29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣ ਲਈ ਵਚਨਬੱਧ-ਮੁੱਖ ਸਕੱਤਰ

ਪੰਜਾਬ ਦੇ ਮੁੱਖ ਸਕੱਤਰ ਕੇ.ਈ.ਪੀ ਸਿਨਹਾ ਪਿੰਡ ਸੁਧਾਰ ਵਿਖੇ ਹੜ੍ਹ ਪ੍ਰਭਾਵਿਤ ਪਰਿਵਾਰ ਨੂੰ ਰਾਹਤ ਸਮੱਗਰੀ ਵੰਡਦੇ ਹੋਏ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸੀ ਸਾਹਨੀ, ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਤੇ ਹੋਰ ਅਤੇ ਮੁੱਖ ਸਕੱਤਰ ਕੇ.ਏ.ਪੀ ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ ਲੈਂਦੇ ਹੋਏ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ | ਤਸਵੀਰਾਂ: ਗੁਰਪ੍ਰੀਤ ਸਿੰਘ ਢਿੱਲੋਂ<br/> 01-09-2025

ਮੁੱਖ ਸਕੱਤਰ ਕੇ.ਈ.ਪੀ ਵਲੋਂ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਅਜਨਾਲਾ, ਗੱਗੋਮਾਹਲ, ਚਮਿਆਰੀ, 31 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਮੁੱਖ ਸਕੱਤਰ ਪੰਜਾਬ ਕੇ.ਏ.ਪੀ. ਸਿਨਹਾ ਨੇ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਅਜਨਾਲਾ ਅਤੇ ਰਮਦਾਸ ਦਾ ਦੌਰਾ ਕੀਤਾ | ਇਸੇ ਦੌਰਾਨ ਉਨ੍ਹਾਂ ਨੇ ਪਿੰਡ ਮਾਕੋਵਾਲ ਵਿਖੇ ਬਣਾਏ ਗਏ ਰਾਹਤ ਕੇਂਦਰ ਵਿਚ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਅਤੇ ਪਿੰਡ ਸੁਧਾਰ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ ਜਾਣਿਆਂ ਤੇ ਉਨ੍ਹਾਂ ਨੂੰ ਰਾਹਤ ਸਮੱਗਰੀ ਵੰਡਣ ਤੋਂ ਇਲਾਵਾ ਕੁਝ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਵੀ ਪਹੁੰਚਾਇਆ | ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਸਕੱਤਰ ਕੇ.ਈ.ਪੀ. ਸਿਨਹਾ ਨੇ ਕਿਹਾ ਕਿ ਪੰਜਾਬ ਸਰਕਾਰ ਸੰਕਟ ਦੀ ਇਸ ਘੜੀ ਸਮੇਂ ਲੋਕਾਂ ਦੇ ਨਾਲ ਖੜੀ ਹੈ ਤੇ ਲੋਕਾਂ ਦੀ ਹਰ ਮੁਸ਼ਕਲ ਵਿਚ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਫਿਲਹਾਲ ਰਾਹਤ ਅਤੇ ਬਚਾਓ ਦੇ ਕਾਰਜ ਜਾਰੀ ਹਨ | ਇਸ ਉਪਰੰਤ ਸਥਿਤੀ ਆਮ ਵਾਂਗ ਹੋਣ ਉਤੇ ਮੁਆਵਜ਼ੇ ਲਈ ਵਿਸ਼ੇਸ਼ ਗਿਰਦਾਵਰੀ ਕਰਕੇ ਹਰੇਕ ਤਰ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ | ਇਸ ਉਪਰੰਤ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਫੌਜ ਦੇ ਅਧਿਕਾਰੀਆਂ ਨਾਲ ਵਿਸਥਾਰ ਵਿਚ ਮੀਟਿੰਗ ਕੀਤੀ, ਜਿਸ ਵਿਚ ਬਚਾਅ ਅਤੇ ਰਾਹਤ ਲਈ ਅਪਣਾਈ ਗਈ ਰਣਨੀਤੀ ਅਤੇ ਹੁਣ ਤੱਕ ਮਿਲੀ ਕਾਮਯਾਬੀ ਬਾਰੇ ਖੁੱਲ ਕੇ ਵਿਚਾਰ ਚਰਚਾ ਹੋਈ | ਮੁੱਖ ਸਕੱਤਰ ਕੇ.