12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਖੇਤੀਬਾੜੀ ਵਿਭਾਗ ਨੇ ਗੜੇਮਾਰੀ ਤੋਂ ਪ੍ਰਭਾਵਿਤ ਝੋਨੇ ਵਾਲੇ ਖੇਤਾਂ ਦਾ ਕੀਤਾ ਦੌਰਾ

ਅਜੀਤ ਡੈਸਕ 06-11-2025
ਗਿੱਦੜਬਾਹਾ, 5 ਨਵੰਬਰ (ਸ਼ਿਵਰਾਜ ਸਿੰਘ ਬਰਾੜ)-ਕੱਲ੍ਹ ਬਾਅਦ ਦੁਪਹਿਰ ਪਈ ਬੇਮੌਸਮੀ ਬਾਰਿਸ਼ ਤੇ ਗੜੇ੍ਹਮਾਰੀ ਨਾਲ ਝੋਨੇ ਦੀ ਖੜ੍ਹੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ | ਫ਼ਸਲ ਦਾ ਮੁਆਇਨਾ ਕਰਨ ਲਈ ਅੱਜ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਜਗਮੋਹਨ ਸਿੰਘ ਦੀ ਅਗਵਾਈ ਵਿਚ ਪਿੰਡਾਂ ਦਾ ਦੌਰਾ ਕੀਤਾ ਗਿਆ | ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਯੂਥ ਵਿੰਗ ਪੰਜਾਬ ਪ੍ਰਧਾਨ ਕੁਲਦੀਪ ਸਿੰਘ ਨੇਤਾ ਕੋਟਭਾਈ ਅਤੇ ਸੂਬਾ ਆਗੂ ਨਾਨਕ ਸਿੰਘ ਨੇ ਦੱੱਸਿਆ ਕਿ ਪਰਮਲ ਝੋਨੇ ਦੀ ਕਟਾਈ ਕਿਸਾਨਾਂ ਨੇ ਕਰ ਲਈ ਹੈ ਅਤੇ ਕਿਸਾਨ ਮੰਡੀਆਂ ਵਿਚ ਝੋਨਾ ਵੇਚਣ ਲਈ ਬੈਠਾ ਹੈ | ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਬਾਸਮਤੀ ਤੇ ਮੁੱਛਲ ਝੋਨੇ ਦੀ ਕਟਾਈ ਕਿਸਾਨਾਂ ਨੇ ਅਜੇ ਕਰਨ ਹੈ, ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਬੀਤੀ ਦੇਰ ਸ਼ਾਮ ਨੂੰ ਅਚਾਨਕ ਹੀ ਪਈ ਬਾਰਿਸ਼ ਦੌਰਾਨ ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਨਾਲ ਖੜ੍ਹੀ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ | ਸੈਂਕੜੇ ਏਕੜ ਬੀਜੀ ਗਈ ਕਣਕ ਕਰੰਡ ਹੋ ਗਈ ਹੈ, ਜਿਸ ਨਾਲ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਗਿਆ ਹੈ | ਇਸ ਸੰਬੰਧੀ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਗਿੱਦੜਬਾਹਾ ਦੇ ਅਧਿਕਾਰੀਆਂ ਨੂੰ ਪ੍ਰਭਾਵਿਤ ਝੋਨੇ ਦੀ ਫ਼ਸਲ ਦੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਤਾਂ ਅਧਿਕਾਰੀਆਂ ਵਲੋਂ ਗਿੱਦੜਬਾਹਾ-ਲੰਬੀ ਸੜਕ 'ਤੇ ਸਥਿਤ ਰਕਬੇ ਵਿਚ ਸੁਰਜੀਤ ਸਿੰਘ, ਜਰਨੈਨ ਸਿੰਘ, ਜਿੰਦਰ ਸਿੰਘ ਅਤੇ ਜਰਨੈਨ ਸਿੰਘ ਆਦਿ ਕਿਸਾਨਾਂ ਦੇ ਝੋਨੇ ਦੇ ਖੇਤਾਂ ਦਾ ਦੌਰਾ ਕਰਵਾਇਆ ਗਿਆ | ਖੇਤੀਬਾੜੀ ਵਿਕਾਸ ਅਫ਼ਸਰ ਡਾ. ਜਗਮੋਹਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਗਿੱਦੜਬਾਹਾ ਦੇ ਰਕਬੇ ਵਿਚ ਖੇਤਾਂ ਦਾ ਦੌਰਾ ਕਰਨ 'ਤੇ ਦੇਖਿਆ ਗਿਆ ਕਿ ਬਾਸਮਤੀ ਦੀ ਫ਼ਸਲ ਦਾ ਗੜੇ੍ਹਮਾਰੀ ਨਾਲ ਨੁਕਸਾਨ ਜ਼ਰੂਰ ਹੋਇਆ ਹੈ | ਇਸ ਦੌਰਾਨ ਉਨ੍ਹਾਂ ਦੀ ਟੀਮ ਵਲੋਂ ਦੇਖਿਆ ਗਿਆ ਕਿ 30 ਤੋਂ 40 ਪ੍ਰਤੀਸ਼ਤ ਝੋਨੇ ਦਾ ਨੁਕਸਾਨ ਹੋਇਆ ਹੈ, ਜੋ ਕਿ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਪਾਸ ਭੇਜੀ ਜਾ ਰਹੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਸੈਂਕੜੇ ਏਕੜ ਵਿਚ ਕਿਸਾਨਾਂ ਵਲੋਂ ਕਣਕ ਦੀ ਬਿਜਾਈ ਕੀਤੀ ਗਈ ਸੀ, ਜੋ ਕਿ ਹੁਣ ਕਿਸਾਨਾਂ ਨੂੰ ਦੁਬਾਰਾ ਬੀਜਣੀ ਪਵੇਗੀ | ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਪ੍ਰਭਾਵਿਤ ਰਕਬੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਅਤੇ ਕਿਸਾਨਾਂ ਨੂੰ ਬਣਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਡਾ. ਨਰਿੰਦਰਪਾਲ ਸਿੰਘ ਏ.ਡੀ.ਓ., ਭਗਤ ਸਿੰਘ ਇੰਸਪੈਕਟਰ, ਕਿਸਾਨ ਆਗੂ ਗਗਨਦੀਪ ਸਿੰਘ, ਕੰਵਰ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ, ਜਰਨੈਲ ਸਿੰਘ, ਰਾਮਪਾਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਨਦੀਪ ਸਿੰਘ ਮਨੀ ਭੰਗਚੜੀ ਨਮਿਤ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਸੱਚਖੰਡ ਸਕੂਲ ਭਲਾਈਆਣਾ ਦੀ ਵਿਦਿਆਰਥਣ ਦਾ ਕੈਬਨਿਟ ਮੰਤਰੀ ਵਲੋਂ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।