ਅਬੋਹਰ, 19 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਗੁਰੂ ਨਾਨਕ ਖੇਡ ਸਟੇਡੀਅਮ ਜ਼ਿਲ੍ਹਾ ਕਪੂਰਥਲਾ ਵਿਖੇ ਡਾਇਰੈਕਟਰ ਸਿੱਖਿਆ ਵਿਭਾਗ ਦੀ ਅਗਵਾਈ ਹੇਠ 69ਵੀਆਂ ਪੰਜਾਬ ਰਾਜ ਪੱਧਰੀ ਖੇਡਾਂ ਕਰਵਾਈਆਂ ਗਈਆਂ | ਜਿਸ ਵਿਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਖੂਈਆਂ ਸਰਵਰ ਸਥਿਤ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਪੰਜਾਬ ਦੇ 23 ਜ਼ਿਲਿ੍ਹਆਂ ਨੂੰ ਮਾਤ ਦਿੰਦੇ ਹੋਏ ਅੰਡਰ 14 ਲੜਕੇ ਦੀ ਟੀਮ ਫ਼ਰੀ ਸੋਟੀ ਵਿਚ ਸਹਿਜਪ੍ਰੀਤ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੋਚ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅੰਡਰ 14 ਲੜਕੀਆਂ ਦੀ ਟੀਮ ਫ਼ਰੀ ਸੋਟੀ ਵਿਚ ਸੁਖਮਨਦੀਪ ਕੌਰ, ਗੁਰਜੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਵੀ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ | ਇਸ ਸ਼ਾਨਦਾਰ ਉਪਲਬਧੀ ਕਾਰਨ ਵਿਦਿਆਰਥੀਆਂ ਨੇ ਆਪਣੇ ਮਾਪਿਆਂ, ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ | ਅਕਾਲ ਅਕੈਡਮੀ ਖੂਈਆਂ ਸਰਵਰ ਪੁੱਜਣ 'ਤੇ ਪਿ੍ੰਸੀਪਲ ਅਤੇ ਸਟਾਫ਼ ਮੈਂਬਰਾਂ ਨੇ ਕੋਚ ਲਵਪ੍ਰੀਤ ਸਿੰਘ ਨੂੰ ਵਧਾਈ ਦਿੰਦੇ ਹੋਏ ਜੇਤੂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਆਸ ਵੀ ਕੀਤੀ ਹੈ |