ਈ.ਪੀ. ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵਲੋਂ ਵਿਆਪਕ ਪ੍ਰਬੰਧ ਯਕੀਨੀ ਬਣਾਏ ਜਾਣ ਅਤੇ ਇਸ ਲਈ ਰੈੱਡ ਕਰਾਸ ਦੀ ਅਗਵਾਈ ਹੇਠ ਸਮਾਜਿਕ ਸੰਗਠਨਾਂ ਦੇ ਵਲੰਟੀਅਰਾਂ ਦੀ ਮਦਦ ਵੀ ਲਈ ਜਾਵੇ | ਸ੍ਰੀ ਸਿਨਹਾ ਨੇ ਰਾਹਤ ਦੇ ਕੰਮ ਲਈ ਅੱਗੇ ਆਈਆਂ ਸਮਾਜ ਸੇਵੀ ਜਥੇਬੰਦੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਹਨੀ ਨੇ ਦੱਸਿਆ ਕਿ ਮਾਲ, ਸਿਹਤ, ਪਸ਼ੂ ਪਾਲਣ, ਜਲ ਸਰੋਤ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਹੋਰਨਾਂ ਸੰਬੰਧਤ ਵਿਭਾਗਾਂ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ 24 ਘੰਟੇ ਡਿਊਟੀ 'ਤੇ ਹਨ ਅਤੇ ਪੂਰੀ ਤਿਆਰੀ ਨਾਲ ਰਾਹਤ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ | ਇਸ ਮੌਕੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕਿ੍ਸ਼ਨ ਕੁਮਾਰ, ਪੰਜਾਬ ਸਰਕਾਰ ਦੀ ਤਰਫੋਂ ਜ਼ਿਲੇ੍ਹ ਵਿਚ ਰਾਹਤ ਕੰਮਾਂ ਲਈ ਤਾਇਨਾਤ ਕੀਤੇ ਗਏ ਪ੍ਰਬੰਧਕੀ ਸਕੱਤਰ ਪੱਧਰ ਅਧਿਕਾਰੀ ਸ੍ਰੀ ਕਮਲ ਕਿਸ਼ੋਰ ਯਾਦਵ, ਸ੍ਰੀ ਵਰੁਣ ਰੂਜ਼ਮ ਅਤੇ ਬਸੰਤ ਗਰਗ ਸ਼ਾਮਿਲ ਹਨ, ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ, ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਬੀ.ਡੀ.ਪੀ.ਓ ਸਿਤਾਰਾ ਸਿੰਘ ਵਿਰਕ, ਡਿਪਟੀ ਕਮਾਂਡਰ ਅਨਿਲ ਤਾਲਕੁਤਰਾ, ਐਨ.ਡੀ.ਆਰ.ਐਫ ਕਰਨਲ ਰੋਬਿਨ ਐਥਨੀ, ਡੀ.ਐੱਸ.ਪੀ ਗੁਰਵਿੰਦਰ ਸਿੰਘ ਔਲਖ ਅਤੇ ਸੈਮਸਨ ਮਸੀਹ ਅਤੇ ਸਰਪੰਚ ਲਾਲੀ ਸ਼ਾਹ ਨਾਨੋਕੇ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮਾਸਟਰ ਐਥਲੈਟਿਕਸ ਕਲੱਬ ਵਲੋਂ ਕੌਮੀ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਕੇਂਦਰ ਸਰਕਾਰ-ਅਮਨ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।