ਗਿੱਦੜਬਾਹਾ, 5 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਟ੍ਰੈਫ਼ਿਕ ਪੁਲਿਸ ਗਿੱਦੜਬਾਹਾ ਨੂੰ ਝਕਾਨੀ ਦੇ ਕੇ ਭੱਜੇ ਮੋਟਰਸਾਈਕਲ ਸਵਾਰ 2 ਜਣਿਆਂ ਨੂੰ ਪੁਲਿਸ ਨੇ ਫ਼ੁਰਤੀ ਦਿਖਾਉਂਦਿਆਂ ਦਬੋਚ ਲਿਆ | ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀ ਏ.ਐੱਸ.ਆਈ. ਜਗਸੀਰ ਪੁਰੀ ਨੇ ਦੱਸਿਆ ਕਿ ਘੰਟਾ ਘਰ ਦੇ ਨਜ਼ਦੀਕ ਉਹ ਆਪਣੀ ਟੀਮ ਸਮੇਤ ਡਿਊਟੀ 'ਤੇ ਖੜੇ੍ਹ ਸਨ ਤੇ ਇਕ ਮੋਟਰਸਾਈਕਲ 'ਤੇ ਦੋ ਜਣੇ ਸਵਾਰ ਸਨ | ਜਦੋਂ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਉਨ੍ਹਾਂ ਮੋਟਰਸਾਈਕਲ ਭਜਾ ਲਿਆ | ਇਸ ਦੌਰਾਨ ਟ੍ਰੈਫ਼ਿਕ ਪੁਲਿਸ ਦੇ ਜਵਾਨਾਂ ਸਮੇਤ ਉਨ੍ਹਾਂ ਉਕਤ ਮੋਟਰਸਾਈਕਲ ਦਾ ਪਿੱਛਾ ਕੀਤਾ | ਐੱਚ.ਡੀ.ਐੱਫ਼.ਸੀ. ਬੈਂਕ ਕੋਲ ਪੁਲਿਸ ਮੁਲਾਜ਼ਮਾਂ ਨੇ ਫ਼ਿਰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਇਕ ਮੁਲਾਜ਼ਮ ਦੇ ਮੋਟਰਸਾਈਕਲ ਨਾਲ ਟੱਕਰ ਮਾਰ ਦਿੱਤੀ | ਇਥੇ ਹੀ ਬੱਸ ਨਹੀਂ, ਇਸ ਦੌਰਾਨ ਉਨ੍ਹਾਂ ਇਕ ਕਾਰ ਨੂੰ ਵੀ ਟੱਕਰ ਮਾਰੀ ਤਾਂ ਮੁਲਾਜ਼ਮਾਂ ਨੇ ਫ਼ੁਰਤੀ ਨਾਲ ਮੋਟਰਸਾਈਕਲ ਸਵਾਰਾਂ ਨੂੰ ੂ ਦਬੋਚ ਲਿਆ | ਸ੍ਰੀ ਪੁਰੀ ਨੇ ਦੱਸਿਆ ਕਿ ਉਕਤ ਦੋਵਾਂ ਨੂੰ ਥਾਣੇ ਬੰਦ ਕਰ ਦਿੱਤਾ ਗਿਆ ਹੈ ਅਤੇ ਮੋਟਰਸਾਈਕਲ ਦਾ ਚਲਾਨ ਵੀ ਕਰ ਦਿੱਤਾ ਹੈ | ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਡਰ ਦੇ ਕਾਰਨ ਉਨ੍ਹਾਂ ਆਪਣਾ ਮੋਟਰਸਾਈਕਲ ਭਜਾ ਲਿਆ ਸੀ | ਇਸ ਮੌਕੇ ਹਰਬੰਸ ਸਿੰਘ ਏ.ਐੱਸ.ਆਈ., ਨਿਰਮਲ ਸਿੰਘ, ਮੰਦਰਪਾਲ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ |