ਨਾਭਾ, 20 ਜੁਲਾਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਜੀ. ਬੀ. ਇੰਟਰਨੈਸ਼ਨਲ ਸਕੂਲ ਵਿਚ ਸੀ. ਬੀ. ਐਸ. ਈ. ਵਲੋਂ ਆਯੋਜਿਤ ਦੋ ਦਿਨਾਂ ''ਕੈਪੇਸਿਟੀ ਬਿਲਡਿੰਗ ਪ੍ਰੋਗਰਾਮ ਆਨ ਮੈਥਮੈਟਿਕਸ (ਸੈਕੰਡਰੀ)'' ਦਾ ਆਯੋਜਨ ਸਕੂਲ ਚੇਅਰਮੈਨ ਸੰਦੀਪ ਬਾਂਸਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਫਲਤਾਪੂਰਵਕ ਕੀਤਾ ਗਿਆ | ਸਕੂਲ ਦੀ ਪਿ੍ੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਜੀ. ਬੀ. ਆਈ. ਸਕੂਲ ਦੇ ਅਧਿਆਪਕਾਂ ਦੇ ਨਾਲ-ਨਾਲ ਹੋਰ ਸਕੂਲਾਂ ਦੇ ਲਗਭਗ 50 ਅਧਿਆਪਕਾਂ ਨੇ ਸ਼ਮੂਲੀਅਤ ਕੀਤੀ | ਸਕੂਲ ਚੇਅਰਮੈਨ ਸੰਦੀਪ ਬਾਂਸਲ ਦੇ ਅਨੁਸਾਰ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਗਣਿਤ ਵਿਸ਼ੇ ਨੂੰ ਬਿਹਤਰ ਢੰਗ ਨਾਲ ਪੜ੍ਹਾਉਣ ਲਈ ਨਵੇਂ ਤਰੀਕਿਆਂ, ਤਕਨੀਕਾਂ ਅਤੇ ਸੰਕਲਪਾਂ ਨਾਲ ਲੈਸ ਕਰਨਾ ਸੀ | ਸਕੂਲ ਦੀ ਪਿ੍ੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਕਿਹਾ ਕਿ ਵਰਕਸ਼ਾਪ ਦੇ ਪਹਿਲੇ ਦਿਨ ਸੀ.ਬੀ.ਐਸ.ਈ. ਰਿਸੋਰਸ ਪਰਸਨ ਰਾਜੀ ਗੋਇਲ ਅਤੇ ਵੀਨੇਂਦਰ ਪਾਲ ਸਿੰਘ ਨੇ ਅਧਿਆਪਕਾਂ ਨਾਲ ਗਣਿਤ ਨਾਲ ਸੰਬੰਧਿਤ ਆਈ.ਸੀ.ਟੀ. ਟੂਲਸ, ਅਨੁਭਵਾਤਮਕ ਸਿੱਖਿਆ, ਲਰਨਿੰਗ ਬਾਈ ਡੂਇੰਗ ਅਤੇ ਗਰੁੱਪ ਐਕਟੀਵਿਟੀਜ ਰਾਹੀਂ ਦਿਲਚਸਪ ਗਤੀਵਿਧੀਆਂ ਕਰਵਾਈਆਂ | ਸਕੂਲ ਪਿ੍ੰਸੀਪਲ ਨੇ ਕਿਹਾ ਕਿ ਵਰਕਸ਼ਾਪ ਦੇ ਦੂਜੇ ਦਿਨ ਅਧਿਆਪਕਾਂ ਨੂੰ ਬਲੂਮਜ ਟੈਕਸੋਨੋਮੀ, ਬੁਨਿਆਦੀ ਅਤੇ ਮਿਆਰੀ ਗਣਿਤ ਵਿਚ ਅੰਤਰ ਅਤੇ ਪ੍ਰਸ਼ਨ ਪੱਤਰ ਦੀ ਰਚਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਮਨ ਵਿਚ ਪਏ ਹੋਏ ਗਣਿਤ ਦੇ ਡਰ ਨੂੰ ਦੂਰ ਕਰਨ ਲਈ ਤਰੀਕਿਆਂ 'ਤੇ ਵੀ ਚਰਚਾ ਕੀਤੀ ਗਈ | ਦੋ ਦਿਨਾਂ ਵਰਕਸ਼ਾਪ ਦੀ ਸਮਾਪਤੀ ਸਮੇਂ ਸਕੂਲ ਦੀ ਪਿ੍ੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਨੇ ਆਏ ਹੋਏ ਰਿਸੋਰਸ ਵਿਅਕਤੀਆਂ ਦਾ ਧੰਨਵਾਦ ਕੀਤਾ ਅਤੇ ਸਾਰੇ ਅਧਿਆਪਕਾਂ ਨੂੰ ਸਕਾਰਾਤਮਿਕ ਤੇ ਸਹਿਯੋਗਾਤਮਕ ਰਵੱਈਏ ਨਾਲ ਗਣਿਤ ਨੂੰ ਇਕ ਰੁਚਿਕਰ ਤੇ ਮਨੋਰੰਜਕ ਵਿਸ਼ੇ ਵਜੋਂ ਪੜ੍ਹਾਉਣ ਲਈ ਉਤਸ਼ਾਹਿਤ ਕੀਤਾ |