ਨੰਗਲ, 20 ਜੁਲਾਈ (ਪ੍ਰੀਤਮ ਸਿੰਘ ਬਰਾਰੀ) - ਖਵਾਜਾ ਪੀਰ ਮੰਦਰ ਨੰਗਲ ਵਿਖੇ ਦੋ ਦਿਨਾਂ ਸਲਾਨਾ ਗਾਇਨ ਦਰਬਾਰ ਬੀਤੀ ਰਾਤ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਰਾਤ ਦੇ ਗਾਇਨ ਦਰਬਾਰ ਵਿੱਚ ਵਿਸ਼ੇਸ਼ ਤੌਰ ਉੱਤੇ ਦਰਗਾਹ ਚੰਦਿਆਣੀ ਸ਼ਰੀਫ ਦੇ ਗੱਦੀ ਨਸ਼ੀਨ ਫਕੀਰ 'ਦੀਦੀ ਸਰਕਾਰ' ਵੱਲੋਂ ਸ਼ਿਰਕਤ ਕੀਤੀ ਗਈ | ਰਾਤ ਦੇ ਗਾਇਨ ਦਰਬਾਰ ਵਿੱਚ ਨਾਮਵਰ ਗਾਇਕ ਪਰਵੇਜ਼ ਆਲਮ ਨੇ ਆਪਣੀ ਦਮਦਾਰ ਗਾਇਕੀ ਰਾਹੀਂ ਸੂਫੀ ਰੰਗ ਵਖੇਰਦਿਆਂ ਵੱਖ-ਵੱਖ ਕਲਾਮ ਪੇਸ਼ ਕਰਕੇ ਵੱਡੀ ਤਾਦਾਦ ਵਿੱਚ ਸੰਗਤਾਂ ਨੂੰ ਦੇਰ ਰਾਤ ਤੱਕ ਅੰਤਾਂ ਦੀ ਗਰਮੀ ਵਿੱਚ ਕੀਲੀ ਰੱਖਿਆ ਜਦੋਂਕਿ ਫਕੀਰ ਦੀਦੀ ਸਰਕਾਰ ਵੱਲੋਂ ਪਰਵੇਜ਼ ਆਲਮ ਦੀ ਗਾਇਕੀ ਤੋਂ ਖੁਸ਼ ਹੋ ਕੇ ਨੋਟਾਂ ਦੀ ਭਰਪੂਰ ਵਰਖਾ ਕੀਤੀ ਗਈ, ਇਸ ਮੌਕੇ ਪ੍ਰਬੰਧਕਾਂ ਵੱਲੋਂ ਉਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਦੋ ਦਿਨਾਂ ਗਾਇਨ ਦਰਬਾਰ ਵਿੱਚ ਨਾਮਵਾਰ ਐਂਕਰ ਅਤੇ ਪੱਤਰਕਾਰ ਸੰਦੀਪ ਭਾਰਦਵਾਜ਼ ਵੱਲੋਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਗਈ | ਫਕੀਰ ਦੀਦੀ ਸਰਕਾਰ ਨੇ ਸੰਗਤਾਂ ਨੂੰ ਖਵਾਜਾ ਸਾਹਿਬ ਦੀ ਮਹਿਮਾ ਤੋਂ ਜਾਣੂ ਕਰਵਾਇਆ ਅਤੇ ਪ੍ਰਬੰਧਕਾਂ ਤੇ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹੋ ਜਿਹੇ ਮੇਲਿਆਂ ਦੇ ਆਯੋਜਨ ਨਾਲ ਅਜੋਕੇ ਤੇਜ ਰਫਤਾਰ ਯੁਗ ਅੰਦਰ ਆਪਸੀ ਭਾਈਚਾਰਕ ਸਾਂਝ ਵੀ ਵਧੇਰੇ ਮਜਬੂਤ ਹੁੰਦੀ ਹੈ ਅਤੇ ਅਜੋਕੀ ਨੌਜਵਾਨ ਪੀੜੀ ਨੂੰ ਆਪਣੇ ਪੰਜਾਬ ਦੀ ਅਮੀਰ ਵਿਰਾਸਤ ਦੀ ਅਤੇ ਧਾਰਮਿਕ ਜਾਣਕਾਰੀ ਵੀ ਮਿਲਦੀ ਹੈ | ਇਸ ਮੌਕੇ ਵੱਡੀ ਗਿਣਤੀ ਵਿੱਚ ਕਿੰਨਰ ਮਹੰਤਾਂ ਵੱਲੋਂ ਵੀ ਗਾਇਨ ਦਰਬਾਰ ਵਿੱਚ ਨੱਚ ਕੇ ਮੇਲੇ ਨੂੰ ਚਾਰ ਚੰਨ ਲਗਾਏ ਅਤੇ ਨੋਟਾਂ ਨਾਲ ਕਲਾਕਾਰਾਂ ਦੀ ਹੌਸਲਾ ਅਫਜਾਈ ਕੀਤੀ | ਇਸ ਮੌਕੇ ਖਵਾਜਾ ਪੀਰ ਮੰਦਰ ਕਮੇਟੀ ਵੱਲੋਂ ਪ੍ਰਧਾਨ ਦਿਲਬਾਗ ਸਿੰਘ ਪਰਮਾਰ ,ਰਕੇਸ਼ ਮਹਿਤਾ, ਜਗਦੀਸ਼ ਜੱਗੀ, ਸੁਰਜੀਤ ਸਿੰਘ ਧੁੱਗਾ ,ਬਲਵੀਰ ਸਿੰਘ ਬਿੱਲੂ, ਸੋਮ ਦਤ ਸੋਮਾ, ਜਤਿੰਦਰ ਸਿੰਘ ਸੋਹਲ ,ਰਕੇਸ਼ ਮਹਿਤਾ, ਪ੍ਰਵੇਸ਼ ਸੋਨੀ, ਲਲਿਤ ਚੌਧਰੀ, ਵਿਕਰਾਂਤ ਪਰਮਾਰ , ਅੱਛੀ ਰਾਣਾ ,ਜਸ਼ਨ ਅਰੋੜਾ, ਪਿ੍ੰਸ ਅਰੋੜਾ, ਦਵਿੰਦਰ ਗਾਂਧੀ , ਰਾਜ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ |