ਫ਼ਾਜ਼ਿਲਕਾ, 7 ਨਵੰਬਰ(ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਹਰ ਸ਼ੁੱਕਰਵਾਰ, ਡੇਂਗੂ 'ਤੇ ਵਾਰ ਮੁਹਿੰਮ ਅਧੀਨ ਡਾ. ਰੋਹਿਤ ਗੋਇਲ ਸਿਵਲ ਸਰਜਨ ਅਤੇ ਡਾ. ਅਰਪਿਤ ਗੁਪਤਾ ਦੀ ਅਗਵਾਈ ਵਿਚ ਫ਼ਾਜ਼ਿਲਕਾ ਦੇ ਅਰਬਨ ਏਰੀਏ ਅਤੇ ਰੂਰਲ ਏਰੀਏ ਵਿਚ ਡੇਂਗੂ ਵਿਰੁੱਧ ਮੁਹਿੰਮ ਚਲਾਈ ਗਈ | ਡਾ ਰੋਹਿਤ ਗੋਇਲ ਅਤੇ ਡਾ ਸੁਨੀਤਾ ਕੰਬੋਜ ਜ਼ਿਲ੍ਹਾ ਐਪੀਡਮੈਲੋਜਿਸਟ ਵਲੋਂ ਖ਼ੁਦ ਟੀਮਾਂ ਦੀ ਅਗਵਾਈ ਕਰਕੇ ਘਰ-ਘਰ ਜਾ ਕੇ ਡੇਂਗੂ ਗਤੀਵਿਧੀਆਂ ਕੀਤੀਆਂ, ਜਾਗਰੂਕ ਕੀਤਾ ਅਤੇ ਲੋਕਾਂ ਦਾ ਹਾਲ ਚਾਲ ਪੁੱਛਿਆ | ਡਾ. ਰੋਹਿਤ ਗੋਇਲ ਨੇ ਦੱਸਿਆ ਕਿ ਅਰਬਨ ਏਰੀਏ ਵਿਚ 16 ਟੀਮਾਂ ਵਲੋਂ ਹੋਟ ਸਪਾਟ ਅਤੇ ਹੋਰ ਖੇਤਰਾਂ ਵਿਚ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ | ਇਸ ਸਮੇਂ ਲਾਰਵਾ ਲੱਭ ਨੇ ਨਸ਼ਟ ਕਰਵਾਇਆ ਗਿਆ, ਸਪਰੇਅ ਅਤੇ ਫੋਗਿੰਗ ਕਰਵਾਈ ਗਈ | ਡਾ ਸੁਨੀਤਾ ਨੇ ਦੱਸਿਆ ਕਿ ਡੇਂਗੂ ਦੂਸ਼ਿਤ ਏਡਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ | ਇਹ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਜ਼ਿਆਦਾਤਰ ਦਿਨ ਵੇਲੇ ਹੀ ਕੱਟਦਾ ਹੈ | ਇਸ ਲਈ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਨੂੰ ਨਸ਼ਟ ਕਰਨਾ ਚਾਹੀਦਾ ਹੈ | ਵਿਨੋਦ ਖੁਰਾਨਾ, ਮਨਬੀਰ ਸਿੰਘ ਅਤੇ ਵਿਕੀ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਨੂੰ ਤੇਜ਼ ਬੁਖ਼ਾਰ, ਮਾਸ ਪੇਸ਼ੀਆਂ ਵਿਚ ਦਰਦ, ਅੱਖਾਂ ਪਿੱਛੇ ਦਰਦ, ਸਿਰ ਦਰਦ, ਚਮੜੀ ਤੇ ਦਾਣੇ ਅਤੇ ਮਸੂੜਿ੍ਹਆਂ ਅਤੇ ਨੱਕ ਵਿਚੋਂ ਖ਼ੂਨ ਆਵੇ ਤਾਂ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਚ ਜਾ ਕੇ ਟੈੱਸਟ ਅਤੇ ਇਲਾਜ ਕਰਵਾਓ | ਡੇਂਗੂ ਦਾ ਟੈੱਸਟ ਅਤੇ ਇਲਾਜ ਸਿਹਤ ਵਿਭਾਗ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ |