ਅੰਮਿ੍ਤਸਰ, 19 ਜੁਲਾਈ (ਗਗਨਦੀਪ ਸ਼ਰਮਾ)-ਬੀ ਡਿਵੀਜ਼ਨ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਤਰਨ-ਤਾਰਨ ਰੋਡ 'ਤੇ ਸਥਿਤ ਨਿੱਜੀ ਹੋਟਲ ਵਿਖੇ ਅਚਨਚੇਤ ਛਾਪੇਮਾਰੀ ਕਰਕੇ ਬਾਹਰਲੇ ਸੂਬਿਆਂ ਅਤੇ ਜ਼ਿਲਿ੍ਹਆਂ ਤੋਂ ਜਿਸਮ ਫਿਰੋਸ਼ੀ ਦੇ ਧੰਦੇ ਲਈ ਵਰਗਲਾ ਕੇ ਰੱਖੀਆਂ ਗਈਆਂ ਪੰਜ ਔਰਤਾਂ ਨੂੰ ਛੁਡਵਾ ਕੇ ਸੰਬੰਧਿਤ ਹੋਟਲ ਮਾਲਕ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਥਾਣਾ ਮੁਖੀ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਪਾਰਟੀ ਦੇ ਨਾਲ ਗਸ਼ਤ ਦੇ ਸੰਬੰਧ ਵਿਚ ਸੁਲਤਾਨਵਿੰਡ ਰੋਡ ਵਿਖੇ ਮੌਜੂਦ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਮਰੀਕ ਸਿੰਘ ਵਾਸੀ ਤਰਨ-ਤਾਰਨ ਰੋਡ ਆਪਣੇ ਹੋਟਲ 'ਚ ਬਾਹਰਲੇ ਸੂਬਿਆਂ ਅਤੇ ਜ਼ਿਲਿ੍ਹਆਂ ਨਾਲ ਸੰਬੰਧਿਤ ਔਰਤਾਂ ਨੂੰ ਵਰਗਲਾ ਕੇ ਲਿਆ ਕੇ ਉਨ੍ਹਾਂ ਤੋਂ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਂਦਾ ਹੈ ਅਤੇ ਮੋਟੀ ਕਮਾਈ ਕਰਦਾ ਹੈ | ਉਸ ਸੂਚਨਾ ਦੇ ਆਧਾਰ 'ਤੇ ਉਕਤ ਹੋਟਲ 'ਚ ਛਾਪੇਮਾਰੀ ਕਰਕੇ ਮਾਲਕ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ, ਤਾਂ ਜੋ ਇਸ ਧੰਦੇ 'ਚ ਸ਼ਾਮਿਲ ਉਸਦੇ ਹੋਰਨਾਂ ਸਾਥੀਆਂ ਦਾ ਵੀ ਪਤਾ ਲਗਾਇਆ ਜਾ ਸਕੇ |