01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਭੀਖ ਮੰਗਣ ਵਾਲੇ ਬੱਚਿਆਂ ਦੇ ਡੀ. ਐੱਨ. ਏ. ਟੈਸਟ ਬਾਬਤ ਭਿਖਾਰੀਆਂ ਦੀ ਫੜੋ-ਫੜੀ ਜਾਰੀ

ਅਜੀਤ ਡੈਸਕ 18-07-2025
ਜ਼ੀਰਕਪੁਰ, 17 ਜੁਲਾਈ (ਹੈਪੀ ਪੰਡਵਾਲਾ)-ਭਿਖਾਰੀਆਂ ਨੂੰ ਨੱਥ ਪਾਉਣ ਲਈ ਸਰਕਾਰ ਵਲੋਂ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ | ਇਸ ਦੇ ਚਲਦਿਆਂ ਅੱਜ ਮੁੱਖ ਚੌਕਾਂ 'ਚੋਂ ਭਿਖਾਰੀ ਗਾਇਬ ਪਾਏ ਗਏ | ਭਿਖਾਰਨਾਂ ਵਲੋਂ ਜੁਆਕਾਂ ਨਾਲ ਭੀਖ ਮੰਗਣ ਦੇ ਨਾਂਅ 'ਤੇ ਕੀਤੇ ਜਾ ਰਹੇ ਜ਼ੁਲਮ ਦਾ ਮਸਲਾ ਲੰਘੇ ਕੱਲ੍ਹ ਅਦਾਰਾ 'ਅਜੀਤ' ਵਲੋਂ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ | ਇਸ ਸੰਬੰਧ 'ਚ ਸੰਬੰਧਿਤ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਵਲੋਂ ਸੂਬੇ ਦੇ ਸਾਰੇ ਡੀ. ਸੀਜ਼ ਨੂੰ ਸਖ਼ਤ ਹੁਕਮ ਜਾਰੀ ਕਰਦਿਆਂ ਭੀਖ ਮੰਗਣ ਵਾਲੇ ਬੱਚਿਆਂ ਦੇ ਡੀ. ਐਨ. ਏ. ਟੈਸਟ ਕਰਵਾਉਣ ਲਈ ਕਿਹਾ ਗਿਆ ਹੈ | ਭੀਖ ਮੰਗਣ ਵਾਲੇ ਗਰੋਹ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਬਾਬਤ ਭੀਖ ਮੰਗਣਾ ਰੋਕਥਾਮ ਐਕਟ 'ਚ ਵੀ ਸੋਧ ਕੀਤੀ ਜਾਵੇਗੀ ਤਾਂ ਕਿ ਬੱਚਿਆਂ ਨੂੰ ਭੀਖ ਮੰਗਣ ਲਈ ਮਜ਼ਬੂਰ ਕਰਨ ਵਾਲੇ ਗਰੋਹਾਂ ਨੂੰ ਚਲਾਉਣ ਵਾਲਿਆਂ ਨੂੰ ਨੱਥ ਪਾਈ ਜਾ ਸਕੇ | ਇਸ ਵੇਲੇ ਹਾਲਾਤ ਇਹ ਹਨ ਕਿ ਮਾਰਕੀਟਾਂ, ਪਾਰਕਿੰਗਾਂ, ਟ੍ਰੈਫ਼ਿਕ ਲਾਈਟਾਂ, ਪਾਰਕਾਂ, ਧਾਰਮਿਕ ਅਸਥਾਨਾਂ ਅਤੇ ਇੱਥੋਂ ਤੱਕ ਕਿ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਭੀਖ ਮੰਗਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ | ਜੁਆਕਾਂ ਨੂੰ ਕੁੱਛੜ ਚੁੱਕ ਕੇ ਔਰਤਾਂ ਰਾਹਗੀਰਾਂ ਨੂੰ ਘੇਰ ਕੇ ਖੜ੍ਹ ਜਾਂਦੀਆਂ ਹਨ, ਜਿਸ ਕਾਰਨ ਮਜ਼ਬੂਰਨ ਉਨ੍ਹਾਂ ਨੂੰ ਕੁਝ ਖਾਣ-ਪੀਣ ਦੇ ਪਦਾਰਥ ਜਾਂ ਪੈਸੇ ਦੇਣੇ ਪੈਂਦੇ ਹਨ | ਭਿਖਾਰੀਆਂ 'ਚ ਬੱਚਿਆਂ ਦੀ ਸ਼ਮੂਲੀਅਤ ਸਮਾਜ ਲਈ ਕਲੰਕ ਬਣ ਰਹੀ ਹੈ | ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਬੱਚਿਆਂ ਤੋਂ ਭੀਖ ਮੰਗਵਾਉਣ ਦਾ ਕੰਮ ਹੋਵੇ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਅੱਗੇ ਆਈਏ ਅਤੇ ਮਾਸੂਮ ਜ਼ਿੰਦਗੀਆਂ ਨੂੰ ਬਚਾਈਏ | ਉਨ੍ਹਾਂ ਆਖਿਆ ਕਿ ਹੁਣ ਫ਼ੈਸਲਾ ਲਿਆ ਗਿਆ ਹੈ ਕਿ ਭਿਖਾਰੀਆਂ ਨਾਲ ਜਿਹੜੇ ਬੱਚੇ ਪਾਏ ਜਾਣਗੇ ਉਨ੍ਹਾਂ ਦਾ ਡੀ. ਐਨ. ਏ. ਟੈਸਟ ਕਰਵਾਇਆ ਜਾਵੇਗਾ | ਇਸ ਬਾਰੇ ਪੰਜਾਬ ਦੇ ਸਾਰੇ ਡੀ. ਸੀਜ਼ ਨੂੰ ਆਰਡਰ ਕਰ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਡੀ. ਐਨ. ਏ. ਸਹੀ ਸਾਬਤ ਨਾ ਹੋਣ 'ਤੇ ਉਨ੍ਹਾਂ ਤੋਂ ਭੀਖ ਮੰਗਵਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਡੀ. ਐਨ. ਏ. ਟੈਸਟ ਤੋਂ ਬਾਅਦ ਬੱਚਿਆਂ ਨੂੰ ਬਾਲ-ਘਰਾਂ 'ਚ ਰੱਖਿਆ ਜਾਵੇਗਾ ਤੇ ਜਿੰਨੀ ਦੇਰ ਤੱਕ ਟੈਸਟ ਦੀ ਰਿਪੋਰਟ ਨਹੀਂ ਆ ਜਾਂਦੀ, ਉਦੋਂ ਤੱਕ ਇਨ੍ਹਾਂ ਬੱਚਿਆਂ ਦੇ ਮਾਪੇ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਨੂੰ ਵੀ ਨਾਲ ਰੱਖਿਆ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਦੀ ਤਸਕਰੀ ਅਤੇ ਕਿਡਨੈਪਿੰਗ ਦੇ ਮਾਮਲਿਆਂ ਨੂੰ ਵੀ ਠੱਲ੍ਹ ਪਵੇਗੀ |
ਪਿਛਲੀ ਖ਼ਬਰ ਚੰਡੀਗੜ੍ਹ• ਵਿਖੇ ਸਰਕਾਰੀ ਸਕੂਲ ਦੇ ਵਿਦਿਆਰਥੀ 'ਤੇ ਚਾਕੂਆ ਨਾਲ ਹਮਲਾ ਅਗਲੀ ਖ਼ਬਰ ਸਾਫ਼ ਸਫ਼ਾਈ ਰੱਖਣ 'ਚ ਚੰਡੀਗੜ੍ਹ ਬਣਿਆ ਦੇਸ਼ ਦਾ ਦੂਜਾ ਸਭ ਤੋਂ ਸਾਫ਼ ਸ਼ਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।