ਮੀਆਂਵਿੰਡ, 17 ਜੁਲਾਈ (ਸੰਧੂ)-ਤਿੰਨ ਵਾਰ ਲਗਾਤਾਰ ਵਿਧਾਇਕ ਰਹੇ ਭਾਜਪਾ ਦੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਤੋਂ ਪ੍ਰਧਾਨ ਮਨਜੀਤ ਸਿੰਘ ਮੰਨਾ ਨੇ ਦਿੱਲੀ ਵਿਖੇ ਕੇਂਦਰੀ ਕਨੂੰਨ ਮੰਤਰੀ ਅਰਜਨ ਸਿੰਘ ਮੇਘਵਾਲ ਨਾਲ ਮੁਲਾਕਾਤ ਕੀਤੀ ਅਤੇ ਜ਼ਿਲ੍ਹਾ ਅੰਮਿ੍ਤਸਰ ਦੀਆਂ ਕੁਝ ਮੁਸ਼ਕਿਲਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ | ਇਸ ਦੀ ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਮੰਨਾ ਮੀਆਂਵਿੰਡ ਨੇ ਕਿਹਾ ਕਿ ਅੰਮਿ੍ਤਸਰ ਜ਼ਿਲ੍ਹੇ ਦਿਹਾਤੀ ਵਿਚ ਪੈਂਦੇ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਮੁਸ਼ਕਿਲਾਂ ਨੂੰ ਮੇਰੇ ਧਿਆਨ ਵਿਚ ਲਿਆਂਦਾ ਸੀ ਕਿ ਸਾਡੀਆਂ ਬਹੁਤ ਚਿਰਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਹੋ ਰਹੀਆਂ | ਸੋ ਅੱਜ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਕਲਮਬੱਧ ਕਰਕੇ ਉਸਦੀ ਫਾਈਲ ਅੱਜ ਉਨ੍ਹਾਂ ਕੇਂਦਰੀ ਮੰਤਰੀ ਮੇਘਵਾਲ ਨੂੰ ਸੌਂਪੀ ਹੈ | ਜਿਸ ਦਾ ਉਨ੍ਹਾਂ ਹਾਂ ਪੱਖੀ ਹੁੰਗਾਰਾ ਭਰਦਿਆਂ ਹੋਇਆਂ ਸਾਰੀਆਂ ਮੁਸ਼ਕਿਲਾਂ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਉਨ੍ਹਾਂ ਕੇਂਦਰੀ ਮੰਤਰੀ ਅਰਜਨ ਮੇਘਵਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੇ ਜ਼ਿਲ੍ਹੇ ਦੇ ਲੋਕਾਂ ਦੀ ਹਰ ਮਦਦ ਕਰਨ ਲਈ ਵਚਨਬੱਧ ਹਨ | ਇਸ ਮੌਕੇ ਉਨ੍ਹਾਂ ਨਾਲ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ, ਤਜਿੰਦਰ ਸਿੰਘ ਬੁੱਟਰ, ਸੋਨੂੰ ਧਾਲੀਵਾਲ ਅਤੇ ਉਨ੍ਹਾਂ ਦੇ ਨਿੱਜੀ ਸਕੱਤਰ ਜਸਵੰਤ ਸਿੰਘ ਡਿੰਪੀ ਮੀਆਂਵਿੰਡ ਆਦਿ ਹਾਜ਼ਰ ਸਨ |