ਨਵਾਂ ਪਿੰਡ, 19 ਨਵੰਬਰ (ਜਸਪਾਲ ਸਿੰਘ)-ਸਵੈ -ਸੇਵੀ ਸਮਾਜਿਕ ਸੰਸਥਾ 'ਸੁਖਮਨੀ ਸਾਹਿਬ ਸੇਵਾ ਸੋਸਾਇਟੀ, ਫ਼ਤਹਿਗੜ੍ਹ ਸ਼ੁੱਕਰਚੱਕ' ਵਲੋਂ ਅੱਧੀ ਦਰਜਨ ਦੇ ਕਰੀਬ ਬਜ਼ੁਰਗ ਲੋੜਵੰਦਾਂ ਦੀਆਂ ਅੱਖਾਂ ਬਣਵਾ ਕੇ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਗਿਆ | ਇਸ ਸੰਬੰਧੀ ਸੰਸਥਾ ਦੇ ਮੁੱਖ ਸੇਵਾਦਾਰ ਗਿਆਨੀ ਸਰਦੂਲ ਸਿੰਘ ਹਲਵਾਈ ਨੇ 'ਅਜੀਤ' ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਪਿੰਡ ਦੇ ਲੋੜਵੰਦ ਪਰਿਵਾਰਾਂ ਨਾਲ ਸੰਬੰਧਿਤ ਬਜ਼ੁਰਗ ਜਿਨ੍ਹਾਂ 'ਚ ਮੇਜਰ ਸਿੰਘ, ਦਰਸ਼ਨ ਸਿੰਘ, ਬੀਬੀ ਸਿਮਰੋ ਤੇ ਪਰਮਜੀਤ ਕੌਰ ਆਦਿ ਸ਼ਾਮਿਲ ਹਨ | ਪਿਛਲੇ ਕਾਫੀ ਸਮੇਂ ਤੋਂ ਅੱਖਾਂ ਦੀ ਰੌਸ਼ਨੀ ਘੱਟ ਜਾਂ ਨਾ ਹੋਣ ਕਾਰਨ ਉਹ ਕੁਝ ਵੇਖ ਨਹੀਂ ਸਕਦੇ ਸਨ, ਦਾ ਸਬ ਇੰਸਪੈਕਟਰ ਦਲਜੀਤ ਸਿੰਘ ਤੇ ਐੱਨ.ਆਰ.ਆਈ. ਭਰਾਵਾਂ ਦੇ ਸਹਿਯੋਗ ਸਦਕਾ ਅੰਮਿ੍ਤਸਰ ਦੇ ਇੱਕ ਨਿੱਜੀ ਹਸਪਤਾਲ ਤੋਂ ਉਨ੍ਹਾਂ ਦੀਆਂ ਅੱਖਾਂ ਦਾ ਸੋਸਾਇਟੀ ਵਲੋਂ ਆਪ੍ਰੇਸ਼ਨ ਕਰਵਾਇਆ ਗਿਆ ਤੇ ਉਹ ਹੁਣ ਪੂਰੀ ਤਰ੍ਹਾਂ ਨਾਲ ਆਪਣਿਆਂ ਨੂੰ ਤੇ ਇਸ ਕਾਦਰ ਦੀ ਕੁਦਰਤ ਨੂੰ ਵੇਖ ਸਕਦੇ ਹਨ, ਜਿਸ ਦੇ ਲਈ ਉਹ ਤੇ ਸੋਸਾਇਟੀ ਮੈਂਬਰਾਨ ਇਹ ਫ਼ਖ਼ਰ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਪਾਸੋਂ ਅਕਾਲ ਪੁਰਖ ਨੇ ਇਹ ਸੇਵਾ ਆਪ ਕਰਵਾਈ ਹੈ | ਇਸ ਮੌਕੇ ਮਰੀਜ਼ਾਂ ਨਾਲ ਗੱਲ ਕਰਨ 'ਤੇ ਉਨ੍ਹਾਂ ਤੇ ਉਨ੍ਹਾਂ ਦੇ ਵਾਰਿਸਾਂ ਨੇ ਗਿਆਨੀ ਸਰਦੂਲ ਸਿੰਘ ਤੇ ਉਨ੍ਹਾਂ ਦੇ ਸਮੁੱਚੇ ਸਾਥੀਆਂ ਦਾ ਧੰਨਵਾਦ ਕੀਤਾ |