੀ | ਇਨ੍ਹਾਂ ਕੈਂਪ ਵਿਚ ਔਰਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਤੋਂ ਇਲਾਵਾ ਗਰਭ ਨਿਰੋਧਕ ਤਰੀਕਿਆਂ, ਪਰਿਵਾਰ ਨਿਯੋਜਨ, ਯੂਰੀਨਰ ਟਰੈਕਟ ਇਨਫ਼ੈਕਸ਼ਨ (ਯੂ.ਟੀ.ਆਈ.), ਮਾਹਵਾਰੀ ਦੌਰਾਨ ਸਵੱਛਤਾ ਤੇ ਕਿਸ਼ੋਰ ਅਵਸਥਾ ਦੀ ਸਿਹਤ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ | ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਕੈਂਪ ਔਰਤਾਂ ਵਲੋਂ ਚਲਾਏ ਜਾ ਰਹੇ ਸਵੈ-ਸਹਾਇਤਾ ਸਮੂਹਾਂ (ਐੱਸ.ਐੱਚ.ਜੀ.), ਜੋ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਤੇ ਵੇਚਣ ਲਈ ਵਿਸ਼ੇਸ਼ ਤੌਰ 'ਤੇ ਕੰਮ ਕਰਦੇ ਹਨ, ਲਈ ਪਲੇਟਫਾਰਮ ਵੀ ਬਣਨਗੇ | ਕੈਂਪ ਦੌਰਾਨ ਲਗਭਗ 500 ਲੜਕੀਆਂ ਨੇ ਜ਼ਿਲ੍ਹਾ ਰੁਜ਼ਗਾਰ ਤੇ ਉਦਮ ਬਿਊਰੋ ਦੇ ਹੈਲਪ ਡੈਸਕ 'ਤੇ ਆਪਣੇ-ਆਪ ਨੂੰ ਰਜਿਸਟਰ ਕੀਤਾ, ਜਿਨ੍ਹਾਂ 'ਚੋਂ 295 ਦੀ ਚੋਣ ਹੋਈ ਤੇ 72 ਤੋਂ ਵੱਧ ਨੂੰ ਮੌਕੇ 'ਤੇ ਹੀ ਪੇਸ਼ਕਸ਼ ਪੱਤਰ ਸੌਂਪੇ ਗਏ | ਜ਼ਿਕਰਯੋਗ ਹੈ ਕਿ ਇਸ ਮੈਗਾ ਜੌਬ ਫੇਅਰ 'ਚ 16 ਕੰਪਨੀਆਂ ਵਲੋਂ ਹਿੱਸਾ ਲਿਆ ਗਿਆ | ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਵੀ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐੱਸ.ਡੀ.ਐੱਮ. ਮਲੋਟ ਜਗਰਾਜ ਸਿੰਘ ਕਾਹਲੋਂ, ਡੀ.ਪੀ.ਓ. ਰਤਨਦੀਪ ਕੌਰ ਸੰਧੂ, ਡੀ.ਈ.ਜੀ.ਟੀ.ਓ. ਵੈਸ਼ਾਲੀ ਵਧਵਾ, ਸੀ.ਡੀ.ਪੀ.ਓ. ਰਾਜਵੰਤ ਕੌਰ, ਡੀ.ਸੀ.ਪੀ.ਓ. ਸ਼ਿਵਾਨੀ ਨਾਗਪਾਲ, ਸ਼ਹਿਰੀ ਪ੍ਰਧਾਨ ਤੇ ਕੌਂਸਲਰ ਬਲਦੇਵ ਕੁਮਾਰ ਲਾਲੀ ਗਗਨੇਜਾ ਜੈਨ, ਕੌਂਸਲਰ ਸੰਤੋਸ਼ ਗਗਨੇਜਾ, ਜਸਮੀਤ ਸਿੰਘ ਬਰਾੜ, ਰਾਜੀਵ ਉੱਪਲ, ਪਰਮਜੀਤ ਸਿੰਘ ਗਿੱਲ, ਜਗਦੇਵ ਸਿੰਘ ਸੰਧੂ, ਨਿੱਕਾ ਈਨਾਖੇੜਾ, ਕੈਬਨਿਟ ਮੰਤਰੀ ਦੇ ਪੀ.ਏ. ਸ਼ਿੰਦਰਪਾਲ ਸਿੰਘ, ਨਿੱਜੀ ਸਹਾਇਕ ਅਰਸ਼ਦੀਪ ਸਿੰਘ ਸਿੱਧੂ, ਲਖਵੀਰ ਸਿੰਘ ਢਿੱਲੋਂ ਜ਼ਿਲ੍ਹਾ ਫ਼ੀਲਡ ਅਫ਼ਸਰ ਬੈਂਕ ਫਿੰਕੋ ਆਦਿ ਹਾਜ਼ਰ ਸਨ |