ਖਰੜ, 15 ਜੁਲਾਈ (ਗੁਰਮੁੱਖ ਸਿੰਘ ਮਾਨ)-ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਖਰੜ ਸ਼ਹਿਰ 'ਚ ਕੋਈ ਵੀ ਨਵਾਂ ਵਿਕਾਸ ਕਾਰਜ ਸ਼ੁਰੂ ਨਹੀਂ ਹੋਇਆ, ਸਗੋਂ ਜਿਨ੍ਹਾਂ ਪ੍ਰਾਜੈਕਟਾਂ ਦੀ ਸ਼ੁਰੂਆਤ ਕਾਂਗਰਸ ਸਰਕਾਰ ਸਮੇਂ ਹੋਈ ਸੀ, ਉਹ ਵੀ ਅਧੂਰੇ ਪਏ ਹਨ | ਇਹ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਵਲੋਂ ਚਲਾਈ ਜਾ ਰਹੀ ਜਨ ਸੰਪਰਕ ਮੁਹਿੰਮ ਤਹਿਤ ਖਰੜ ਸਥਿਤ ਸਾਬਕਾ ਕੌਂਸਲਰ ਮਲਾਗਰ ਸਿੰਘ ਦੇ ਗ੍ਰਹਿ ਵਿਖੇ ਸੱਦੀ ਗਈ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਕੀਤਾ | ਉਨ੍ਹਾਂ ਸ਼ਹਿਰ 'ਚ ਸਫ਼ਾਈ ਵਿਵਸਥਾ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਖਰੜ ਦੇ ਕਈ ਇਲਾਕਿਆਂ 'ਚ ਕੂੜੇ ਦੇ ਲੱਗੇ ਢੇਰਾਂ ਕਰਕੇ ਲੋਕਾਂ ਨੂੰ ਬਦਬੂ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧ 'ਚ ਸ਼ਹਿਰ ਵਾਸੀਆਂ ਵਲੋਂ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ, ਪਰ ਸਰਕਾਰ ਵਲੋਂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਕੀਤੀ ਗਈ | ਉਨ੍ਹਾਂ ਕਿਹਾ ਕਿ ਖਰੜ ਵਰਗੇ ਅਹਿਮ ਸ਼ਹਿਰ ਦੀ ਅਣਦੇਖੀ ਸਰਕਾਰ ਦੀ ਮਾੜੀ ਕਾਰਗੁਜਾਰੀ ਵੱਲ ਇਸ਼ਾਰਾ ਕਰਦੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਜਨ ਸੰਪਰਕ ਮੁਹਿੰਮ ਰਾਹੀਂ ਹਰ ਘਰ ਤੱਕ ਪਹੁੰਚ ਕੇ ਲੋਕਾਂ ਨੂੰ ਸੂਬੇ ਦੀ ਜ਼ਮੀਨੀ ਹਾਲਤ ਤੋਂ ਜਾਣੂ ਕਰਵਾਏਗੀ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਖਰੜ ਦੇ ਸਾਬਕਾ ਪ੍ਰਧਾਨ ਗੁਰਿੰਦਰ ਸਿੰਘ ਗਿੱਲ ਬਡਾਲਾ, ਸਾਬਕਾ ਕੌਂਸਲਰ ਮਲਾਗਰ ਸਿੰਘ, ਡਾ. ਰਘਬੀਰ ਸਿੰਘ ਬੰਗੜ, ਸੁਰਿੰਦਰਪਾਲ ਸਿੰਘ, ਬਲਦੇਵ ਸਿੰਘ, ਰਵਿੰਦਰ ਸਿੰਘ, ਹਰਪਾਲ ਸਿੰਘ, ਸ਼ੇਰ ਸਿੰਘ, ਮਨਜੀਤ ਸਿੰਘ ਸਾਬਕਾ ਈ. ਟੀ. ਓ., ਹਰੀ ਸਿੰਘ ਕੋਰੇ, ਹਰਦੀਪ ਸਿੰਘ ਮਾਨ, ਕੁਲਵੰਤ ਸਿੰਘ, ਬਲਜੀਤ ਸਿੰਘ, ਜਸਬੀਰ ਸਿੰਘ ਅਤੇ ਯਾਦਵਿੰਦਰ ਸਿੰਘ ਵੀ ਆਦਿ ਹਾਜ਼ਰ ਸਨ |