ਜਲਾਲਾਬਾਦ, 19 ਨਵੰਬਰ (ਹਰਪ੍ਰੀਤ ਸਿੰਘ ਪਰੂਥੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪੈੱ੍ਰਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ ਨੇ ਅੱਜ ਇੱਥੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਥੇਬੰਦੀ ਦੀ ਸੂਬਾ ਵਰਕਿੰਗ ਕਮੇਟੀ ਦੀ ਈਸੜੂ ਭਵਨ ਲੁਧਿਆਣਾ ਵਿਖੇ ਆਯੋਜਿਤ ਮੀਟਿੰਗ ਵਿਚ ਕਈ ਅਹਿਮ ਏਜੰਡਿਆਂ ਤੇ ਵਿਚਾਰ ਚਰਚਾ ਕਰਨ ਉਪਰੰਤ ਸਰਵ ਸੰਮਤੀ ਨਾਲ ਫ਼ੈਸਲੇ ਲਏ ਗਏ | ਪੰਜਾਬ ਸਰਕਾਰ ਅਤੇ ਵਿਭਾਗੀ ਮੈਨੇਜਮੈਂਟ ਦੇ ਖ਼ਿਲਾਫ਼ ਪੂਰ ਅਮਨ ਢੰਗ ਨਾਲ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕਰਦੇ ਹੋਏ ਐਲਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਵਿਭਾਗੀ ਅਧਿਕਾਰੀਆਂ ਵਲੋਂ ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਦੇ ਆਦੇਸ਼ਾਂ ਤਹਿਤ ਜਸਸ ਵਿਭਾਗ 'ਚ ਫ਼ੀਲਡ ਅਤੇ ਦਫ਼ਤਰਾਂ 'ਚ ਕੰਮ ਕਰਦੇ ਇੰਨਲਿਸਟਮੈਟ/ਆਊਟ ਸੋਰਸ ਵਰਕਰਾਂ ਨੂੰ ਸਿੱਧੇ ਕੰਟਰੈਕਟ ਤੇ ਲੈਣ ਵਾਲੀ ਪਾਲਿਸੀ (ਪ੍ਰਪੋਜਲ) ਵਿੱਤ ਵਿਭਾਗ ਅਤੇ ਪ੍ਰਸੋਨਲ ਵਿਭਾਗ, ਪੰਜਾਬ ਸਰਕਾਰ ਨੂੰ ਭੇਜੀ ਗਈ ਹੈ, ਜਥੇਬੰਦੀ ਵੱਲੋਂ ਇਹ ਪਾਲਿਸੀ ਵਰਕਰ ਵਿਰੋਧੀ ਕਰਾਰ ਦੇ ਕੇ ਮੁੱਢੋਂ ਰੱਦ ਕੀਤਾ ਗਿਆ ਹੈ ਅਤੇ ਇਸ ਪਾਲਿਸੀ ਵਿਚ ਸੋਧਾਂ ਕਰਨ ਦੀ ਮੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫ਼ਾਰਮ ਤੋਂ ਉਲੀਕੇ ਸੰਘਰਸ਼ ਪ੍ਰੋਗਰਾਮ ਨੂੰ ਲਾਗੂ ਕਰਦੇ ਹੋਏ ਜਲ ਸਪਲਾਈ ਵਿਭਾਗ ਦੇ ਕਾਮੇ ਮਿਤੀ 2, 3 ਅਤੇ 4 ਦਸੰਬਰ 2025 ਨੂੰ ਆਪਣੇ ਕੰਮਾਂ ਨੂੰ ਮੁਕੰਮਲ ਬੰਦ ਕਰਕੇ ਵਿਭਾਗੀ ਦਫ਼ਤਰਾਂ ਅੱਗੇ ਲਗਾਤਾਰ ਦਿਨ-ਰਾਤ ਦੇ ਸਾਰੇ ਪੰਜਾਬ ਵਿਚ ਸਰਕਲ, ਡਵੀਜ਼ਨ ਅਤੇ ਸਬ ਡਵੀਜ਼ਨ ਪੱਧਰੀ ਧਰਨੇ ਦੇਣਗੇ | 4 ਦਸੰਬਰ ਨੂੰ ਸਾਰੇ ਪੰਜਾਬ ਵਿਚ ਜਲ ਸਪਲਾਈ ਕਾਮੇ ਪਰਿਵਾਰਾਂ ਅਤੇ ਬੱਚਿਆ ਸਮੇਤ ਸ਼ਾਮਿਲ ਹੋਣਗੇ ਅਤੇ ਸ਼ਹਿਰਾਂ ਵਿਚ ਰੋਸ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਰਾਹੀ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ | ਹੱਕੀ ਤੇ ਜਾਇਜ਼ ਮੰਗਾਂ ਦਾ ਹੱਲ ਕਰਵਾਉਣ ਤੱਕ ਜਥੇਬੰਦੀ ਵੱਲੋਂ ਪੁਰਅਮਨ ਢੰਗ ਨਾਲ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਸ ਮੀਟਿੰਗ ਵਿਚ ਉਪਰੋਕਤ ਆਗੂਆਂ ਤੋਂ ਇਲਾਵਾ ਸੂਬਾ, ਜ਼ਿਲ੍ਹਾ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਸਰਗਰਮ ਆਗੂ ਮੌਜੂਦ ਸਨ |