ਅੰਮਿ੍ਤਸਰ, 19 ਜੁਲਾਈ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਵਲੋਂ ਅੱਜ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਇਕੱਤਰਤਾ ਹੋ ਕੇ ਦੀਵਾਨ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਤੇ ਕਿਹਾ ਕਿ ਗੁਰੂ ਸਾਹਿਬ ਦਾ ਪਵਿੱਤਰ ਜੀਵਨ ਅੱਜ ਵੀ ਸਾਡੀ ਆਤਮਿਕ, ਧਾਰਮਿਕ ਅਤੇ ਸਮਾਜਿਕ ਜ਼ਿੰਦਗੀ ਲਈ ਪ੍ਰੇਰਨਾ ਸਰੋਤ ਹੈ | ਦੀਵਾਨ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਕੱਲ੍ਹ 20 ਜੁਲਾਈ ਨੂੰ ਸ੍ਰੀ ਗੁਰੂ ਹਰਿਕਿ੍ਸ਼ਨ ਸੀ.ਸੈ.ਸਕੂਲ ਜੀ.ਟੀ.ਰੋਡ ਵਿਖੇ ਸ਼ਾਮ 4:30 ਤੋ ਰਾਤ 9:30 ਵਜੇ ਤੱਕ ਵੱਡੇ ਪੱਧਰ 'ਤੇ ਕਰਵਾਏ ਜਾ ਰਹੇ ਅਲੌਕਿਕ ਕੀਰਤਨ ਦਰਬਾਰ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਗਿਆ | ਡਾ: ਨਿੱਜਰ ਤੇ ਸ: ਸੇਠੀ ਨੇ ਦੱਸਿਆ ਕਿ ਇਸ ਸਮਾਗਮ ਿ ਵਚ ਸਿੰਘ ਸਾਹਿਬਾਨ ਤੇ ਪੰਥ ਪ੍ਰਸਿੱਧ ਕੀਰਤਨੀ ਜਥੇ ਤੇ ਸੰਤ ਮਹਾਂਪੁਰਸ਼ ਸ਼ਾਮਿਲ ਹੋਣਗੇ | ਇਸ ਮੌਕੇ ਆਨਰੇਰੀ ਸਕੱਤਰ ਰਮਣੀਕ ਸਿੰਘ ਫਰੀਡਮ, ਐਡੀ.ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ ਤੇ ਹਰਵਿੰਦਰ ਪਾਲ ਸਿੰਘ ਚੁੱਘ, ਡਾ.ਆਤਮਜੀਤ ਸਿੰਘ ਬਸਰਾ, ਏ.ਪੀ.ਐਸ ਮਾਨ, ਗੁਰਬਖਸ਼ ਸਿੰਘ ਬੇਦੀ, ਸਰਜੋਤ ਸਿੰਘ ਸਾਹਨੀ, ਅਵਤਾਰ ਸਿੰਘ ਘੁੱਲਾ, ਰਵਿੰਦਰ ਸਿੰਘ, ਨਵਜੋਤ ਸਿੰਘ (ਤਰਨਤਾਰਨ), ਡਾਇਰੈਕਟਰ ਐਜ਼ੂਕੇਸ਼ਨ ਡਾ.ਏ.ਪੀ.ਐਸ ਚਾਵਲਾ, ਪਿ੍ੰਸੀਪਲ ਕਵਲਪ੍ਰੀਤ ਕੌਰ, ਡਾ.ਜਸਵਿੰਦਰ ਕੌਰ ਮਾਹਲ, ਅੰਡਰ ਸੈਕਟਰੀ ਕੰਵਰ ਸੁਖਜਿੰਦਰ ਸਿੰਘ ਛੱਤਵਾਲ ਤੇ ਮਨਜੀਤ ਕੌਰ ਪੀ.ਆਰ.ਓ ਸਮੇਤ ਹੋਰ ਸਟਾਫ ਮੈਂਬਰ ਹਾਜਰ ਸਨ |