ਪਟਿਆਲਾ ਦਿਹਾਤੀ ਹਲਕੇ ਦੀਆਂ ਸੰਪਰਕ ਸੜਕਾਂ ਰੁੱਖਾਂ ਬਾਝੋਂ ਸੁੰਨੀਆਂ
ਅਜੀਤ ਡੈਸਕ
20-07-2025
ਭਾਦਸੋਂ,19 ਜੁਲਾਈ-ਉਂਝ ਤਾਂ ਪੂਰੇ ਪੰਜਾਬ 'ਚ ਰੁੱਖਾਂ ਦੀ ਭਾਰੀ ਕਮੀ ਹੈ, ਪੰਜਾਬ 'ਚ ਹੁਣ ਤੱਕ ਦੀਆਂ ਬਣੀਆਂ ਸਰਕਾਰਾਂ ਨਾਲ-ਨਾਲ ਮੌਜੂਦਾ 'ਆਪ' ਸਰਕਾਰ ਨੇ ਵੀ ਇਸ ਕੰਮ 'ਤੇ ਸਿਰਫ਼ ਬਿਆਨਬਾਜ਼ੀ ਤੇ ਦਿਖਾਵੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ | ਇਸੇ ਦੀ ਤਰਜ਼ 'ਤੇ ਇਲਾਕੇ ਦੀਆਂ ਨਾਭਾ-ਭਾਦਸੋਂ ਰੋਡ ਤੋਂ ਮਟੋਰਡੇ ਪਿੰਡ ਨੂੰ ਜਾਣ ਵਾਲੀ ਲਿੰਕ ਸੜਕ 'ਤੇ ਵੀ ਬਹੁਤ ਹੀ ਟਾਵੇਂ -ਟਾਵੇਂ ਰੁੱਖ ਹਨ ਤੇ ਦਰਖਤਾਂ ਬਾਜੋਂ ਦੂਰ-ਦੂਰ ਤੱਕ ਬਿਰਾਨ ਪਿਆ ਹੈ, ਸਿੰਬੜੋ ਤੋਂ ਮੰਡੌਰ ਨੂੰ ਜਾਣ ਵਾਲੀ ਪ੍ਰਧਾਨ ਮੰਤਰੀ ਯੋਜਨਾ ਵਾਲੀ ਸੜਕ ਵੀ ਰੁੱਖਾਂ ਤੋਂ ਬਿਨਾਂ ਵਾਂਝੀ ਪਈ ਹੈ ਤੇ ਇਹੋ ਹਾਲ ਦਿੱਤੂਪੁਰ ਤੋਂ ਡਕੌਂਦਾ ਨੂੰ ਜਾਣ ਵਾਲੀ ਸੜਕ ਦਾ ਹੈ | ਸਹੌਲੀ ਅੱਡੇ ਤੋਂ ਬਾਇਆ ਪੇਦਨੀ, ਕਨਸੂਹਾ ਨੂੰ ਹੋ ਕੇ ਆਲੋਵਾਲ ਜਾਣ ਵਾਲੀ ਸੜਕ 'ਤੇ ਵੀ ਗਿਣਵੇਂ ਹੀ ਰੁੱਖ ਹਨ | ਅੱਗੇ ਨਾਭਾ ਤੋਂ ਜੌੜੇਪੁਲ ਨੂੰ ਜਾਣ ਵਾਲੀ ਸੜਕ ਤੋਂ ਭਾਦਸੋਂ ਦੇ ਪਿੰਡ ਬਿਰਧਨੋ ਨੂੰ ਜਾਂਦੇ ਕੱਚੇ ਪਹੇ 'ਤੇ ਵੀ ਕੋਈ ਬਿਰਖ ਮਸਾਂ ਹੀ ਦਿਸਦਾ ਹੈ | ਇਸ ਤੋਂ ਇਲਾਵਾ ਭਾਦਸੋਂ-ਸਰਹਿੰਦ ਰੋਡ ਤੋਂ ਜਿੰਦਲਪੁਰ ਤੋਂ ਛੰਨਾ ਨੱਥੂਵਾਲੀਆਂ ਤੋਂ ਝੰਬਾਲੇ ਪਿੰਡ ਵਾਲੀ ਸੜਕ 'ਤੇ ਵੀ ਕੋਈ-ਕੋਈ ਰੁੱਖ ਹੀ ਹੈ | ਇਲਾਕੇ ਦੇ ਪਿੰਡ ਆਲੋਵਾਲ ਤੋਂ ਕਨਸੂਹੇ ਨੂੰ ਜਾਂਦੇ ਰਸਤੇ 'ਤੇ ਵੀ ਕੋਈ ਵਿਰਲਾ ਹੀ ਰੁੱਖ ਵੇਖਣ ਨੂੰ ਮਿਲਦਾ ਹੈ, ਦੰਦਰਾਂਲਾ ਖਰੌੜ ਤੋਂ ਰੋੜੇਵਾਲ ਤੋਂ ਹੁੰਦਿਆਂ ਅੱਗੇ ਲਚਕਾਣੀ ਨੂੰ ਜਾਣ ਵਾਲੀ ਸੜਕ 'ਤੇ ਬਹੁਤ ਸਾਰੇ ਰੁੱਖ ਨੇੜਲੇ ਕਿਸਾਨਾਂ ਨੇ ਨਹੀਂ ਛੱਡੇ ਜੋ ਕਿ ਬਹੁਤ ਹੀ ਚਿੰਤਾ ਦੀ ਗੱਲ ਹੈ | ਰੁੱਖਾਂ ਦਾ ਉਜਾੜਾ ਕਰਨ ਲਈ ਮੱਝਾਂ ਚਾਰਨ ਵਾਲੇ ਗੁੱਜਰ ਭਾਈਚਾਰੇ ਦੇ ਲੋਕ ਵੀ ਰੁੱਖਾਂ ਦੇ ਦੁਸ਼ਮਣ ਹਨ | ਬਖਸ਼ੀਵਾਲਾ ਤੋਂ ਖੇੜੀਮਾਨੀਆਂ ਨੂੰ ਜਾਂਦੇ ਰਾਹ 'ਤੇ ਦਰਖਤ ਨਾਮਾਤਰ ਹਨ | ਪ੍ਰਾਪਤ ਜਾਣਕਾਰੀ ਮੁਤਾਬਿਕ ਇਕ ਵਰਗ ਕਿੱਲੋਮੀਟਰ ਵਿਚ ਫੈਲਿਆ ਜੰਗਲ ਲਗਪਗ 50 ਹਜਾਰ ਲੀਟਰ ਪਾਣੀ ਧਰਤੀ 'ਚ ਭੇਜਦਾ ਹੈ, ਸਾਨੂੰ ਹੜ੍ਹਾਂ ਤੋਂ ਬਚਾਉਂਦਾ ਹੈ | ਇਸ ਮਸਲੇ ਬਾਰੇ ਪ੍ਰੋਫੈਸਰ ਬਾਵਾ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਅਹਿਮ ਅੰਗ ਹਨ ਭੰਗੂੜੇ ਤੋਂ ਲੈ ਕੇ ਅਖੀਰ ਤੱਕ ਰੁੱਖਾਂ ਦਾ ਸਾਡੇ ਜੀਵਨ ਨਾਲ ਗੂੜਾ ਸੰਬੰਧ ਹੈ ਅਟੁੱਟ ਰਿਸ਼ਤਾ ਹੈ | ਇਸ ਲਈ ਸਾਨੂੰ ਆਪਣੇ ਜੀਵਨ 'ਚ ਰੁੱਖ ਲਗਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ | ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਵਾਤਾਵਰਨ ਪ੍ਰਤੀ ਰੱਤੀ ਭਰ ਨਜ਼ਰ ਨਹੀਂ ਹੈ ਬਲਕਿ ਕਾਗ਼ਜ਼ਾਂ 'ਚ ਵੱਡੇ-ਵੱਡੇ ਦਾਅਵੇ ਕਰਨ ਤੱਕ ਹੀ ਸੀਮਤ ਹੈ, ਉਨ੍ਹਾਂ ਪੰਜਾਬ ਸਰਕਾਰ ਕੋਲੋਂ ਵਾਤਾਵਰਨ ਨੂੰ ਬਚਾਉਣ ਲਈ ਰਕਬਾ ਵਧਾਉਣ ਦੇ ਨਾਲ ਸੰਭਾਲਣ ਦੀ ਮੰਗ ਕੀਤੀ | ਇਸ ਸੰਬੰਧੀ ਵਾਤਾਵਰਣ ਪ੍ਰੇਮੀ ਸ਼ਮਸ਼ੇਰ ਸਿੰਘ ਔਲਖ ਨੇ ਦੱਸਿਆ ਕਿ ਜੰਗਲਾਤ ਵਿਭਾਗ ਪਿੰਡਾਂ ਵਿਚ ਪਿੱਪਲ, ਬੋਹੜ, ਜੰਡ ਅਤੇ ਤ੍ਰਵੈਣੀਆਂ ਲਾ ਕੇ ਇਨ੍ਹਾਂ ਦੇ ਦੁਆਲੇ ਸੁਰੱਖਿਆ ਗਾਰਡ ਲਾ ਕੇ ਸੰਭਾਲੇ ਜਾਣ ਤਾਂ ਕਿ ਚੁਗਿਰਦੇ ਨੂੰ ਬਚਾਇਆ ਜਾ ਸਕੇ | ਵਾਤਾਵਰਨ ਪ੍ਰੇਮੀ ਅਮਰੀਕ ਸਿੰਘ ਭੰਗੂ ਨੇ ਕਿਹਾ ਕਿ ਜਿਹੜੇ ਲੋਕ ਧੁੱਪ 'ਚ ਗੱਡੀ ਖੜ੍ਹਾਉਣ ਤੋਂ ਝਿਜਕਦੇ ਹਨ, ਨੂੰ ਬੂਟੇ ਲਗਾ ਕੇ ਪਾਲਣ ਲਈ ਅੱਗੇ ਆਉਣਾ ਚਾਹੀਦਾ ਹੈ |