ਨੂਰਪੁਰਬੇਦੀ 20 ਜੁਲਾਈ ( ਵਿੰਦਰਪਾਲ ਝਾਂਡੀਆਂ ) ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਨੂੰ ਪੁਲਿਸ ਰਾਜ ਵਿਚ ਤਬਦੀਲ ਕਰਨ ਅਤੇ ਪੰਜਾਬ ਅੰਦਰ ਧਰਨੇ ਮੁਜ਼ਾਹਰਿਆਂ ਲਈ ਲਗਾਈ ਗਈ ਅਣ ਐਲਾਨੀ ਐਮਰਜੈਂਸੀ ਦੇ ਖਿਲਾਫ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ 25 ਜੁਲਾਈ ਨੂੰ ਸੰਗਰੂਰ ਵਿਖੇ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਰੂਪਨਗਰ ਜਿਲੇ ਦੀਆਂ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਨੂਰਪੁਰਬੇਦੀ ਇਲਾਕੇ ਦੇ ਪਿੰਡ ਮੁੰਨੇ ਦੇ ਗੁਰਦੁਆਰਾ ਸਾਹਿਬ ਵਿਖੇ ਅਮਰਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਇਸ ਧਰਨੇ ਨੂੰ ਸਫਲ ਬਣਾਉਣ ਲਈ ਤਿਆਰੀਆਂ ਸਬੰਧੀ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇ ਕਿਰਤੀ ਕਿਸਾਨ ਮੋਰਚੇ ਦੇ ਪ੍ਰਧਾਨ ਵੀਰ ਸਿੰਘ ਬੜਵਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਸੰਗਰੂਰ ਵਿਚ ਮਜ਼ਦੂਰ ਜਥੇਬੰਦੀ ਦੇ ਆਗੂਆਂ ਨੂੰ ਫੜਕੇ ਜੇਲ ,ਚ ਬੰਦ ਕੀਤਾ ਜਾ ਰਿਹਾ ਹੈ | ਸੰਗਰੂਰ ਵਿਚ ਧਰਨੇ ਮੁਜ਼ਾਹਰਿਆਂ ਉੱਪਰ ਅਣ ਐਲਾਨੀ ਪਾਬੰਦੀ ਲਗਾਈ ਹੋਈ ਹੈ , ਪੂਰੇ ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ | ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਫੜਨ ਦੀ ਬਜਾਇ ਤਰੱਕੀਆਂ ਦਿੱਤੀਆਂ ਜਾ ਰਹੀਆਂ ਹਨ | ਆਗੂਆਂ ਨੇ ਕਿਹਾ ਕਿ 25 ਜੁਲਾਈ ਦੇ ਧਰਨੇ ਨੂੰ ਸਫਲ ਕਰਨ ਲਈ ਰੋਪੜ ਜਿਲੇ ਦੇ ਪਿੰਡਾਂ, ਚ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਵੱਡੀ ਗਿਣਤੀ ਲੋਕਾਂ ਵੱਲੋਂ ਸੰਗਰੂਰ ਧਰਨੇ, ਚ ਸ਼ਮੂਲੀਅਤ ਕੀਤੀ ਜਾਵੇਗੀ | ਆਗੂਆਂ ਨੇ ਕਿਹਾ ਕਿ ਕਾਰਪੋਰੇਟ ਸੈਕਟਰ ਨੂੰ ਕਿਸਾਨਾਂ ਦੀ 40 ਹਜ਼ਾਰ ਤੋਂ ਉੱਪਰ ਜ਼ਮੀਨ ਲੈਂਡ ਪੂਲਿੰਗ ਨੀਤੀ ਤਹਿਤ ਐਕਵਾਇਰ ਕਰਕੇ ਦਿੱਤੀ ਜਾ ਰਹੀ ਹੈ | ਕਿਸਾਨ ਆਪਣੀਆਂ ਜ਼ਮੀਨਾਂ ਬਚਾਉਣ ਲਾਮਬੰਦ ਹੋ ਕੇ ਸੰਘਰਸ਼ ਦੇ ਰਾਹ ਪੈ ਰਹੇ ਹਨ | ਇਸ ਜਥੇਬੰਦਕ ਘੋਲਾਂ ਨੂੰ ਦਬਾਉਣ ਲਈ ਪੁਲਿਸ ਦੀ ਦਹਿਸ਼ਤ ਲੋਕਾਂ ਵਿੱਚ ਪਾਉਣ ਲਈ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲਿਆ ਜਾ ਰਿਹਾ ਹੈ | ਪੰਜਾਬ ਦੇ ਸਮੂਹ ਲੋਕਾਂ ਨੂੰ ਉਨਾਂ ਨੇ 25 ਜੁਲਾਈ ਦੇ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਇਫਟੂ ਦੇ ਪ੍ਰਧਾਨ ਤਰਸੇਮ ਸਿੰਘ ਜੱਟਪੁਰ ,ਰਾਣਾ ਪ੍ਰਤਾਪ ਰੰਗੀਲਪੁਰ ,ਬੀਬੀਐਮਬੀ ਵਰਕਰ ਯੂਨੀਅਨ ਦੇ ਗੁਰਪ੍ਰਸਾਦ ਸਿੰਘ , ਪੀਐੱਸਯੂ ਦੇ ਮਨਪ੍ਰੀਤ ਕੌਰ ਮਨਸਾਲੀ , ਕਿਰਤੀ ਕਿਸਾਨ ਮੋਰਚੇ ਦੇ ਮੇਜਰ ਸਿੰਘ ਅਸਮਾਨਪੁਰ ,ਪ੍ਰੀਤਮ ਸਿੰਘ ਰਾਏਪੁਰ,ਮਾਸਟਰ ਰਾਮ ਪਾਲ ਅਸਾਲਤਪੁਰ ,ਮੋਹਣ ਸਿੰਘ ਅਸਮਨਾਪੁਰ ,ਕੇਵਲ ਸਿੰਘ ਬਾਹਮਣਮਾਜਰਾ ਆਦਿ ਹਾਜਰ ਸਨ |