01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਾਫ਼ ਸਫ਼ਾਈ ਰੱਖਣ 'ਚ ਚੰਡੀਗੜ੍ਹ ਬਣਿਆ ਦੇਸ਼ ਦਾ ਦੂਜਾ ਸਭ ਤੋਂ ਸਾਫ਼ ਸ਼ਹਿਰ

ਅਜੀਤ ਡੈਸਕ 18-07-2025
ਚੰਡੀਗੜ੍ਹ, 17 ਜੁਲਾਈ (ਸੰਦੀਪ ਕੁਮਾਰ ਮਾਹਨਾ)–ਨਗਰ ਨਿਗਮ ਨੇ ਸ਼ਹਿਰ ਨੂੰ ਸਾਫ਼ ਰੱਖਣ ਲਈ ਸਖ਼ਤ ਕਦਮ ਚੁੱਕੇ ਹਨ | ਖੁੱਲ੍ਹੇ 'ਚ ਜਾਂ ਗ਼ਲਤ ਜਗ੍ਹਾ 'ਤੇ ਕੂੜਾ ਸੁੱਟਣ ਵਾਲੇ ਲੋਕਾਂ 'ਤੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਨਜ਼ਰ ਰੱਖੀ ਗਈ ਅਤੇ ਉਨ੍ਹਾਂ ਦੇ ਚਲਾਨ ਵੀ ਕੱਟੇ ਗਏ | ਇਸ ਤੋਂ ਇਲਾਵਾ ਘਰ-ਘਰ ਕੂੜਾ ਇਕੱਠਾ ਕਰਨ, ਕੂੜਾ ਵੱਖ ਕਰਨ ਦੀਆਂ ਸਹੂਲਤਾਂ ਅਤੇ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖਰੇ ਡੱਬੇ ਦੇ ਪ੍ਰਬੰਧ ਵੀ ਵਧੀਆ ਢੰਗ ਨਾਲ ਕੀਤੇ ਗਏ | ਜਿਸ ਦਾ ਨਤੀਜਾ ਇਹ ਹੋਇਆ ਕਿ ਚੰਡੀਗੜ੍ਹ ਨੇ ਸਵੱਛਤਾ ਦੇ ਮਾਮਲੇ 'ਚ ਦੇਸ਼ ਭਰ 'ਚ ਦੂਜਾ ਸਥਾਨ ਹਾਸਿਲ ਕੀਤਾ ਹੈ | ਇਹ ਦਰਜਾ ਸਵੱਛ ਸਰਵੇਖਣ 2024 'ਚ 3 ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ 'ਚ ਪ੍ਰਾਪਤ ਹੋਇਆ ਹੈ | ਇਹ ਸਨਮਾਨ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਵਿਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਦਿੱਤਾ | ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਤੇ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਮਿਲ ਕੇ ਰਾਸ਼ਟਰਪਤੀ ਤੋਂ ਇਹ ਪੁਰਸਕਾਰ ਹਾਸਿਲ ਕੀਤਾ | ਸਾਲ 2023 'ਚ ਚੰਡੀਗੜ੍ਹ 11ਵੇਂ ਸਥਾਨ 'ਤੇ ਸੀ, ਪਰ ਇਸ ਵਾਰ ਨਗਰ ਨਿਗਮ ਦੀ ਸਖ਼ਤ ਮਿਹਨਤ ਅਤੇ ਸਫ਼ਾਈ ਦੀ ਸਖ਼ਤ ਨਿਗਰਾਨੀ ਕਾਰਨ ਸ਼ਹਿਰ ਨੂੰ ਇਹ ਵੱਡੀ ਸਫਲਤਾ ਮਿਲੀ ਹੈ | ਚੰਡੀਗੜ੍ਹ ਨੂੰ ਇਹ ਪੁਰਸਕਾਰ ਮਿਲਣ ਦਾ ਮੁੱਖ ਕਾਰਨ ਸ਼ਹਿਰ 'ਚ ਸੀਵਰੇਜ ਦੀ ਸਫ਼ਾਈ ਆਟੋਮੈਟਿਕ ਮਸ਼ੀਨਾਂ ਨਾਲ ਕਰਨਾ ਸੀ | ਇਸ ਦੇ ਨਾਲ ਹੀ, ਜਿਸ ਤਰ੍ਹਾਂ ਸੈਨੀਟੇਸ਼ਨ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਸਹੂਲਤ ਦਾ ਧਿਆਨ ਰੱਖਿਆ ਜਾਂਦਾ ਹੈ, ਇਹ ਗੱਲ ਵੀ ਚੰਡੀਗੜ੍ਹ ਦੇ ਹੱਕ 'ਚ ਗਈ | ਦੇਸ਼ 'ਚ ਪਹਿਲੀ ਵਾਰ ਚੰਡੀਗੜ੍ਹ 'ਚ ਸਫ਼ਾਈ ਮੁਲਾਜ਼ਮਾਂ ਦਾ ਬੂਥ ਸਥਾਪਤ ਕੀਤਾ ਗਿਆ ਸੀ | ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੁਣਨ ਲਈ ਉੱਥੇ ਵੱਖਰਾ ਸਟਾਫ਼ ਨਿਯੁਕਤ ਕੀਤਾ ਗਿਆ |
ਪਿਛਲੀ ਖ਼ਬਰ ਭੀਖ ਮੰਗਣ ਵਾਲੇ ਬੱਚਿਆਂ ਦੇ ਡੀ. ਐੱਨ. ਏ. ਟੈਸਟ ਬਾਬਤ ਭਿਖਾਰੀਆਂ ਦੀ ਫੜੋ-ਫੜੀ ਜਾਰੀ ਅਗਲੀ ਖ਼ਬਰ ਆਨਲਾਈਨ ਗੇਮਿੰਗ ਦੇ ਨਾਂਅ 'ਤੇ 18 ਕਰੋੜ ਦੀ ਧੋਖਾਧੜੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।